ਕਿਸਾਨਾਂ ਨਾਲ ਕੀਤੇ ਗਏ ਵਾਅਦੇ ਹਾਲੇ ਤਕ ਨਹੀਂ ਹੋਏ ਪੂਰੇ : ਸਤਿਆਪਾਲ ਮਲਿਕ
ਕਿਸਾਨਾਂ ਨਾਲ ਕੀਤੇ ਗਏ ਵਾਅਦੇ ਹਾਲੇ ਤਕ ਨਹੀਂ ਹੋਏ ਪੂਰੇ : ਸਤਿਆਪਾਲ ਮਲਿਕ
ਕਿਹਾ,‘‘ਕਿਸਾਨਾਂ ਨੇ ਸਿਰਫ਼ ਦਿੱਲੀ ਤੋਂ ਅਪਣਾ ਧਰਨਾ ਖ਼ਤਮ ਕੀਤਾ ਹੈ ਪਰ ਉਨ੍ਹਾਂ ਦਾ ਅੰਦੋਲਨ ਹਾਲੇ ਵੀ ਜਿਉਂਦਾ ਹੈ’’
ਮੁਜੱਫ਼ਰਨਗਰ, 9 ਮਈ : ਮੇਘਾਲਿਆ ਦੇ ਰਾਜਪਾਲ ਸਤਿਆਪਾਲ ਮਲਿਕ ਨੇ ਕਿਹਾ ਹੈ ਕਿ ਸਰਕਾਰ ਨੇ ਖੇਤੀ ਕਾਨੂੰਨਾਂ ਵਿਰੁਧ ਕਿਸਾਨਾਂ ਦੇ ਅੰਦੋਲਨ ਨੂੰ ਖ਼ਤਮ ਕਰਨ ਲਈ ਜੋ ਵਾਅਦੇ ਕੀਤੇ ਸਨ, ਉਨ੍ਹਾਂ ਨੇ ਹਾਲੇ ਤਕ ਪੂਰੀ ਨਹੀਂ ਕੀਤਾ ਗਿਆ ਹੈ। ਰਾਜਪਾਲ ਨੇ ਘੱਟੋ-ਘੱਟ ਸਮਰਥਨ (ਐਮ.ਐਸ.ਪੀ.) ’ਤੇ ਕਾਨੂੰਨ ਬਣਾਉਣ ਦੀ ਵਕਾਲਤ ਕੀਤੀ। ਮਲਿਕ ਨੇ ਕਿਹਾ ਕਿ ਕਿਸਾਨਾਂ ਨੇ ਸਿਰਫ਼ ਦਿੱਲੀ ’ਚ ਅਪਣਾ ਧਰਨਾ ਖ਼ਤਮ ਕੀਤਾ ਹੈ ਪਰ ਤਿੰਨ ਵਿਵਾਦਿਤ ਖੇਤੀ ਕਾਨੂੰਨਾਂ ਵਿਰੁਧ ਉਨ੍ਹਾਂ ਦਾ ਅੰਦੋਲਨ ਹਾਲੇ ਵੀ ਜਿਊਂਦਾ ਹੈ। ਮਲਿਕ ਨੇ ਐਤਵਾਰ ਸ਼ਾਮ ਇਥੇ ਕਿਹਾ,‘‘ਸਰਕਾਰ ਵਲੋਂ ਕਿਸਾਨਾਂ ਨਾਲ ਕੀਤੇ ਗਏ ਵਾਅਦੇ ਪੂਰੇ ਨਹੀਂ ਹੋਏ ਹਨ। ਸਰਕਾਰ ਨੂੰ ਕਿਸਾਨਾਂ ਦੇ ਮੁੱਦੇ ਹੱਲ ਕਰਨ ਲਈ ਐਮ. ਐਸ. ਪੀ. ’ਤੇ ਕਾਨੂੰਨ ਬਣਾਉਣਾ ਚਾਹੀਦਾ।’’ ਉਨ੍ਹਾਂ ਕਿਹਾ,‘‘ਕਿਸਾਨਾਂ ਨੇ ਸਿਰਫ਼ ਦਿੱਲੀ ਤੋਂ ਅਪਣਾ ਧਰਨਾ ਖ਼ਤਮ ਕੀਤਾ ਹੈ ਪਰ ਉਨ੍ਹਾਂ ਦਾ ਅੰਦੋਲਨ ਹਾਲੇ ਵੀ ਜਿਊਂਦਾ ਹੈ।’’ ਮਲਿਕ ਨੇ ਮਹਿੰਗਾਈ ਅਤੇ ਬੇਰੁਜ਼ਗਾਰੀ ਦੇ ਮੁੱਦਿਆਂ ’ਤੇ ਵੀ ਚਰਚਾ ਕੀਤੀ ਅਤੇ ਕਿਹਾ, ‘‘ਮੁੱਖ ਮੁੱਦਿਆਂ ਦੀ ਬਜਾਏ, ਅਪ੍ਰਾਸੰਗਿਕ ਮਾਮਲਿਆਂ ’ਤੇ ਚਰਚਾ ਹੋ ਰਹੀ ਹੈ।’’ ਉਨ੍ਹਾਂ ਨੇ ਹਿੰਦੂਆਂ ਅਤੇ ਮੁਸਲਮਾਨਾਂ ਨਾਲ ਮਿਲ ਕੇ ਰੁਜ਼ਗਾਰ ਅਤੇ ਅਜਿਹੇ ਹੋਰ ਮਾਮਲਿਆਂ ਨੂੰ ਚੁੱਕਣ ਲਈ ਕਿਹਾ। ਮਲਿਕ ਬਾਘਰਾ ਦਰਗਾਹ ਵੀ ਗਏ ਅਤੇ ਉਨ੍ਹਾਂ ਨੇ ਰਾਸ਼ਟਰੀ ਲੋਕ ਦਲ (ਰਾਲੋਦ) ਅਤੇ ਸਮਾਜਵਾਦੀ ਪਾਰਟੀ (ਸਪਾ) ਸਮੇਤ ਕਈ ਦਲਾਂ ਦੇ ਨੇਤਾਵਾਂ ਨਾਲ ਮੁਲਾਕਾਤ ਕੀਤੀ। ਦਸਣਯੋਗ ਹੈ ਕਿ ਕਿਸਾਨਾਂ ਨੇ ਐਮ.ਐਸ.ਪੀ. ਸਮੇਤ ਹੋਰ ਵਾਅਦਿਆਂ ਨੂੰ ਲੈ ਕੇ ਪਿਛਲੇ ਸਾਲ ਦਸੰਬਰ ’ਚ ਅਪਣਾ ਅੰਦੋਲਨ ਵਾਪਸ ਲੈ ਲਿਆ ਸੀ। ਭਾਰਤੀ ਕਿਸਾਨ ਯੂਨੀਅਨ ਅਤੇ ਹੋਰ ਕਿਸਾਨ ਨੇਤਾਵਾਂ ਨੇ ਕਿਹਾ ਸੀ ਕਿ ਉਹ ਰਾਸ਼ਟਰੀ ਰਾਜਧਾਨੀ ਛੱਡ ਰਹੇ ਹਨ ਪਰ ਜੇਕਰ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਗਈਆਂ ਤਾਂ ਉਹ ਅੰਦੋਲਨ ਮੁੜ ਸ਼ੁਰੂ ਕਰਨਗੇ। (ਏਜੰਸੀ)