Lok Sabh Elections 2024: ਰਵਨੀਤ ਬਿੱਟੂ ਸਮੇਤ ਇਹਨਾਂ ਆਗੂਆਂ ਨੇ ਭਰੇ ਨਾਮਜ਼ਦਗੀ ਪੱਤਰ, ਦੇਖੋ ਤਸਵੀਰਾਂ
10 ਤੋਂ ਵੱਧ ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਕੀਤੇ ਦਾਖਲ
Lok Sabha Elections 2024: ਚੰਡੀਗੜ੍ਹ - ਪੰਜਾਬ 'ਚ ਚੋਣ ਮੈਦਾਨ 'ਚ ਕੁੱਦਣ ਵਾਲੇ ਆਗੂਆਂ ਲਈ ਇਸ ਵਾਰ ਅਕਸ਼ੈ ਤ੍ਰਿਤੀਆ ਖ਼ਾਸ ਬਣ ਗਈ ਹੈ। ਅੱਜ 10 ਮਈ ਨੂੰ ਜ਼ਿਆਦਾਤਰ ਸਿਆਸੀ ਪਾਰਟੀਆਂ ਨਾਲ ਸਬੰਧਤ ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ। ਇਨ੍ਹਾਂ ਵਿਚ ਭਾਜਪਾ ਦੇ ਸਭ ਤੋਂ ਵੱਧ 6 ਉਮੀਦਵਾਰ ਹਨ। ਅਜਿਹਾ ਮੰਨਿਆ ਜਾਂਦਾ ਹੈ ਕਿ ਅਕਸ਼ੈ ਤ੍ਰਿਤੀਆ 'ਤੇ ਕੀਤੇ ਗਏ ਕਿਸੇ ਵੀ ਕੰਮ ਨੂੰ ਸਫ਼ਲਤਾ ਮਿਲੇਗੀ।
ਭਾਜਪਾ ਤੋਂ ਇਲਾਵਾ ਕਾਂਗਰਸ, ਆਪ ਅਤੇ ਅਕਾਲੀ ਦਲ ਦੇ ਕਈ ਉਮੀਦਵਾਰ ਵੀ ਅੱਜ ਨਾਮਜ਼ਦਗੀ ਪੱਤਰ ਦਾਖਲ ਕਰ ਰਹੇ ਹਨ ਤੇ ਕੁੱਝ ਕੁ ਨੇ ਤਾਂ ਕਰ ਵੀ ਦਿੱਤੀ ਹੈ। 4 ਪ੍ਰਮੁੱਖ ਸਿਆਸੀ ਪਾਰਟੀਆਂ ਦੇ ਕੁੱਲ 18 ਉਮੀਦਵਾਰ ਅੱਜ ਨਾਮਜ਼ਦਗੀ ਪੱਤਰ ਦਾਖਲ ਕਰ ਰਹੇ ਹਨ। ਸੂਬੇ ਦੀਆਂ ਲਗਭਗ ਸਾਰੀਆਂ ਪਾਰਟੀਆਂ ਦੇ ਆਗੂਆਂ ਵੱਲੋਂ ਨਾਮਜ਼ਦਗੀਆਂ ਲਈ ਅਕਸ਼ੈ ਤ੍ਰਿਤੀਆ ਦਾ ਸ਼ੁਭ ਸਮਾਂ ਨਿਸ਼ਚਿਤ ਕੀਤਾ ਗਿਆ ਹੈ।
ਦੁਪਹਿਰ 12 ਵਜੇ ਦੇ ਕਰੀਬ ਬਠਿੰਡਾ ਤੋਂ ‘ਆਪ’ ਉਮੀਦਵਾਰ ਮੰਤਰੀ ਗੁਰਮੀਤ ਖੁੱਡੀਆਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤਾ ਸੀ। ਓਧਰ ਅੰਮ੍ਰਿਤਸਰ ਤੋਂ ਭਾਜਪਾ ਉਮੀਦਵਾਰ ਤਰਨਜੀਤ ਸੰਧੂ ਜਦੋਂ ਨਾਮਜ਼ਦਗੀ ਪੱਤਰ ਦਾਖਲ ਕਰਨ ਪਹੁੰਚੇ ਤਾਂ ਉਹਨਾਂ ਦੇ ਨਾਲ ਵਿਦੇਸ਼ ਮੰਤਰੀ ਐੱਸਜੈਸ਼ੰਕਰ ਵੀ ਪਹੁੰਚੇ। ਇਸ ਤੋਂ ਇਲਾਵਾ ਹੁਸ਼ਿਆਰਪੁਰ ਸੀਟ ਤੋਂ ਕਾਂਗਰਸੀ ਉਮੀਦਵਾਰ ਯਾਮਿਨੀ ਗੋਰਮ ਨੇ ਨਾਮਜ਼ਦਗੀ ਦਾਖਲ ਕੀਤੀ ਸੀ। ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਨ ਪੁੱਜੇ ਹੋਏ ਸਨ। ਵੜਿੰਗ ਨੇ ਕਿਹਾ ਕਿ ਯਾਮਿਨੀ ਇਕ ਆਮ ਪਰਿਵਾਰ ਦੀ ਬੇਟੀ ਹੈ।
ਇਸੇ ਤਰ੍ਹਾਂ ਫਤਹਿਗੜ੍ਹ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਨੇ ਨਾਮਜ਼ਦਗੀ ਪੱਤਰ ਦਾਖਲ ਕੀਤਾ। ਇਸ ਦੌਰਾਨ ਬਾਅਦ ਦੁਪਹਿਰ ਜਲੰਧਰ ਤੋਂ ਅਕਾਲੀ ਦਲ ਦੇ ਉਮੀਦਵਾਰ ਮਹਿੰਦਰ ਸਿੰਘ ਕੇ.ਪੀ ਅਤੇ ਕਾਂਗਰਸੀ ਉਮੀਦਵਾਰ ਚੰਨੀ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ।