ਫ਼ਤਹਿਵੀਰ ਦੇ ਦਾਦੇ ਨੇ ਕੀਤੀ ਲੋਕਾਂ ਨੂੰ ਸ਼ਾਂਤ ਰਹਿਣ ਦੀ ਅਪੀਲ

ਏਜੰਸੀ

ਖ਼ਬਰਾਂ, ਪੰਜਾਬ

ਫਤਿਹ ਦੇ ਦਾਦਾ ਨੇ ਲੋਕਾਂ ਨੂੰ ਨਾਅਰੇਬਾਜ਼ੀ ਨਾ ਕਰਨ ਦੀ ਅਪੀਲ ਕਰਦਿਆਂ ਕਿਹਾ ਹੈ ਕਿ ਜੇਕਰ ਉਹ ਸ਼ਾਂਤ ਨਹੀਂ ਹੋਣਗੇ ਤਾਂ ਕੰਮ ਵਿਚ ਵਿਘਨ ਪਵੇਗਾ

Fatehveer Singh rescue operation continued

ਸੰਗਰੂਰ- ਪਿਛਲੇ 90 ਘੰਟਿਆਂ ਤੋਂ ਜ਼ਿਆਦਾ ਸਮਾਂ ਹੋ ਗਿਆ ਹੈ ਫ਼ਤਹਿਵੀਰ ਨੂੰ ਬੋਰਵੈਲ ਚ ਡਿੱਗਿਆ। ਬੋਰਵੈੱਲ ‘ਚ ਡਿੱਗਿਆ ਫਤਿਹਵੀਰ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ। ਫਤਿਹਵੀਰ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹੈ, ਪਰ ਅਜੇ ਤੱਕ ਐੱਨ.ਡੀ.ਆਰ.ਐੱਫ. ਤੇ ਸਮਾਜਿਕ ਸੰਸਥਾਵਾਂ ਵਲੋਂ ਕੀਤੇ ਜਾ ਰਹੇ ਯਤਨ ਸਫਲ ਨਹੀਂ ਹੋ ਸਕੇ ਹਨ। ਬਚਾਅ ਕਾਰਜਾਂ ਵਿਚ ਹੋ ਰਹੀ ਦੇਰੀ ਦੇ ਰੋਸ ਵਿਚ ਲੋਕਾਂ ਦਾ ਗੁੱਸਾ ਬਾਹਰ ਆ ਗਿਆ ਹੈ।

ਜਿਸਨੂੰ ਦੇਖਦੇ ਹੋਏ ਫਤਿਹ ਦੇ ਦਾਦਾ ਨੇ ਲੋਕਾਂ ਨੂੰ ਚੁੱਪ ਰਹਿਣ ਦੀ ਅਪੀਲ ਕੀਤੀ ਹੈ। ਇਸ ਮਾਮਲੇ ਵਿਚ ਫਤਿਹ ਦੇ ਦਾਦਾ ਨੇ ਲੋਕਾਂ ਨੂੰ ਨਾਅਰੇਬਾਜ਼ੀ ਨਾ ਕਰਨ ਦੀ ਅਪੀਲ ਕਰਦਿਆਂ ਕਿਹਾ ਹੈ ਕਿ ਜੇਕਰ ਉਹ ਸ਼ਾਂਤ ਨਹੀਂ ਹੋਣਗੇ ਤਾਂ ਕੰਮ ਵਿਚ ਵਿਘਨ ਪਵੇਗਾ। ਜਿਸ ਕਾਰਨ ਫਤਿਹ ਨੂੰ ਬੋਰਵੈੱਲ ਵਿਚੋਂ ਕੱਢਣ ਵਿਚ ਹੋਰ ਵੀ ਜਿਆਦਾ ਸਮਾਂ ਲਗੇਗਾ। ਜ਼ਿਕਰਯੋਗ ਹੈ ਕਿ ਮੌਕੇ ‘ਤੇ ਮੌਜੂਦ ਲੋਕਾਂ ਨੇ ਸੰਗਰੂਰ-ਮਾਨਸਾ ਹਾਈਵੇਅ ਨੂੰ ਜਾਮ ਕਰ ਦਿੱਤਾ ਹੈ ਹਾਲਾਂਕਿ ਇਸ ਤੋਂ ਕੁਝ ਸਮਾਂ ਪਹਿਲਾਂ ਵੀ ਲੋਕਾਂ ਨੇ ਮੌਕੇ ‘ਤੇ ਸਰਕਾਰ ਤੇ ਪ੍ਰਸ਼ਾਸਨ ਖਿਲਾਫ਼ ਨਾਅਰੇਬਾਜ਼ੀ ਕੀਤੀ ਸੀ।

ਪੁਲਿਸ ਲੋਕਾਂ ਨੂੰ ਸ਼ਾਂਤ ਕਰਨ ਵਿਚ ਲੱਗੀ ਹੋਈ ਸੀ, ਪਰ ਵਧਦੇ ਰੋਸ ਕਾਰਨ ਪੁਲਿਸ ਨੇ ਬੱਚੇ ਦੇ ਦਾਦੇ ਤੋਂ ਲੋਕਾਂ ਨੂੰ ਸ਼ਾਂਤ ਰਹਿਣ ਦੀ ਅਪੀਲ ਕਰਵਾਈ। ਪੁਲਿਸ ਨੇ ਲੋਕਾਂ ਨੂੰ ਕਾਬੂ ਰੱਖਣ ਲਈ ਬੈਰੀਕੇਡ ਵੀ ਲਾਏ ਹੋਏ ਹਨ ਅਤੇ ਦਾਦੇ ਦੇ ਅਪੀਲ ਕਰਨ ਮਗਰੋਂ ਮਾਹੌਲ ਕੁਝ ਸ਼ਾਂਤ ਸੀ, ਪਰ ਹੁਣ ਦੋਬਾਰਾ ਲੋਕਾਂ ਵਿਚ ਰੋਸ ਦਿਖਾਈ ਦੇ ਰਿਹਾ ਹੈ।

ਦੱਸ ਦਈਏ ਕਿ ਫ਼ਤਿਹਵੀਰ ਨੂੰ ਬਾਹਰ ਕੱਢਣ ਲਈ 32 ਇੰਚ ਚੌੜਾ ਇਕ ਸਮਾਂਤਰ ਬੋਰਵੈੱਲ ਬਣਾਇਆ ਗਿਆ ਹੈ ਤਾਂ ਕਿ ਲਗਭਗ 120 ਫੁੱਟ ਦੀ ਡੂੰਘਾਈ ‘ਤੇ 9 ਇੰਚ ਚੌੜੇ ਬੋਰਵੈੱਲ ਵਿਚ ਫਸੇ ਫਤਿਹਵੀਰ ਤੱਕ ਦੋਨਾਂ ਬੋਰਵੈੱਲਾਂ ਵਿਚਾਲੇ ਸੁਰੰਗ ਬਣਾ ਕੇ ਪਹੁੰਚਿਆ ਜਾ ਸਕੇ। ਕਈ ਜੇ. ਸੀ. ਬੀ. ਮਸ਼ੀਨਾਂ, ਕਈ ਦਰਜਨ ਟਰੈਕਟਰ ਮੌਕੇ ‘ਤੇ ਦਿਨ-ਰਾਤ ਕੰਮ ਕਰ ਰਹੇ ਹਨ। ਹਾਲਾਂਕਿ ਉਸ ਦੀ ਸਥਿਤੀ ਨੂੰ ਕੈਮਰਿਆਂ ਰਾਹੀਂ ਲਗਾਤਾਰ ਦੇਖਿਆ ਜਾ ਰਿਹਾ ਹੈ।