Punjab News: ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਵੱਲੋਂ ਪੁਖਤਾ ਤਿਆਰੀਆਂ

ਏਜੰਸੀ

ਖ਼ਬਰਾਂ, ਪੰਜਾਬ

47 ਕਰੋੜ ਰੁਪਏ ਦੀ ਲਾਗਤ ਨਾਲ ਅੱਗ ਬੁਝਾਊ ਮਸ਼ੀਨਰੀ ਸਰਹੱਦੀ ਜ਼ਿਲ੍ਹਿਆਂ 'ਚ ਤਾਇਨਾਤ

Punjab government makes elaborate preparations to deal with emergency situation

 

ਸਰਹੱਦਾਂ ਦੀ ਰਾਖੀ ਲਈ ਅਸੀਂ ਪੂਰਾ ਸਹਿਯੋਗ ਦੇਵਾਂਗੇ, ਪਾਕਿਸਤਾਨ ਨੂੰ ਮੂੰਹ ਤੋੜਵਾਂ ਜਵਾਬ ਦੇਣ ਲਈ ਪੰਜਾਬ ਤਿਆਰ-ਮੁੱਖ ਮੰਤਰੀ

Punjab News: ਸਰਹੱਦੀ ਇਲਾਕਿਆਂ ਵਿੱਚ ਤਣਾਅ ਦੀ ਸਥਿਤੀ ਦੇ ਚਲਦਿਆਂ ਕਿਸੇ ਵੀ ਅਣਸੁਖਾਵੀਂ ਸਥਿਤੀ ਨਾਲ ਨਜਿੱਠਣ ਲਈ ਤਿਆਰੀਆਂ ਦੇ ਹਿੱਸੇ ਵਜੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸੂਬੇ ਦੇ ਸਰਹੱਦੀ ਖੇਤਰਾਂ ਵਿੱਚ ਹੰਗਾਮੀ ਸੇਵਾਵਾਂ ਨੂੰ ਮਜ਼ਬੂਤ ਕਰਨ ਲਈ 47 ਕਰੋੜ ਰੁਪਏ ਦੀ ਲਾਗਤ ਵਾਲੇ ਅੱਗ ਬੁਝਾਊ ਯੰਤਰ/ਉਪਕਰਨ ਸੂਬੇ ਦੇ ਲੋਕਾਂ ਨੂੰ ਸਮਰਪਿਤ ਕੀਤੇ ਹਨ।

ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਸੂਬੇ ਦੇ ਨਾਲ-ਨਾਲ ਸਰਹੱਦਾਂ 'ਤੇ ਪੈਦਾ ਹੋ ਰਹੇ ਤਣਾਅ ਪ੍ਰਤੀ ਪੂਰੀ ਤਰ੍ਹਾਂ ਸੰਵੇਦਨਸ਼ੀਲ ਹੈ। ਉਨ੍ਹਾਂ ਕਿਹਾ ਕਿ ਸਰਹੱਦੀ ਖੇਤਰ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਛੋਟੇ ਅਤੇ ਦਰਮਿਆਨੇ ਫਾਇਰ ਟੈਂਡਰ (ਅੱਗ ਬੁਝਾਊ ਜਾਂ ਐਮਰਜੈਂਸੀ ਵਹੀਕਲ) ਅਤੇ ਹੋਰ ਜ਼ਰੂਰੀ ਮਸ਼ੀਨਰੀ ਸਮੇਤ 47 ਕਰੋੜ ਰੁਪਏ ਦੇ ਅੱਗ ਬੁਝਾਊ ਯੰਤਰ ਸੂਬੇ ਦੇ ਲੋਕਾਂ ਨੂੰ ਸਮਰਪਿਤ ਕੀਤੇ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਨ੍ਹਾਂ ਵਿੱਚ ਡਿਜ਼ਾਸਟਰ ਡਿਪਲਾਇਮੈਂਟ ਕਿੱਟ (ਡੀਡੀ ਕਿੱਟ), ਹਾਈਡ੍ਰੌਲਿਕ ਕੌਂਬੀ ਟੂਲ ਕੋਲੈਪਸ ਸਟ੍ਰਕਚਰ ਅਤੇ ਰੈਸਕਿਊ ਕਿੱਟ (ਸੀਐਸਐਸਆਰ ਕਿੱਟ), ਗੈਸ ਡਿਟੈਕਟਰ, ਫਾਇਰ ਐਂਟਰੀ ਸੂਟ, ਬੈਟਰੀ ਬੈਕਅੱਪ ਲਾਈਟਿੰਗ ਟਾਵਰ, ਬਹੁ-ਮੰਤਵੀ ਫਾਇਰ ਟੈਂਡਰ, ਕੁਇੱਕ ਰਿਸਪਾਂਸ ਵਹੀਕਲ  ਅਤੇ ਹੋਰ ਉਪਕਰਨ ਸ਼ਾਮਲ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਇਹ ਉਪਕਰਨ ਪਠਾਨਕੋਟ, ਰਾਜਾਸਾਂਸੀ, ਫਿਰੋਜ਼ਪੁਰ ਅਤੇ ਹੋਰ ਸੰਵੇਦਨਸ਼ੀਲ ਥਾਵਾਂ 'ਤੇ ਤਾਇਨਾਤ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇਹ ਦੋਵੇਂ ਦੇਸ਼ਾਂ ਦਰਮਿਆਨ ਤਣਾਅ ਵਧਣ ਦੇ ਚਲਦਿਆਂ ਸਰਹੱਦ 'ਤੇ ਪੈਦਾ ਹੋਣ ਵਾਲੀ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਸਥਿਤੀ ਨਾਲ ਨਜਿੱਠਣ ਵਿੱਚ ਮਦਦਗਾਰ ਹੋਣਗੇ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਸਰਹੱਦੀ ਵਸਨੀਕਾਂ ਦੀ ਸੁਰੱਖਿਆ ਲਈ ਸਾਰੀਆਂ ਜ਼ਰੂਰੀ ਲੋੜਾਂ ਨੂੰ ਪੂਰਾ ਕਰਨ ਲਈ ਵਚਨਬੱਧ ਹੈ।

ਮੁੱਖ ਮੰਤਰੀ ਨੇ ਉਮੀਦ ਜਤਾਈ ਕਿ ਇਹ ਮਸ਼ੀਨਰੀ/ਉਪਕਰਨ ਸੰਕਟ ਦੇ ਸਮੇਂ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਵਧੇਰੇ ਮਦਦਗਾਰ ਸਿੱਧ ਹੋਣਗੇ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਮੌਜੂਦਾ ਸਮੇਂ ਕਿਸੇ ਵੀ ਚੁਣੌਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਸੰਕਟ ਦੀ ਇਸ ਘੜੀ ਵਿੱਚ ਹਥਿਆਰਬੰਦ ਸੈਨਾਵਾਂ ਦੀ ਮਦਦ ਲਈ ਵਚਨਬੱਧ ਹੈ ਅਤੇ ਇਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ।