ਉਦਯੋਗਾਂ ਨੂੰ ਉਤਸ਼ਾਹਤ ਕਰ ਕੇ ਪੰਜਾਬ ਦੀ ਡਾਵਾਂਡੋਲ ਆਰਥਕਤਾ ਨੂੰ ਮੁੜ ਲੀਹ 'ਤੇ ਪਾਵਾਂਗੇ : ਹਰਪਾਲ ਚੀਮਾ
ਉਦਯੋਗਾਂ ਨੂੰ ਉਤਸ਼ਾਹਤ ਕਰ ਕੇ ਪੰਜਾਬ ਦੀ ਡਾਵਾਂਡੋਲ ਆਰਥਕਤਾ ਨੂੰ ਮੁੜ ਲੀਹ 'ਤੇ ਪਾਵਾਂਗੇ : ਹਰਪਾਲ ਚੀਮਾ
ਜਨਤਾ ਬਜਟ ਲਈ ਉਦਯੋਗਪਤੀਆਂ ਨਾਲ ਅਹਿਮ ਵਿਚਾਰਾਂ
ਜਲੰਧਰ, 9 ਮਈ (ਪਰਮਜੀਤ ਸਿੱਧੂ): ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਅੱਜ ਇਥੇ ਕਿਹਾ ਕਿ ਉਦਯੋਗ ਅਤੇ ਵਪਾਰ ਨੂੰ ਉਤਸ਼ਾਹਤ ਕੀਤੇ ਬਿਨਾਂ ਸੂਬੇ ਦੀ ਤਰੱਕੀ ਸੰਭਵ ਨਹੀਂ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਉਦਯੋਗਾਂ ਨੂੰ ਹੁਲਾਰਾ ਦੇ ਕੇ ਸੂਬੇ ਦੀ ਡਾਵਾਂਡੋਲ ਆਰਥਕ ਹਾਲਤ ਨੂੰ ਮੁੜ ਮਜ਼ਬੂਤ ਕਰ ਕੇ ਲੀਹ 'ਤੇ ਪਾਵੇਗੀ ਤਾਂ ਜੋ ਰਾਜ ਅੰਦਰ ਹਰ ਖੇਤਰ ਦਾ ਲੋੜੀਂਦਾ ਵਿਕਾਸ ਯਕੀਨੀ ਬਣਾਇਆ ਜਾ ਸਕੇ |
ਸਥਾਨਕ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਚ ਜਨਤਾ ਬਜਟ ਸਬੰਧੀ ਅਹਿਮ ਵਿਚਾਰਾਂ ਕਰਨ ਪੁੱਜੇ ਵਿੱਤ ਕਰ ਤੇ ਆਬਕਾਰੀ ਅਤੇ ਸਹਿਕਾਰਤਾ ਮੰਤਰੀ ਹਰਪਾਲ ਚੀਮਾ ਦਾ ਜਲੰਧਰ, ਹੁਸ਼ਿਆਰਪੁਰ, ਨਵਾਂਸ਼ਹਿਰ ਆਦਿ ਜ਼ਿਲਿ੍ਹਆਂ ਤੋਂ ਆਏ ਉਦਯੋਗਪਤੀਆਂ ਅਤੇ ਵਪਾਰੀਆਂ ਨੇ ਭਰਵਾਂ ਸਵਾਗਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਬਜਟ ਬਣਾਉਣ ਲਈ ਹਰ ਤਬਕੇ ਦੇ ਸੁਝਾਅ ਮੰਗਣਾ ਇਤਿਹਾਸਕ ਫ਼ੈਸਲੇ ਦੇ ਨਾਲ-ਨਾਲ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ ਜਿਸ ਰਾਹੀਂ ਸੂਬੇ ਦੇ ਲੋਕ ਜਨਤਾ ਬਜਟ ਵਿਚ ਭਾਈਵਾਲ ਬਣਨਗੇ | ਵਿੱਤ ਮੰਤਰੀ ਨੇ ਵੱਖ-ਵੱਖ ਖੇਤਰਾਂ ਵਿਚ ਉਦਯੋਗਾਂ ਨਾਲ ਜੁੜੇ ਨੁਮਾਇੰਦਿਆਂ ਵਲੋਂ ਦਿਤੇ ਸੁਝਾਵਾਂ ਨੂੰ ਗਹੁ
ਨਾਲ
ਸੁਣਦਿਆਂ ਕਿਹਾ ਕਿ ਜਨਤਾ ਬਜਟ ਲਈ ਹਰ ਵਿਅਕਤੀ ਦੇ ਸੁਝਾਅ ਨੂੰ ਪੂਰੀ ਸੁਹਿਰਦਤਾ ਤੇ ਗੰਭੀਰਤਾ ਨਾਲ ਵਿਚਾਰਿਆ ਜਾਵੇਗਾ ਜਿਸ ਉਪਰੰਤ ਉਸ 'ਤੇ ਢੁਕਵਾਂ ਫ਼ੈਸਲਾ ਲੈ ਕੇ ਲੋਕਾਂ ਦੀ ਰਾਇ ਨੂੰ ਅਮਲੀ ਜਾਮਾ ਪਹਿਨਾਇਆ ਜਾਵੇਗਾ |
ਉਨ੍ਹਾਂ ਕਿਹਾ ਕਿ ਪਿਛਲੇ 25 ਸਾਲਾਂ ਦੌਰਾਨ ਕਿਸੇ ਵੀ ਸਰਕਾਰ ਨੇ ਉਦਯੋਗਾਂ ਦੀ ਗੱਲ ਨਹੀਂ ਪੁੱਛੀ ਅਤੇ ਉਦਯੋਗਾਂ ਲਈ ਲੋੜੀਂਦੇ ਬੁਨਿਆਦੀ ਢਾਂਚੇ ਫ਼ੋਕਲ ਪੁਆਇੰਟ ਆਦਿ ਦੀ ਵੀ ਸਾਰ ਨਹੀਂ ਲਈ | ਉਨ੍ਹਾਂ ਨੇ ਭਰੋਸਾ ਦੁਆਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਜਨਤਾ ਬਜਟ ਵਿਚ ਲੋਕ ਮਸਲਿਆਂ ਨੂੰ ਪੂਰੀ ਤਰਜੀਹ ਦਿਤੀ ਜਾਵੇਗੀ ਅਤੇ ਹੁਣ ਉਦਯੋਗਾਂ ਨੂੰ ਬੜਾਵਾ ਦੇ ਕੇ ਸੂਬੇ ਵਿਚ ਆਰਥਕਤਾ ਦੀ ਮਜ਼ਬੂਤੀ ਦੇ ਨਾਲ-ਨਾਲ ਰੋਜ਼ਗਾਰ ਦੇ ਮੌਕੇ ਵੀ ਪੈਦਾ ਕੀਤੇ ਜਾਣਗੇ |
'ਜਨਤਾ ਬਜਟ' ਸਬੰਧੀ ਹਰਪਾਲ ਚੀਮਾ ਨੇ ਕਿਹਾ ਕਿ ਲੋਕ ਆਪੋ-ਅਪਣੇ ਸੁਝਾਅ ਲਿਖਤ ਰੂਪ ਵਿਚ ਪੰਜਾਬ ਸਰਕਾਰ ਵਲੋਂ ਜਾਰੀ ਪੋਰਟਲ 'ਤੇ ਭੇਜਣ ਦੇ ਨਾਲ-ਨਾਲ ਅਪਣੇ ਹਲਕੇ ਦੇ ਵਿਧਾਇਕ ਜਾਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਦੇ ਸਕਦੇ ਹਨ | ਵੱਖ-ਵੱਖ ਉਦਯੋਗਾਂ ਨਾਲ ਸਬੰਧਤ ਉਦਯੋਗਪਤੀਆਂ ਗੁਰਸ਼ਰਨ ਸਿੰਘ, ਨਰਿੰਦਰ ਸਿੰਘ ਸੱਗੂ, ਤੇਜਿੰਦਰ ਸਿੰਘ ਭਸੀਨ, ਸ਼ਾਮ ਕੁਮਾਰ ਗੁਪਤਾ, ਜੇ.ਐਸ.ਚੌਹਾਨ ਆਦਿ ਨੇ ਵੀ ਆਪੋ-ਅਪਣੇ ਵਿਚਾਰ ਵਿੱਤ ਮੰਤਰੀ ਦੇ ਸਨਮੁੱਖ ਰੱਖੇ | ਇਸ ਮੌਕੇ ਹੋਰਨਾਂ ਤੋਂ ਇਲਾਵਾ ਹਲਕਾ ਨਕੋਦਰ ਤੋਂ ਵਿਧਾਇਕ ਇੰਦਰਜੀਤ ਕੌਰ ਮਾਨ, ਕਰਤਾਰਪੁਰ ਤੋਂ ਵਿਧਾਇਕ ਬਲਕਾਰ ਸਿੰਘ, ਜਲੰਧਰ ਪੱਛਮੀ ਤੋਂ ਵਿਧਾਇਕ ਸ਼ੀਤਲ ਅੰਗੁਰਾਲ, ਜਲੰਧਰ ਕੇਂਦਰੀ ਤੋਂ ਵਿਧਾਇਕ ਰਮਨ ਅਰੋੜਾ, ਸ਼ਾਮ ਚੁਰਾਸੀ ਤੋਂ ਵਿਧਾਇਕ ਡਾ.ਰਵਜੋਤ, ਟਾਂਡਾ ਤੋਂ ਵਿਧਾਇਕ ਜਸਬੀਰ ਸਿੰਘ ਰਾਜਾ, ਦਸੂਹਾ ਤੋਂ ਵਿਧਾਇਕ ਕਰਮਵੀਰ ਸਿੰਘ ਘੁੰਮਣ, ਨਵਾਂ ਸ਼ਹਿਰ ਤੋਂ ਵਿਧਾਇਕ ਨਛੱਤਰ ਪਾਲ ਆਦਿ ਮੌਜੂਦ ਸਨ |