ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਫ਼ਤਰ ਵਿਚੋਂ  ਫ਼ਾਈਲ ਚੋਰੀ ਕਰਨ ਵਾਲਾ ਅਫ਼ਸਰ ਕੈਮਰੇ 'ਚ ਕੈਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਫ਼ਤਰ ਵਿਚੋਂ ਸਰਕਾਰੀ ਫ਼ਾਈਲ ਚੋਰੀ ਕਰਦਾ ਅਫ਼ਸਰ ਕੈਮਰੇ ਦੀ ਅੱਖ ਵਿਚ ਕੈਦ ਹੋ ਗਿਆ। ਸਰਕਾਰੀ...

Forest Officer Harsh Kumar

ਚੰਡੀਗੜ੍ਹ, 9 ਜੂਨ (ਕਮਲਜੀਤ ਸਿੰਘ ਬਨਵੈਤ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਫ਼ਤਰ ਵਿਚੋਂ ਸਰਕਾਰੀ ਫ਼ਾਈਲ ਚੋਰੀ ਕਰਦਾ ਅਫ਼ਸਰ ਕੈਮਰੇ ਦੀ ਅੱਖ ਵਿਚ ਕੈਦ ਹੋ ਗਿਆ। ਸਰਕਾਰੀ ਫ਼ਾਈਲ ਚੋਰੀ ਹੋਣ ਤੋਂ ਬਾਅਦ ਕੇਸ ਦੀ ਰੀਪੋਰਟ ਨਾਲ ਨੱਥੀ ਸੀ.ਸੀ.ਸੀ.ਵੀ. ਕੈਮਰੇ ਵਿਚ ਇਹ ਅਫ਼ਸਰ ਸਵੇਰੇ ਨੌ ਵਜੇ ਦਫ਼ਤਰ ਖੁਲ੍ਹਣ ਤੋਂ ਤੁਰਤ ਬਾਅਦ ਫ਼ਾਈਲ ਕੱਛੇ ਮਾਰ ਕੇ ਬਾਹਰ ਨੂੰ ਤੁਰਿਆ ਜਾ ਰਿਹਾ  ਨਜ਼ਰ ਆ ਰਿਹਾ ਹੈ। ਇਹ ਫ਼ਾਈਲ ਅਪਣੇ ਢਿੱਡ ਵਿਚ ਜਗਲਾਤ ਵਿਭਾਗ ਦੇ 33 ਅਫ਼ਸਰਾਂ ਨੂੰ ਰੈਗੂਲਰ ਕਰਨ ਦਾ ਭੇਤ ਲਕੋਈ ਬੈਠੀ ਹੈ।

ਰੀਪੋਰਟ ਵਿਚ ਇੰਡੀਅਨ ਫ਼ਾਰੈਸਟ ਅਫ਼ਸਰ ਹਰਸ਼ ਕੁਮਾਰ ਵਲ ਇਸ਼ਰ ਕੀਤਾ ਗਿਆ ਹੈ ਜਿਹੜੇ ਕਿ ਜੰਗਲਾਤ ਵਿਭਾਗ ਵਿਚ ਚੀਫ਼ ਕਨਜਰਵੇਟਰ ਅਫ਼ਸਰ ਹਨ। ਇਹ ਫ਼ਾਈਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਡਿਪਟੀ ਪ੍ਰਿੰਸੀਪਲ ਸੈਕਟਰੀ ਅੰਮ੍ਰਿਤ ਕੌਰ ਗਿੱਲ ਦੇ ਦਫ਼ਤਰ ਵਿਚੋਂ 12 ਅਪ੍ਰੈਲ ਨੂੰ ਚੋਰੀ ਹੋਈ ਸੀ। ਕੈਪਟਨ ਅਮਰਿੰਦਰ ਸਿੰਘ ਵਲ ਇਸ ਦੀ ਜਾਂਚ ਬਲਵੰਤ ਕੌਰ ਨੂੰ ਕਰਨ ਲਈ ਕਿਹਾ ਗਿਆ ਸੀ।

ਪੰਜਾਬ ਸਰਕਾਰ ਕੈਮਰੇ ਦੀ ਅੱਖ ਵਿਚ ਬੰਦ ਅਫ਼ਸਰ ਵਿਰੁਧ ਫ਼ੌਜਦਾਰੀ ਕੇਸ ਦਰਜ ਕਰਵਾਏਗੀ। ਇਸ ਫ਼ਾਈਲ ਵਿਚ ਹਰਸ਼ ਕੁਮਾਰ ਵਿਰੁਧ ਅਨੁਸ਼ਾਸਨੀ ਕਾਰਵਾਈ ਕਰਨ ਦੀ ਸਿਫ਼ਾਰਸ਼ ਕੀਤੀ ਗਈ ਸੀ। ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਵਲੋਂ ਇਹ ਫ਼ਾਈਲ ਮੁੱਖ ਮੰਤਰੀ ਨੂੰ ਭੇਜੀ ਗਈ ਸੀ। 
ਮੁੱਖ ਮੰਤਰੀ ਦੀ ਡਿਪਟੀ ਪ੍ਰਿੰਸੀਪਲ ਸੈਕਟਰੀ ਨੇ ਹਰਸ਼ ਕੁਮਾਰ ਦਾ ਪੱਖ ਸੁਣਨ ਲਈ ਉਸ ਨੂੰ 12 ਅਪ੍ਰੈਲ ਸਵੇਰੇ 10 ਵਜੇ ਬੁਲਾਇਆ ਸੀ ਪਰ ਉਹ 9.30 ਵਜੇ ਹੀ ਪੁਜ ਗਿਆ।

ਉਸ ਵੇਲੇ ਸ਼੍ਰੀਮਤੀ ਗਿੱਲ ਹਾਲੇ ਦਫ਼ਤਰ ਆਏ ਨਹੀਂ ਸਨ ਤੇ ਮੁੱਖ ਮੰਤਰੀ ਦਫ਼ਤਰ ਵੀ ਸੁੰਨਾ ਪਿਆ ਸੀ। ਉਸ ਨੇ ਮੌਕਾ ਤਾੜ ਕੇ ਸ਼੍ਰੀਮਤੀ ਗਿੱਲ ਦੇ ਦਫ਼ਤਰ ਦੇ ਮੇਜ 'ਤੇ ਪਈ ਫ਼ਾਈਲ ਖਿਸਕਾ ਲਈ। ਇਸ ਤੋਂ ਬਾਅਦ ਉਹ ਦੁਬਾਰਾ ਮੁੱਖ ਮੰਤਰੀ ਦੇ ਦਫ਼ਤਰ ਆਗਿਆ ਤਾਂ ਸ੍ਰੀਮਤੀ ਗਿੱਲ ਨੇ ਕਿਸੇ ਜ਼ਰੂਰੀ ਕੰਮ ਹੋਣ ਕਾਰਨ ਉਸ ਨੂੰ ਅਗਲੇ ਦਿਨ ਆਉਣ ਲਈ ਕਹਿ ਦਿਤਾ। ਇਸ ਦੇ ਚਲੇ ਜਾਣ ਤੋਂ ਬਾਅਦ ਹੀ ਫ਼ਾਈਲ ਦੇ ਮੇਜ ਤੋਂ ਖਿਸਕ ਜਾਣ ਦਾ ਪਤਾ ਲੱਗ ਗਿਆ ਸੀ। ਮੁੱਖ ਮੰਤਰੀ ਦੇ ਧਿਆਨ ਵਿਚ ਮਾਮਲਾ ਲਿਆਏ ਜਾਣ ਤੋਂ ਬਾਅਦ ਜਾਂਚ ਆਈ.ਜੀ. ਬਲਵੰਤ ਕੌਰ ਨੂੰ ਦੇ ਦਿਤੀ ਗਈ ਜਿਸ ਨੇ ਰੀਪੋਰਟ ਸੁਰੇਸ਼ ਕੁਮਾਰ ਨੂੰ ਸੌਂਪ ਦਿਤੀ ਗਈ ਹੈ। 

ਚੇਤੇ ਕਰਵਾਇਆ ਜਾਂਦਾ ਹੈ ਕਿ ਸਾਬਕਾ ਅਕਾਲੀ ਭਾਜਪਾ ਸਰਕਾਰ ਨੇ ਰੈਗੂਲਰ ਕੀਤੇ ਮੁਲਾਜ਼ਮਾਂ ਦੀ ਵੱਧ ਤੋਂ ਵੱਧ ਉਮਰ 58 ਸਾਲ ਨਿਰਧਾਰਤ ਕੀਤੀ ਸੀ ਪਰ ਹਰਸ਼ ਕੁਮਾਰ ਨੇ ਕਈ 65 ਸਾਲ ਤਕ ਦੇ ਉਮਰ ਦੇ ਉਮੀਦਵਾਰਾਂ ਨੂੰ ਵੀ ਇਹ ਲਾਭ ਦੇ ਦਿਤਾ ਸੀ। ਮੁੱਖ ਮੰਤਰੀ ਦਫ਼ਤਰ ਦੇ ਇਕ ਉਚ ਅਧਿਕਾਰੀ ਨੇ ਕਿਹਾ ਕਿ ਚੋਰੀ ਦਾ ਮਾਮਲਾ ਬਹੁਤ ਗੰਭੀਰ ਹੈ। ਉਸ ਨੇ ਕਿਹਾ ਕਿ ਗੱਲ ਫ਼ਾਈਲ ਦੀ ਨਹੀਂ ਅਤੇ ਇਸ ਵਿਚਲੇ ਡਾਕੂਮੈਂਟਸ ਕਿਧਰੋਂ ਹੋਰ ਵੀ ਮਿਲ ਜਾਣਗੇ ਪਰ ਗੰਭੀਰਤਾ ਤਾਂ ਅਤਿ ਸੁਰੱਖਿਆ ਵਾਲੇ ਮੁੱਖ ਮੰਤਰੀ ਦਫ਼ਤਰ ਤੋਂ ਚੋਰੀ ਹੋਣ ਦੀ ਹੈ।

 ਹਰਸ਼ ਕੁਮਾਰ ਨੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਹ ਸ੍ਰੀਮਤੀ ਗਿੱਲ ਦੇ ਕਮਰੇ ਵਿਚ 10 ਵਜੇ ਤੋਂ ਪਹਿਲਾਂ ਪਹੁੰਚ ਗਏ ਸਨ ਪਰ ਕੁਰਸੀ 'ਤੇ ਬੈਠਦਿਆਂ ਹੀ ਉਸ ਨੂੰ ਯਾਦ ਆ ਗਿਆ ਕਿ ਉਹ ਅਪਣੀ ਫ਼ਾਈਲ ਕਾਰ ਵਿਚ ਛੱਡ ਆਇਆ ਹੈ ਉਸ ਨੇ ਸਕੱਤਰੇਤ ਦੇ ਗੇਟ ਮੂਹਰੇ ਖੜੀ ਕਾਰ ਵਿਚੋਂ ਫ਼ਾਈਲ ਲਈ ਅਤੇ ਉਨੀ ਪੈਰੀ ਹੀ ਵਾਪਸ ਆ ਗਿਆ। ਜਦੋਂ ਕਮਰੇ ਵਿਚੋਂ ਵਾਪਸ ਪਰਤਿਆ ਤਾਂ ਸ੍ਰੀਮਤੀ ਗਿੱਲ ਆ ਚੁਕੇ ਸਨ।

ਸ੍ਰੀਮਤੀ ਗਿੱਲ ਨੇ ਉਨ੍ਹਾਂ ਨੂੰ ਅਪਣਾ ਲਿਖਤੀ ਪੱਖ ਦੇ ਕੇ ਚਲੇ ਜਾਣ ਲਈ ਕਹਿ ਦਿਤਾ ਸੀ। ਕੁੱਝ ਦਿਨਾਂ ਬਾਅਦ ਇਕ ਮਹਿਲਾ ਪੁਲਿਸ ਅਫ਼ਸਰ ਵਲੋਂ ਫ਼ੋਨ 'ਤੇ ਗੁਆਚੀ ਫ਼ਾਈਲ ਬਾਰੇ ਪੁਛ ਪੜਤਾਲ ਕਰਨ 'ਤੇ ਉਸ ਨੂੰ ਚੋਰੀ ਦੀ ਘਟਨਾ ਦੀ ਪਤਾ ਲੱਗਾ ਸੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਭਲਕ ਰਾਤ ਤਕ ਚੰਡੀਗੜ੍ਹ ਤੋਂ ਬਾਹਰ ਸਨ। ਚੀਫ਼ ਪ੍ਰਿੰਸੀਪਲ ਸੈਕਟਰੀ ਸੁਰੇਸ਼ ਕੁਮਾਰ ਤਿੰਨ ਹਫ਼ਤਿਆਂ ਲਈ ਵਿਦੇਸ਼ ਚਲੇ ਗਏ ਹਨ। ਮੁੱਖ ਮੰਤਰੀ ਦੇ ਵਾਪਸ ਪਰਤਣ ਤੋਂ ਬਾਅਦ ਹੀ ਸੋਮਵਾਰ ਨੂੰ ਅਗਲੀ ਕਾਰਵਾਈ ਸ਼ੁਰੂ ਹੋਵੇਗੀ।