ਕਤਲ ਹੋਏ ਨੌਜਵਾਨ ਦੇ ਮਾਪਿਆਂ ਨੇ ਅੰਤਮ ਸਸਕਾਰ ਕਰਨ ਤੋਂ ਕੀਤਾ ਸਾਫ਼ ਇਨਕਾਰ
ਕਿਹਾ, ਦੋਸ਼ੀਆਂ ਦੀ ਗ੍ਰਿਫ਼ਤਾਰੀ ਤਕ ਨਹੀਂ ਕੀਤਾ ਜਾਵੇਗਾ ਅੰਤਮ ਸਸਕਾਰ
ਕੋਟਕਪੂਰਾ, 9 ਮਈ (ਗੁਰਿੰਦਰ ਸਿੰਘ): ਨੇੜਲੇ ਪਿੰਡ ਢੁੱਡੀ ਵਿਖੇ ਕਤਲ ਕੀਤੇ ਗਏ ਨੌਜਵਾਨ ਦੇ ਮਾਪਿਆਂ ਅਤੇ ਰਿਸ਼ਤੇਦਾਰਾਂ ਨੇ ਉਸ ਦੀ ਲਾਸ਼ ਦਾ ਸਸਕਾਰ ਕਰਨ ਤੋਂ ਇਨਕਾਰ ਕਰਦਿਆਂ ਆਖਿਆ ਹੈ ਕਿ ਪਹਿਲਾਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ, ਫਿਰ ਮ੍ਰਿਤਕ ਦਾ ਸਸਕਾਰ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਸਦਰ ਥਾਣਾ ਫ਼ਰੀਦਕੋਟ ਦੀ ਪੁਲਿਸ ਨੇ ਨੇੜਲੇ ਪਿੰਡ ਢੁੱਡੀ ਦੀ ਵਸਨੀਕ ਪਰਮਜੀਤ ਕੌਰ ਪਤਨੀ ਛਿੰਦਾ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਉਸ ਦੇ 26 ਸਾਲਾ ਨੌਜਵਾਨ ਪੁੱਤਰ ਸੁਖਦੇਵ ਸਿੰਘ ਖੁਸ਼ੀ ਦੇ ਕਤਲ ਦੇ ਦੋਸ਼ 'ਚ ਉਨ੍ਹਾਂ ਦੇ ਗੁਆਂਢੀਆਂ ਬੰਤ ਸਿੰਘ, ਗੁਰਜੰਟ ਸਿੰਘ ਜੰਟਾ, ਨਿਰਮਲ ਸਿੰਘ, ਜਗਜੀਤ ਸਿੰਘ, ਬਲਜੀਤ ਸਿੰਘ ਬਿੱਲਾ ਅਤੇ ਜੱਸਾ ਸਿੰਘ ਵਿਰੁਧ ਆਈ.ਪੀ.ਸੀ. ਦੀ ਧਾਰਾ 302/148/149 ਤਹਿਤ ਮਾਮਲਾ ਦਰਜ ਕੀਤਾ ਸੀ।
ਮ੍ਰਿਤਕ ਦੀ ਮਾਤਾ ਨੇ ਦੋਸ਼ ਲਾਇਆ ਸੀ ਕਿ ਉਨ੍ਹਾਂ ਦਾ ਗੁਆਂਢੀਆਂ ਨਾਲ ਮਾਮੂਲੀ ਗੱਲ ਨੂੰ ਲੈ ਕੇ ਵਿਵਾਦ ਚਲਦਾ ਆ ਰਿਹਾ ਹੈ। ਉਕਤ ਵਿਵਾਦ ਦੇ ਚਲਦਿਆਂ ਬੀਤੀ ਦੇਰ ਰਾਤ ਕਰੀਬ 9 ਵਜੇ ਪੰਜ ਹਮਲਾਵਰਾਂ ਨੇ ਉਸ ਦੇ ਪੁੱਤਰ ਨੂੰ ਜਾਨੋ ਮਾਰ ਦਿਤਾ ਅਤੇ ਮੌਕੇ ਤੋਂ ਫ਼ਰਾਰ ਹੋ ਗਏ। ਤਫ਼ਤੀਸ਼ੀ ਅਫ਼ਸਰ ਐਸ.ਐਚ.ਓ. ਜੋਗਿੰਦਰ ਸਿੰਘ ਦਸਿਆ ਕਿ ਸ਼ਿਕਾਇਤਕਰਤਾ ਦੇ ਬਿਆਨਾਂ ਦੇ ਆਧਾਰ 'ਤੇ ਉਕਤਾਨ ਵਿਰੁਧ ਮਾਮਲਾ ਦਰਜ ਕਰ ਕੇ ਜਗਜੀਤ ਸਿੰਘ ਜੱਗੀ ਨੂੰ ਕਾਬੂ ਕਰ ਲਿਆ ਹੈ। ਉਨ੍ਹਾਂ ਮੰਨਿਆ ਕਿ ਮ੍ਰਿਤਕ ਦੇ ਵਾਰਸਾਂ ਨੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਤਕ ਅੰਤਮ ਸਸਕਾਰ ਕਰਨ ਤੋਂ ਮਨਾ ਕੀਤਾ ਹੈ ਪਰ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਪੁਲਿਸ ਵਲੋਂ ਯਤਨ ਜਾਰੀ ਹਨ।