ਗੁਰਦੁਆਰਾ ਸਾਹਿਬ ਦੇ ਗ੍ਰੰਥੀ ਨੇ ਹੀ ਕੀਤੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ
ਪੁਲਿਸ ਵਲੋਂ ਜਗਤਾਰ ਸਿੰਘ 'ਤੇ ਮਾਮਲਾ ਦਰਜ਼ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ।
ਰੂਪਨਗਰ (ਸਮਸ਼ੇਰ ਬੱਗਾ) : ਬੀਤੇ ਦਿਨ ਰੂਪਨਗਰ ਜ਼ਿਲ੍ਹੇ ਦੇ ਪਿੰਡ ਡੰਗੋਲੀ ਦੇ ਗੁਰਦੁਆਰਾ ਸਿੰਘ ਸਹੀਦਾਂ ਵਿਚ ਹੋਈ ਬੇਅਦਬੀ ਮਾਮਲੇ ਵਿਚ ਰੂਪਨਗਰ ਪੁਲਿਸ ਨੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਜਗਤਾਰ ਸਿੰਘ ਨੂੰ ਹੀ ਦੋਸ਼ੀ ਪਾਇਆ ਹੈ। ਐਸਐਸਪੀ ਰੂਪਨਗਰ ਰਾਜ ਬਚਨ ਸਿੰਘ ਸੰਧੂ ਨੇ ਆਪਣੇ ਦਫ਼ਤਰ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਸਿਆ ਕਿ ਇਸ ਮਾਮਲੇ 'ਚ ਗਹਿਰਾਈ ਨਾਲ ਜਾਂਚ ਕਰਨ 'ਤੇ ਪਤਾ ਲੱਗਿਆ ਕਿ ਗੁਰਦੁਆਰਾ ਸਿੰਘ ਸ਼ਹੀਦਾਂ ਵਿਚ ਪਾਠ ਕਰਨ ਵਾਲੇ ਗ੍ਰੰਥੀ ਜਗਤਾਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਪਿੰਡ ਡੰਗੋਲੀ ਦਾ ਹੀ ਨਿਵਾਸੀ ਹੈ।
ਪੁਲਿਸ ਮੁਤਾਬਕ ਜਦੋਂ ਜਗਤਾਰ ਸਿੰਘ ਤੋਂ ਪੁੱਛਗਿਛ ਕੀਤੀ ਗਈ ਤਾਂ ਉਹ ਵਾਰ - ਵਾਰ ਆਪਣਾ ਬਿਆਨ ਬਦਲਣ ਲੱਗਿਆ ਜਿਸਦੇ ਨਾਲ ਪੁਲਿਸ ਨੂੰ ਇਸ ਉਤੇ ਸ਼ਕ ਹੋਇਆ ਅਤੇ ਪੁਲਿਸ ਵਲੋਂ ਚੰਗੀ ਤਰ੍ਹਾਂ ਤਫ਼ਤੀਸ਼ ਕਰਨ 'ਤੇ ਤਾਂ ਜਗਤਾਰ ਸਿੰਘ ਨੂੰ ਹੀ ਦੋਸ਼ੀ ਪਾਇਆ ਗਿਆ।
ਪੁੱਛਗਿਛ ਕਰਨ 'ਤੇ ਜਗਤਾਰ ਸਿੰਘ ਨੇ ਦਸਿਆ ਕਿ ਉਹ ਟਰੱਕ ਡਰਾਇਵਰੀ ਦਾ ਕੰਮ ਕਰਦਾ ਹੈ ਤੇ ਉਸਤੇ ਰੋਜ਼ਾਨਾ ਇਸ ਗੁਰਦੁਆਰੇ 'ਚ ਡਿਊਟੀ ਦੇਣ ਦਾ ਦਬਾਅ ਸੀ ਜਿਸ ਨਾਲ ਉਸਦਾ ਟਰੱਕ ਡਰਾਇਵਿੰਗ ਦਾ ਕੰਮ ਵੀ ਪ੍ਰਭਾਵਿਤ ਹੋ ਰਿਹਾ ਸੀ, ਉਸਨੇ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਹੋ ਕੇ ਇਸ ਮੰਦਭਾਗੀ ਘਟਨਾ ਨੂੰ ਅੰਜਾਮ ਦਿਤਾ ਹੈ।
ਪੁਲਿਸ ਦੇ ਮੁਤਾਬਕ ਦੋਸ਼ੀ ਨੇ ਪ੍ਰਸ਼ਾਦ ਨੂੰ ਭੋਗ ਲਗਾਉਣ ਲਈ ਰੱਖੀ ਹੋਈ ਸ਼੍ਰੀ ਸਾਹਿਬ ਦੀ ਸਾਇਡ ਵਾਲੀ ਪੱਤੀ ਦੇ ਨਾਲ ਸ਼੍ਰੀ ਗੁਰੂ ਗਰੰਥ ਸਾਹਿਬ ਦੇ ਪਵਿੱਤਰ ਅੰਗ ਪਾੜੇ ਹਨ। ਫਿਲਹਾਲ ਪੁਲਿਸ ਵਲੋਂ ਜਗਤਾਰ ਸਿੰਘ 'ਤੇ ਮਾਮਲਾ ਦਰਜ਼ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ।