ਸੁਮੇਧ ਸੈਣੀ ਦੀ ਅਗਾਊਂ ਜ਼ਮਾਨਤ ਬਾਰੇ ਫ਼ੈਸਲਾ ਸੋਮਵਾਰ ਨੂੰ
1991 ਵਿਚ ਸਾਬਕਾ ਆਈ.ਏ.ਐਸ. ਅਧਿਕਾਰੀ ਡੀ.ਐਸ. ਮੁਲਤਾਨੀ ਦੇ ਲੜਕੇ ਬਲਵੰਤ ਸਿੰਘ ਮੁਲਤਾਨੀ ਨੂੰ ਅਗ਼ਵਾ ਕਰਨ ਦੇ ਮਾਮਲੇ ਵਿਚ ਨਾਮਜ਼ਦ ਸਾਬਕਾ ਡੀ.ਜੀ.ਪੀ.
ਐਸ. ਏ. ਐਸ ਨਗਰ, 9 ਮਈ (ਸੁਖਦੀਪ ਸਿੰਘ ਸੋਈਂ) : 1991 ਵਿਚ ਸਾਬਕਾ ਆਈ.ਏ.ਐਸ. ਅਧਿਕਾਰੀ ਡੀ.ਐਸ. ਮੁਲਤਾਨੀ ਦੇ ਲੜਕੇ ਬਲਵੰਤ ਸਿੰਘ ਮੁਲਤਾਨੀ ਨੂੰ ਅਗ਼ਵਾ ਕਰਨ ਦੇ ਮਾਮਲੇ ਵਿਚ ਨਾਮਜ਼ਦ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਵਲੋਂ ਮੁਹਾਲੀ ਦੇ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਦੀ ਅਦਾਲਤ ਵਿਚ ਅਗਾਊਂ ਜ਼ਮਾਨਤ ਦੀ ਦਾਇਰ ਅਰਜ਼ੀ 'ਤੇ ਅੱਜ ਬਹਿਸ ਹੋਈ। ਅਦਾਲਤ ਇਸ ਸਬੰਧੀ ਅਪਣਾ ਫ਼ੈਸਲਾ ਸੋਮਵਾਰ ਨੂੰ ਸੁਣਾਏਗੀ।
ਪੁਲਿਸ ਵਲੋਂ ਅਦਾਲਤ ਵਿਚ ਸੁਮੇਧ ਸੈਣੀ ਵਿਰੁਧ ਦਰਜ ਹੋਏ ਮਾਮਲੇ ਦਾ ਰਿਕਾਰਡ ਪੇਸ਼ ਕੀਤਾ ਗਿਆ। ਅਦਾਲਤ ਵਿਚ ਸੁਮੇਧ ਸੈਣੀ ਵਲੋਂ ਐਡਵੋਕੇਟ ਏ.ਪੀ.ਐਸ ਦਿਉਲ ਅਤੇ ਐਚ.ਐਸ ਧਨੋਆ ਪੇਸ਼ ਹੋਏ। ਜਦਕਿ ਮੁਲਤਾਨੀ ਪਰਵਾਰ ਵਲੋਂ ਐਡਵੋਕੇਟ ਪਰਦੀਪ ਵਿਰਕ ਪੇਸ਼ ਹੋਏ। ਉਸ ਤੋਂ ਬਾਅਦ ਮਾਨਯੋਗ ਅਦਾਲਤ ਵਿਚ ਦੋਵੇਂ ਧਿਰਾਂ ਦੀ ਬਹਿਸ ਹੋਈ। ਬਹਿਸ ਉਪਰੰਤ ਮਾਨਯੋਗ ਅਦਾਲਤ ਨੇ ਅਗਲੇਰੀ ਕਾਰਵਾਈ ਦੀ ਸੁਣਵਾਈ ਲਈ ਸੋਮਵਾਰ 11 ਮਈ 'ਤੇ ਪਾ ਦਿਤੀ।
ਜ਼ਿਕਰਯੋਗ ਹੈ ਕਿ 29 ਸਾਲ ਪੁਰਾਣੇ ਮਾਮਲੇ ਸਬੰਧੀ 6 ਮਈ ਨੂੰ ਮੁਹਾਲੀ ਦੇ ਥਾਣਾ ਮਟੌਰ ਵਿਖੇ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ। ਸੁਮੇਧ ਸੈਣੀ ਉਸ ਸਮੇਂ ਚੰਡੀਗੜ੍ਹ ਦੇ ਐਸ.ਐਸ.ਪੀ ਸਨ। ਇਹ ਇਲਜ਼ਾਮ ਲਗਾਇਆ ਜਾਂਦਾ ਹੈ ਕਿ ਉਸ ਦੇ ਦਿਸ਼ਾ-ਨਿਰਦੇਸ਼ਾਂ 'ਤੇ ਚੰਡੀਗੜ੍ਹ ਪੁਲਿਸ ਨੇ ਇਕ ਵਿਅਕਤੀ ਨੂੰ ਅਗ਼ਵਾ ਕਰ ਕੇ ਉਸ ਨੂੰ ਮਾਰ ਦਿਤਾ। ਕਰੀਬ 29 ਸਾਲ ਪੁਰਾਣੇ ਇਸ ਕੇਸ ਵਿਚ ਪੰਜਾਬ ਪੁਲਿਸ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਵਿਰੁਧ ਬਲਵੰਤ ਸਿੰਘ ਮੁਲਤਾਨੀ ਨੂੰ ਲਾਪਤਾ ਕਰਨ ਦਾ ਦੋਸ਼ ਹੈ। ਸੈਣੀ ਤੋਂ ਇਲਾਵਾ ਐਫ ਆਈ ਆਰ ਵਿਚ ਕੁੱਝ ਹੋਰ ਲੋਕਾਂ ਦੇ ਨਾਮ ਵੀ ਸ਼ਾਮਲ ਹਨ।