'ਸ਼੍ਰਮਿਕ ਸਪੈਸ਼ਲ ਟ੍ਰੇਨਾਂ' ਨੇ ਪੰਜਾਬ ਤੇ ਹਰਿਆਣਾ ਪ੍ਰਵਾਸੀ ਕਾਮਿਆਂ ਨੂੰ ਘਰ ਪਰਤਣ 'ਚ ਕੀਤੀ ਮਦਦ
ਹਜ਼ਾਰਾਂ ਪ੍ਰਵਾਸੀ ਕਾਮੇ ਹੁਣ ਅਪਣੇ ਘਰਾਂ ਨੂੰ ਪਰਤ ਸਕਣਗੇ ਕਿਉਂਕਿ ਉਨ੍ਹਾਂ ਨੂੰ 'ਸ਼੍ਰਮਿਕ ਸਪੈਸ਼ਲ ਟ੍ਰੇਨਾਂ' ਰਾਹੀਂ ਪੰਜਾਬ ਤੇ ਹਰਿਆਣਾ ਰਾਜਾਂ ਤੋਂ ਵਾਪਸ
ਚੰਡੀਗੜ੍ਹ, 9 ਮਈ (ਸਪਕੋਸਮੈਨ ਸਮਾਚਾਰ ਸੇਵਾ) : ਹਜ਼ਾਰਾਂ ਪ੍ਰਵਾਸੀ ਕਾਮੇ ਹੁਣ ਅਪਣੇ ਘਰਾਂ ਨੂੰ ਪਰਤ ਸਕਣਗੇ ਕਿਉਂਕਿ ਉਨ੍ਹਾਂ ਨੂੰ 'ਸ਼੍ਰਮਿਕ ਸਪੈਸ਼ਲ ਟ੍ਰੇਨਾਂ' ਰਾਹੀਂ ਪੰਜਾਬ ਤੇ ਹਰਿਆਣਾ ਰਾਜਾਂ ਤੋਂ ਵਾਪਸ ਭੇਜਿਆ ਜਾ ਰਿਹਾ ਹੈ। ਸਟਾਫ਼ ਤੇ ਅਧਿਕਾਰੀ ਇਨ੍ਹਾਂ ਫਸੇ ਕਾਮਿਆਂ ਦੀ ਮਦਦ ਕਰ ਕੇ ਖੁਸ਼ ਹਨ ਅਤੇ ਉਹ ਹਰੇਕ ਯਾਤਰੀ ਦੀ ਥਰਮਲ ਸਕੈਨਿੰਗ ਤੇ ਉਨ੍ਹਾਂ ਵਿਚਾਲੇ ਸਮਾਜਿਕ-ਦੂਰੀ ਨੂੰ ਯਕੀਨੀ ਬਣਾ ਰਹੇ ਹਨ।
ਭਿਵਾਨੀ ਸਟੇਸ਼ਨ 'ਤੇ ਟ੍ਰੇਨ ਰਾਹੀਂ ਵਾਪਸ ਜਾਣ ਲਈ ਤਾਂਘਦੇ ਇਨ੍ਹਾਂ ਯਾਤਰੀਆਂ ਵਿਚ ਅਨੁਸ਼ਾਸਨ ਦੀ ਭਾਵਨਾ ਸਹਿਜੇ ਹੀ ਦੇਖੀ ਜਾ ਸਕਦੀ ਹੈ, ਜਿਥੇ ਯਾਤਰੀ ਮਾਸਕ ਪਹਿਨ ਕੇ ਬਹੁਤ ਸਹਿਣਸ਼ੀਲਤਾ ਨਾਲ ਕਟਿਹਾਰ ਜਾਣ ਵਾਲੀ ਟ੍ਰੇਨ ਉੱਤੇ ਚੜ੍ਹਨ ਦੀ ਉਡੀਕ ਕਰ ਕਰ ਰਹੇ ਹਨ ਤੇ ਉਨ੍ਹਾਂ ਨੇ ਇੱਕ-ਦੂਜੇ ਤੋਂ ਉਚਿਤ ਦੂਰੀ ਵੀ ਬਣਾ ਕੇ ਰੱਖੀ ਹੋਈ ਹੈ। ਆਪੋ-ਅਪਣੇ ਜੱਦੀ ਸਥਾਨਾਂ ਵੱਲ ਜਾਂਦੇ ਸਮੇਂ ਇਹ ਯਾਤਰੀ ਬਹੁਤ ਖੁਸ਼ੀ ਤੇ ਰਾਹਤ ਮਹਿਸੂਸ ਕਰ ਰਹੇ ਹਨ।
ਫ਼ਿਰੋਜ਼ਪੁਰ ਰੇਲਵੇ ਡਿਵੀਜ਼ਨ 7 ਮਈ, 2020 ਤਕ ਜਲੰਧਰ, ਲੁਧਿਆਣਾ ਤੇ ਅੰਮ੍ਰਿਤਸਰ ਤੋਂ 16 ਟ੍ਰੇਨਾਂ ਰਾਹੀਂ 17,938 ਪ੍ਰਵਾਸੀਆਂ ਨੂੰ ਉੱਤਰ ਪ੍ਰਦੇਸ਼, ਬਿਹਾਰ ਤੇ ਝਾਰਖੰਡ ਸਥਿਤ ਉਨ੍ਹਾਂ ਦੇ ਜੱਦੀ ਸਥਾਨਾਂ ਤੱਕ ਪਹੁੰਚਾ ਚੁੱਕਿਆ ਹੈ। ਭਾਰਤੀ ਰੇਲਵੇ ਵਲੋਂ ਇਹ ਟ੍ਰੇਨਾਂ 1 ਮਈ ਤੋਂ ਚਲਾਈਆਂ ਜਾ ਰਹੀਆਂ ਹਨ ਅਤੇ ਇਨ੍ਹਾਂ ਨਾਲ ਲਾਕਡਾਊਨ ਕਰ ਕੇ ਵੱਖੋ-ਵੱਖਰੇ ਸਥਾਨਾਂ ਉੱਤੇ ਫਸੇ ਪ੍ਰਵਾਸੀ ਕਾਮਿਆਂ, ਤੀਰਥ ਯਾਤਰੀਆਂ, ਸੈਲਾਨੀਆਂ, ਵਿਦਿਆਰਥੀਆਂ ਤੇ ਹੋਰ ਵਿਅਕਤੀਆਂ ਨੂੰ ਆਉਣ-ਜਾਣ ਵਿਚ ਮਦਦ ਮਿਲ ਰਹੀ ਹੈ।
'ਸ਼੍ਰਮਿਕ ਸਪੈਸ਼ਲ ਟ੍ਰੇਨਾਂ' ਨੂੰ ਦੋਵੇਂ ਸਬੰਧਿਤ ਰਾਜ ਸਰਕਾਰਾਂ ਦੀ ਬੇਨਤੀ ਉੱਤੇ ਇਕ ਤੋਂ ਦੂਜੇ ਸਥਾਨਾਂ ਤੱਕ ਅਜਿਹੇ ਫਸੇ ਵਿਅਕਤੀਆਂ ਨੂੰ ਲਿਆਉਣ ਤੇ ਲਿਜਾਣ ਲਈ ਤੈਅ ਮਾਪਦੰਡਾਂ ਅਤੇ ਪ੍ਰੋਟੋਕੋਲਸ ਅਨੁਸਾਰ ਹੀ ਚਲਾਇਆ ਜਾ ਰਿਹਾ ਹੈ। ਫਸੇ ਯਾਤਰੀਆਂ ਦੀ ਆਵਾਜਾਈ ਦੇ ਸਬੰਧ ਵਿਚ ਗ੍ਰਹਿ ਮੰਤਰਾਲੇ ਦੇ ਹੁਕਮਾਂ ਦੀ ਪਾਲਣਾ ਅਨੁਸਾਰ ਰੇਲਵੇ ਤੇ ਇਸ ਖੇਤਰ ਦੀਆਂ ਰਾਜ ਸਰਕਾਰਾਂ ਨੇ ਇਨ੍ਹਾਂ ਟ੍ਰੇਨਾਂ ਨੂੰ ਸੁਖਾਵੇਂ ਤਰੀਕੇ ਚਲਾਉਣ ਅਤੇ ਤਾਲਮੇਲ ਕਾਇਮ ਰੱਖਣ ਲਈ ਨੋਡਲ ਅਧਿਕਾਰੀ ਨਿਯੁਕਤ ਕੀਤੇ ਹਨ।