ਮੀਂਹ ਪੈਣ ਨਾਲ ਕਿਸਾਨ ਨਿਹਾਲ, ਲੋਕਾਂ ਨੂੰ ਰਾਹਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬੀਤੀ ਰਾਤ ਤੋਂ ਹਟ ਹਟ ਕੇ ਮੀਂਹ ਪੈਣ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਅਤੇ ਕਿਸਾਨ ਨਿਹਾਲ ਹੋ ਗਏ ਹਨ। ਪਾਰਾ 12 ਡਿਗਰੀ ਤਕ ਹੇਠਾਂ ਆ ਡਿੱਗਿਆ ਹੈ। ...

Road Filled with Water after Rain

ਚੰਡੀਗੜ੍ਹ, ਬੀਤੀ ਰਾਤ ਤੋਂ ਹਟ ਹਟ ਕੇ ਮੀਂਹ ਪੈਣ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਅਤੇ ਕਿਸਾਨ ਨਿਹਾਲ ਹੋ ਗਏ ਹਨ। ਪਾਰਾ 12 ਡਿਗਰੀ ਤਕ ਹੇਠਾਂ ਆ ਡਿੱਗਿਆ ਹੈ। ਪੰਜਾਬ ਵਿਚ ਸੱਭ ਤੋਂ ਜ਼ਿਆਦਾ ਮੀਂਹ ਗੁਰਦਾਸਪੁਰ ਵਿਚ 46 ਮਿਲੀ ਮੀਟਰ ਅਤੇ ਹਰਿਆਣਾ ਦੇ ਜ਼ਿਲ੍ਹਾ ਅੰਬਾਲਾ ਵਿਚ 49.4 ਮਿਲੀ ਮੀਟਰ ਪਿਆ ਹੈ। 
ਮਾਝੇ ਅਤੇ ਦੋਆਬੇ ਦੀ ਨਿਸਬਤ ਮਾਲਵੇ ਵਿਚ ਘੱਟ ਮੀਂਹ ਪਿਆ ਹੈ।

ਬਠਿੰਡਾ ਸੁੱਕਾ ਰਿਹਾ ਜਦੋਂ ਕਿ ਪਟਿਆਲੇ ਵਿਚ 4.8 ਮਿਲੀ ਮੀਟਰ ਬਾਰਸ਼ ਹੋਈ ਹੈ। ਅੰਮ੍ਰਿਤਸਰ ਵਿਚ 12.8 ਮਿਲੀ ਮੀਟਰ ਮੀਂਹ ਰੀਕਾਰਡ ਕੀਤਾ ਗਿਆ ਹੈ। ਲੁਧਿਆਣਾ ਵਿਚ 21.8 ਮਿਲੀ ਮੀਟਰ ਪਿਆ ਜਦੋਂ ਕਿ ਚੰਡੀਗੜ੍ਹ ਵਿਚ 33.1 ਮਿਲੀ ਮੀਟਰ ਬਾਰਸ਼ ਨੋਟ ਕੀਤੀ ਗਈ ਹੈ। ਬਾਰਸ਼ ਹੋਣ ਨਾਲ ਕਿਸਾਨਾਂ ਦੇ  ਚਿਹਰੇ ਖਿੜ ਗਏ ਹਨ। ਝੋਨੇ ਦੀ ਲਵਾਈ ਭਾਵੇਂ 20 ਜੂਨ ਤੋਂ ਸ਼ੁਰੂ ਹੋਣੀ ਹੈ ਪਰ ਬਾਰਸ਼ ਕਾਰਨ ਧਰਤੀ ਦਾ ਸੀਨਾ ਠਰ ਗਿਆ ਹੈ ਜਿਸ ਕਰ ਕੇ ਅਗਲੇ ਦਿਨੀਂ ਝੋਨੇ ਦੀ ਲਵਾਈ ਸ਼ੁਰੂ ਹੋਣ ਵੇਲੇ ਆਮ ਨਾਲੋਂ ਘੱਟ ਪਾਣੀ ਦੀ ਲੋੜ ਪਵੇਗੀ।

 ਪਿਛਲੇ ਦਿਨੀਂ ਪਾਰਾ 43 ਡਿਗਰੀ ਨੂੰ ਪਾਰ ਕਰਨ ਲੱਗਾ ਸੀ ਜਿਹੜਾ ਕਿ ਅੱਜ 33.8 ਡਿਗਰੀ 'ਤੇ ਆ ਡਿੱਗਿਆ ਹੈ। ਰਾਤ ਦਾ ਪਾਰਾ 22.6 ਡਿਗਰੀ ਨੋਟ ਕੀਤਾ ਗਿਆ ਹੈ। ਮੌਸਮ ਵਿਭਾਗ ਨੇ ਅਗਲੇ ਦੋ ਦਿਨਾਂ ਦੌਰਾਨ ਆਸਮਾਨ ਵਿਚ ਬੱਦਲ ਛਾਏ ਰਹਿਣ ਦੀ ਭਵਿੱਖਬਾਣੀ ਕੀਤੀ ਹੈ। ਭਲਕ ਨੂੰ ਮੀਂਹ ਅਤੇ ਸੋਮਵਾਰ ਨੂੰ ਬੱਦਲਵਾਈ ਦੇ ਆਸਾਰ ਦੱਸੇ ਜਾ ਰਹੇ ਹਨ।