khanna News : ਕਾਂਗਰਸੀ ਆਗੂ ਨੇ ਭਗਵਾਨ ਰਾਮ ਦੀ ਫ਼ੋਟੋ 'ਤੇ PM ਮੋਦੀ ਦਾ ਚੇਹਰਾ ਲਗਾ ਕੇ ਅਪਲੋਡ ਕੀਤੀ ਪੋਸਟ , ਹੁਣ ਪਰਚਾ ਦਰਜ

ਏਜੰਸੀ

ਖ਼ਬਰਾਂ, ਪੰਜਾਬ

ਭਗਵਾਨ ਹਨੁਮਾਨ ਉਨ੍ਹਾਂ ਦੇ ਪੈਰਾਂ ਵਿੱਚ ਦਿਖਾਈ ਦੇ ਰਹੇ ਹਨ

Sudhir Joshi

khanna News : ਖੰਨਾ ਵਿੱਚ ਬੀਤੇ ਦਿਨੀਂ ਕਾਂਗਰਸ ਦੇ ਸੋਸ਼ਲ ਮੀਡੀਆ ਪ੍ਰਧਾਨ ਸੁਧੀਰ ਜੋਸ਼ੀ ਨੇ ਭਗਵਾਨ ਸ਼੍ਰੀਰਾਮ ਦੇ ਚੇਹਰੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੋਟੋ ਲਗਾ ਕੇ ਸੋਸ਼ਲ ਮੀਡੀਆ 'ਤੇ ਪੋਸਟ ਕਰ ਦਿੱਤੀ ਸੀ। ਜਿਸ 'ਚ ਭਗਵਾਨ ਹਨੁਮਾਨ ਉਨ੍ਹਾਂ ਦੇ ਪੈਰਾਂ ਵਿੱਚ ਦਿਖਾਈ ਦੇ ਰਹੇ ਹਨ। ਇਸ ਫੋਟੋ ਨੂੰ ਦੇਖਦੇ ਹੀ ਸ਼ਿਵ ਸੈਨਾ ਹਿੰਦ ਸਟੂਡੈਂਟ ਵਿੰਗ ਇੰਡੀਆ ਦੇ ਪ੍ਰਧਾਨ ਗੌਤਮ ਸ਼ਰਮਾ ਨੇ ਪੁਲਿਸ ਨੂੰ ਸ਼ਿਕਾਇਤ ਕਰ ਦਿੱਤੀ।

ਜਿਸ ਤੋਂ ਬਾਅਦ ਪੁਲਿਸ ਨੇ ਪ੍ਰਧਾਨ ਸੁਧੀਰ ਜੋਸ਼ੀ ਵਾਸੀ ਸ਼ਿਵਪੁਰੀ ਮੁਹੱਲਾ ਖੰਨਾ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਸੁਧੀਰ 'ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਅਤੇ ਆਈਟੀ ਐਕਟ ਦੀਆਂ ਧਾਰਾਵਾਂ ਲਗਾਈਆਂ ਗਈਆਂ ਹਨ ਪਰ ਆਰੋਪੀ ਅਜੇ ਤੱਕ  ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ। ਪੁਲਿਸ ਉਸ ਨੂੰ ਭਗੌੜਾ ਕਰਾਰ ਦੇ ਰਹੀ ਹੈ।

 ਫੇਸਬੁੱਕ 'ਤੇ ਅਪਲੋਡ ਕੀਤੀ ਗਈ ਪੋਸਟ 

ਗੌਤਮ ਸ਼ਰਮਾ ਮੁਤਾਬਕ 25 ਅਪ੍ਰੈਲ ਨੂੰ ਸੁਧੀਰ ਜੋਸ਼ੀ ਨੇ ਆਪਣੇ ਫੇਸਬੁੱਕ ਅਕਾਊਂਟ ਤੋਂ ਭਗਵਾਨ ਸ਼੍ਰੀ ਰਾਮ ਚੰਦਰ ਜੀ ਦੀ ਫੋਟੋ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਚਿਹਰਾ ਲਗਾ ਕੇ ਇਕ ਫੋਟੋ ਤਿਆਰ ਕੀਤੀ ਸੀ। ਇਸ ਤਸਵੀਰ ਵਿੱਚ ਭਗਵਾਨ ਸ਼੍ਰੀ ਹਨੂੰਮਾਨ ਜੀ ਉਨ੍ਹਾਂ ਦੇ ਪੈਰਾਂ 'ਚ ਬੈਠੇ ਦਿਖਾਈ ਦੇ ਰਹੇ ਹਨ। ਇਸ ਨੂੰ ਸੁਧੀਰ ਜੋਸ਼ੀ ਨੇ ਅਪਲੋਡ ਕੀਤਾ ਸੀ।

ਸ਼ਿਕਾਇਤ ਤੋਂ ਬਾਅਦ ਪੁਲਸ ਨੇ ਸੁਧੀਰ ਜੋਸ਼ੀ ਨੂੰ ਪੁੱਛਗਿੱਛ ਲਈ ਬੁਲਾਇਆ ਸੀ। ਜਿਸ ਵਿੱਚ ਉਸ ਨੇ ਕਿਹਾ ਕਿ ਇਹ ਫੋਟੋ ਉਸ ਨੇ ਨਹੀਂ ਬਣਾਈ ਸੀ। ਸਗੋਂ ਉਸ ਨੇ ਕਿਸੇ ਹੋਰ ਦੇ ਸੋਸ਼ਲ ਮੀਡੀਆ ਅਕਾਊਂਟ ਤੋਂ ਚੁੱਕੀ ਸੀ। ਹਾਲਾਂਕਿ ਉਹ ਫੋਟੋ ਦਾ ਸਰੋਤ ਨਹੀਂ ਦੱਸ ਸਕਿਆ।

 ਜਾਂਚ ਤੋਂ ਬਾਅਦ ਮਾਮਲਾ ਦਰਜ

ਡੀਐਸਪੀ ਖੰਨਾ ਹਰਜਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਇਸ ਸਬੰਧੀ ਪੁਲੀਸ ਨੂੰ ਮਿਲੀ ਸ਼ਿਕਾਇਤ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਸਾਈਬਰ ਸੈੱਲ ਦੀ ਵੀ ਮਦਦ ਲਈ ਗਈ। ਦੋਵਾਂ ਧਿਰਾਂ ਨੂੰ ਬੁਲਾ ਕੇ ਉਨ੍ਹਾਂ ਦੇ ਬਿਆਨ ਦਰਜ ਕੀਤੇ ਗਏ। ਜਿਸਦੇ ਬਾਅਦ ਥਾਣਾ ਸਿਟੀ 2 ਵਿੱਚ ਸੁਧੀਰ ਜੋਸ਼ੀ ਵਾਸੀ ਸ਼ਿਵਪੁਰੀ ਮੁਹੱਲਾ ਖੰਨਾ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ।