ਚੰਡੀਗੜ੍ਹ 'ਚ ਨਹੀਂ ਚੱਲ ਰਹੀਆਂ ਇਲੈਕਟ੍ਰਿਕ ਬੱਸਾਂ, ਬੱਸ ਸਟੈਂਡ ਤੋਂ ਹਾਈਕੋਰਟ ਰੂਟ 'ਤੇ ਸੇਵਾ ਬੰਦ

ਏਜੰਸੀ

ਖ਼ਬਰਾਂ, ਪੰਜਾਬ

ਯਾਤਰੀ ਪਰੇਸ਼ਾਨ, ਵਿਭਾਗ ਨੂੰ ਕੁੱਝ ਪਤਾ ਨਹੀਂ

Electric Bus

ਚੰਡੀਗੜ੍ਹ - ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ (ਸੀਟੀਯੂ) ਦੀਆਂ ਇਲੈਕਟ੍ਰਿਕ ਬੱਸਾਂ ਅੱਜ ਚੰਡੀਗੜ੍ਹ ਦੇ ਕਈ ਸਥਾਨਕ ਰੂਟਾਂ 'ਤੇ ਨਹੀਂ ਚੱਲੀਆਂ। ਇਸ ਕਾਰਨ ਬੱਸ ਸਵਾਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਖ਼ਾਸ ਕਰਕੇ ਪੰਜਾਬ ਤੋਂ ਰੋਜ਼ਾਨਾ ਸੈਕਟਰ-43 ਦੇ ਬੱਸ ਸਟੈਂਡ ’ਤੇ ਆਉਣ ਜਾਣ ਅਤੇ ਇੱਥੋਂ ਹਾਈ ਕੋਰਟ ਵਰਗੇ ਹੋਰ ਟਿਕਾਣਿਆਂ ’ਤੇ ਜਾਣ ਵਾਲੇ ਲੋਕਾਂ ਨੂੰ ਵਧੇਰੇ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਲੈਕਟ੍ਰਿਕ ਬੱਸਾਂ ਨਾ ਚੱਲਣ ਕਾਰਨ ਰੋਜ਼ਾਨਾ ਆਉਣ-ਜਾਣ ਵਾਲਿਆਂ ਨੂੰ ਹੋਰ ਬੱਸਾਂ ਦੇ ਰੂਟਾਂ ਬਾਰੇ ਪਤਾ ਨਹੀਂ ਲੱਗ ਰਿਹਾ। ਇਲੈਕਟ੍ਰਿਕ ਬੱਸ ਦੀਆਂ ਸਵਾਰੀਆਂ ਨੇ ਹਾਈ ਕੋਰਟ ਅਤੇ ਹੋਰ ਥਾਵਾਂ ’ਤੇ ਜਾਣ ਲਈ ਸੀਟੀਯੂ ਦੇ ਹੈਲਪਲਾਈਨ ਨੰਬਰ ’ਤੇ ਵੀ ਸੰਪਰਕ ਕੀਤਾ ਪਰ ਫੋਨ ਅਟੈਂਡੈਂਟ ਨੇ ਵੀ ਇਸ ਬਾਰੇ ਕੋਈ ਜਾਣਕਾਰੀ ਨਾ ਹੋਣ ਦੀ ਗੱਲ ਆਖੀ। ਮੁਲਾਜ਼ਮ ਨੇ ਦੱਸਿਆ ਕਿ ਡਿਪੂ ਵਿਚ ਵੀ ਉਨ੍ਹਾਂ ਵਲੋਂ ਇਸ ਸਬੰਧੀ ਗੱਲਬਾਤ ਕੀਤੀ ਜਾ ਰਹੀ ਹੈ ਪਰ ਫਿਲਹਾਲ ਸਬੰਧਤ ਕਰਮਚਾਰੀ ਅਤੇ ਅਧਿਕਾਰੀ ਫੋਨ ਨਹੀਂ ਚੁੱਕ ਰਹੇ।  

ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਆਪੋ-ਆਪਣੇ ਕੇਸਾਂ ਦੀ ਸੁਣਵਾਈ ਲਈ ਅੱਜ ਬੱਸ ਸਟੈਂਡ ’ਤੇ ਪੁੱਜੇ ਆਮ ਲੋਕ ਅਤੇ ਰੋਜ਼ਾਨਾ ਆਉਣ-ਜਾਣ ਵਾਲੇ ਲੋਕ ਸਮੇਂ ਸਿਰ ਹਾਈ ਕੋਰਟ ਵਿਚ ਨਹੀਂ ਪਹੁੰਚ ਸਕੇ। ਇਸ ਦਾ ਮੁੱਖ ਕਾਰਨ ਇਹ ਹੈ ਕਿ ਉਹ ਰੋਜ਼ਾਨਾ ਇਲੈਕਟ੍ਰਿਕ ਬੱਸਾਂ ਵਿਚ ਸਫ਼ਰ ਕਰਦੇ ਹਨ। ਬੱਸ ਸਟੈਂਡ ਤੋਂ ਹਾਈ ਕੋਰਟ ਅਤੇ ਹੋਰ ਮੰਜ਼ਿਲਾਂ ਨੂੰ ਜਾਣ ਵਾਲੀਆਂ ਇਲੈਕਟ੍ਰਿਕ ਬੱਸਾਂ ਦੇ ਰੂਟ ਬਾਰੇ ਲੋਕਾਂ ਨੂੰ ਪਤਾ ਹੈ ਪਰ ਡੀਜ਼ਲ ਬੱਸਾਂ ਦੇ ਰੂਟ ਦਾ ਪਤਾ ਨਹੀਂ ਹੈ।

ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ (ਸੀਟੀਯੂ) ਲੰਬੇ ਸਮੇਂ ਤੋਂ ਸ਼ਹਿਰ ਦੀਆਂ ਸੜਕਾਂ 'ਤੇ ਇਲੈਕਟ੍ਰਿਕ (ਈ-ਬੱਸ) ਸੇਵਾ ਦਾ ਲਗਾਤਾਰ ਵਿਸਤਾਰ ਕਰ ਰਹੀ ਹੈ। ਸੀਟੀਯੂ ਦੇ ਫਲੀਟ ਵਿਚ 100 ਤੋਂ ਵੱਧ ਬੱਸਾਂ ਸ਼ਾਮਲ ਹਨ। ਇਲੈਕਟ੍ਰਿਕ ਬੱਸਾਂ ਦੀ ਗਿਣਤੀ ਵਧਾਉਣ ਦੇ ਨਾਲ-ਨਾਲ ਸੀਟੀਯੂ ਡੀਜ਼ਲ ਬੱਸਾਂ ਦੀ ਗਿਣਤੀ ਵੀ ਘਟਾ ਰਹੀ ਹੈ।