ਨਾਜਾਇਜ਼ ਉਸਾਰੀਆਂ ਢਾਉਣ ਗਏ ਬੁਲਡੋਜ਼ਰ ਵਿਰੋਧ ਤੋਂ ਬਾਅਦ ਵਾਪਸ ਪਰਤੇ
ਨਾਜਾਇਜ਼ ਉਸਾਰੀਆਂ ਢਾਉਣ ਗਏ ਬੁਲਡੋਜ਼ਰ ਵਿਰੋਧ ਤੋਂ ਬਾਅਦ ਵਾਪਸ ਪਰਤੇ
ਕੁੱਝ ਔਰਤਾਂ ਬੁਲਡੋਜ਼ਰ ਸਾਹਮਣੇ ਖੜੀਆਂ ਹੋ ਗਈਆਂ
ਨਵੀਂ ਦਿੱਲੀ, 9 ਮਈ : ਨਾਜਾਇਜ਼ ਉਸਾਰੀਆਂ ਨੂੰ ਢਾਉਣ ਲਈ ਚਲਾਈ ਮੁਹਿੰਮ ਨੂੰ ਅੰਜਾਮ ਦੇਣ ਲਈ ਦਖਣੀ ਦਿੱਲੀ ਨਗਰ ਨਿਗਮ (ਐਸਡੀਐਮਸੀ) ਦੇ ਅਧਿਕਾਰੀਆਂ ਦੇ ਬੁਲਡੋਜ਼ਰ ਨਾਲ ਸੋਮਵਾਰ ਨੂੰ ਨਗਰ ਦੇ ਸ਼ਾਹੀਨ ਬਾਗ਼ ਪਹੁੰਚਦੇ ਹੀ ਔਰਤਾਂ ਸਮੇਤ ਸੈਂਕੜੇ ਸਥਾਨਕ ਲੋਕਾਂ ਨੇ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿਤਾ। ਇਕ ਅਧਿਕਾਰੀ ਨੇ ਦਸਿਆ ਕਿ ਪ੍ਰਦਰਸ਼ਨ ਦੇ ਬਾਅਦ ਐਸਡੀਐਮਸੀ ਦੇ ਅਧਿਕਾਰੀ ਬਿਨਾਂ ਕੋਈ ਕਾਰਵਾਈ ਕੀਤੇ ਬੁਲਡੋਜ਼ਰ ਨਾਲ ਵਾਪਸ ਪਰਤ ਗਏ। ਪ੍ਰਦਰਸ਼ਨਕਾਰੀਆਂ ਨੇ ਭਾਰਤੀ ਜਨਤਾ ਪਾਰਟੀ ਸ਼ਾਸਤ ਐਸਡੀਐਮਸੀ ਅਤੇ ਕੇਂਦਰ ਸਰਕਾਰ ਵਿਰੁਧ ਨਾਹਰੇਬਾਜ਼ੀ ਕੀਤੀ ਅਤੇ ਕਾਰਵਾਈ ਰੋਕਣ ਦੀ ਮੰਗ ਕੀਤੀ। ਕੁੱਝ ਔਰਤਾਂ ਬੁਲਡੋਜ਼ਰ ਸਾਹਮਣੇ ਖੜ ਗਈਆਂ। ਇਸ ਤੋਂ ਪਹਿਲਾਂ ਸਵੇਰੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਆਗੂ ਵੀ ਮੌਕੇ ’ਤੇ ਪਹੁੰਚ ਅਤੇ ਕਾਰਵਾਈ ਵਿਰੁਧ ਧਰਨਾ ਦਿਤਾ। ਵਿਰੋਧ ਪ੍ਰਦਰਸ਼ਨ ਕਾਰਨ ਸ਼ਾਹੀਨ ਬਾਗ਼, ਕਾÇਲੰਦੀ ਕੁੰਜ, ਜੈਤਪੁਰ, ਸਰਿਤਾ ਵਿਹਾਰ ਅਤੇ ਮਥੁਰਾ ਰੋਡ ਸਮੇਤ ਹੋਰ ਕਈ ਖੇਤਰਾਂ ’ਚ ਭਾਰੀ ਜਾਮ ਲੱਗ ਗਿਆ।
ਐਸਡੀਐਮਸੀ ਦੇ ਮੱਧ ਜੋਨ ਦੇ ਪ੍ਰਧਾਨ ਰਾਜਪਾਲ ਸਿੰਘ ਨੇ ਦਸਿਆ ਕਿ ਪ੍ਰਦਰਸ਼ਨ ਕਾਰਨ ਗ਼ੈਰ ਕਾਨੂੰਨੀ ਉਸਾਰੀਆਂ ਨੂੰ ਨਹੀਂ ਹਟਾਇਆ ਜਾ ਸਕਿਆ। ਸਿੰਘ ਨੇ ਕਿਹਾ ਕਿ ਕਬਜਾ ਹਟਾਉਣਾ ਉਨ੍ਹਾਂ ਦੀ ਡਿਊਟੀ ਹੈ, ਜਿਸ ਨੂੰ ਉਹ ਨਿਭਾ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਪ੍ਰਦਰਸ਼ਨ ਰਾਜਨੀਤੀ ਤੋਂ ਪ੍ਰੇਰਿਤ ਹੈ। ਇਲਾਕੇ ’ਚ ਮੁਹਿੰਮ ਦੌਰਾਨ ਐਸਡੀਐਮਸੀ ਅਧਿਕਾਰੀਆਂ ਨੂੰ ਸੁਰੱਖਿਆ ਦੇਣ ਲਈ ਸੀਨੀਅਰ ਪੁਲਿਸ ਅਧਿਕਾਰੀ ਵੀ ਜਵਾਨਾਂ ਨਾਲ ਮੌਕੇ ’ਤੇ ਮੌਜੂਦ ਸਨ।
ਪੁਲਿਸ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ, ‘‘ਕਬਜਾ ਹਟਾਉ ਮੁਹਿੰਮ ਦੌਰਾਨ ਉਥੇ ਪੁਲਿਸ ਬਲ ਤੈਨਾਤ ਕੀਤਾ ਗਿਆ ਹੈ। ਅਜਿਹਾ ਇਸ ਲਈ ਕੀਤਾ ਗਿਆ ਹੈ, ਤਾਕਿ ਯਕੀਨੀ ਕੀਤਾ ਜਾ ਸਕਦੇ ਕਿ ਸਬੰਧਤ ਨਗਰ ਨਿਗਮ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਅਤੇ ਪੂਰੀ ਸੁਰੱਖਿਆ ਨਾਲ ਅਪਣਾ ਕੰਮ ਕਰ ਸਕੇ। ਅਧਿਕਾਰੀਆਂ ਨੇ ਕਿਹਾ ਕਿ ਸਥਿਤੀ ਨਾਲ ਨਜਿੱਠਣ ਲਈ ਨੀਮ ਫ਼ੌਜੀ ਬਲਾਂ ਨੂੰ ਵੀ ਤੈਨਾਤ ਕੀਤਾ ਗਿਆ ਸੀ।
ਸ਼ਾਹੀਨ ਬਾਗ ’ਚ ਕਬਜਾ ਵਿਰੋਧੀ ਮੁਹਿੰਮ ਦਾ ਵਿਰੋਧ ਕਰ ਰਹੇ ਕਾਂਗਰਸ ਦੀ ਦਿੱਲੀ ਇਕਾਈ ਦੇ ਮੀਡੀਆ ਸੈੱਲ ਦੇ ਮੀਤ ਪ੍ਰਧਾਨ ਪਰਵੇਜ ਆਲਮ ਸਮੇਤ ਪਾਰਟੀ ਦੇ ਕਈ ਨੇਤਾਵਾਂ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਹੈ। ਭਾਜਪਾ ਦੀ ਦਿੱਲੀ ਇਕਾਈ ਦੇ ਮੁਖੀ ਆਦੇਸ਼ ਗੁਪਤਾ ਨੇ ‘ਸ਼ਾਹੀਨ ਬਾਗ਼ ਵਿਖੇ ਕਬਜੇ ਵਿਰੋਧੀ ਮੁਹਿੰਮ ਦਾ ਵਿਰੋਧ ਕਰਨ ਲਈ ‘ਆਪ’ ਅਤੇ ਕਾਂਗਰਸ ਦੀ ਆਲੋਚਨਾ ਕੀਤੀ। (ਏਜੰਸੀ)