ਪੰਜਾਬ ਪੁਲਿਸ ਇੰਟੈਲੀਜੈਂਸ ਹੈੱਡ ਕੁਆਰਟਰ 'ਚ ਧਮਾਕਾ
ਪੰਜਾਬ ਪੁਲਿਸ ਇੰਟੈਲੀਜੈਂਸ ਹੈੱਡ ਕੁਆਰਟਰ 'ਚ ਧਮਾਕਾ
ਆਖ਼ਰ ਇਹ ਦਹਿਸ਼ਤਗਰਦੀ ਕਰਦਾ ਕੌਣ ਹੈ? ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼
ਐਸ.ਏ.ਐਸ. ਨਗਰ, 9 ਮਈ (ਸੁਖਦੀਪ ਸਿੰਘ ਸੋਈ): ਅੱਜ ਰਾਤ ਮੋਹਾਲੀ ਵਿਖੇ ਸਥਿਤ ਸਟੇਟ ਪੁਲਿਸ ਇੰਟੈਲੀਜੈਂਸ ਦਫ਼ਤਰ ਵਿਚ ਧਮਾਕਾ ਹੋਇਆ ਹੈ | ਮੁਢਲੀ ਜਾਣਕਾਰੀ ਮੁਤਾਬਕ ਗਰਨੇਡ ਹਮਲਾ ਕੀਤਾ ਗਿਆ ਹੈ | ਤੀਜੀ ਮੰਜ਼ਲ ਉਪਰ ਗਰਨੇਡ ਸੁਟਿਆ ਗਿਆ, ਜਿਸ ਨਾਲ ਬਿਲਡਿੰਗਜ਼ ਦੇ ਸ਼ੀਸ਼ੇ ਟੁੱਟੇ ਹਨ | ਗਰਨੇਡ ਸੁੱਟਣ ਲਈ ਰਾਕੇਟ ਲਾਂਚਰ ਦੇ ਇਸਤੇਮਾਲ ਦੀ ਸ਼ੰਕਾ ਪ੍ਰਗਟ ਕੀਤੀ ਗਈ |
'ਬੰਬ' ਜਾਂ ਧਮਾਕਾ ਸਮਗਰੀ ਦਫ਼ਤਰ ਵਿਚ ਮੇਜ਼ ਉਤੇ ਜਾ ਡਿੱਗਾ | ਪੁਲਿਸ ਨੇ 11 ਵਜੇ ਤੋਂ ਬਾਅਦ ਬਿਆਨ ਜਾਰੀ ਕਰ ਕੇ ਦਸਿਆ ਕਿ ਘਟਨਾ, ਸ਼ਾਮ 7 ਵੱਜ ਕੇ 45 ਮਿੰਟ ਤੇ ਵਾਪਰੀ ਪਰ ਕੋਈ ਵੱਡਾ ਨੁਕਸਾਨ ਨਹੀਂ ਹੋਇਆ | ਮੌਕੇ ਉਪਰ ਘੇਰਾਬੰਦੀ ਕਰ ਕੇ ਵੱਡੀ ਗਿਣਤੀ ਵਿਚ ਫ਼ੋਰਸ ਤਾਇਨਾਤ ਕਰ ਦਿਤੀ ਗਈ ਹੈ | ਸਾਰੇ ਆਸ-ਪਾਸ ਦੇ ਖੇਤਰ ਨੂੰ ਸੀਲ ਕਰ ਦਿਤਾ ਗਿਆ ਹੈ | ਮੀਡੀਆ ਨੂੰ ਵੀ ਅੱਗੇ ਨਹੀਂ ਜਾਣ ਦਿਤਾ ਜਾ ਰਿਹਾ | ਆਈ.ਜੀ. ਅਤੇ ਐਸ.ਐਸ.ਪੀ. ਸਣੇ ਹੋਰ ਪੁਲਿਸ ਅਧਿਕਾਰੀ ਅਤੇ ਬੰਬ ਵਿਰੋਧੀ ਦਸਤਾ ਵੀ ਮੌਕੇ ਉਪਰ ਪਹੁੰਚ ਗਏ ਹਨ | ਪੰਜਾਬ ਪੁਲਿਸ ਦੇ ਅਧਿਕਾਰੀਆਂ ਤੋਂ ਇਲਾਵਾ ਚੰਡੀਗੜ੍ਹ ਦੇ ਐਸ.ਐਸ.ਪੀ. ਵੀ ਮੌਕੇ 'ਤੇ ਪਹੁੰਚ ਗਏ ਹਨ |