​​​​​​​5ਵੇਂ ਦਿਨ ਵੀ ਪ੍ਰਸ਼ਾਸਨ ਨਹੀਂ ਕੱਢ ਸਕਿਆ ਫ਼ਤਿਹਵੀਰ ਨੂੰ, ਅੱਕੇ ਲੋਕਾਂ ਨੇ ਲਾਇਆ ਮੋਰਚਾ

ਏਜੰਸੀ

ਖ਼ਬਰਾਂ, ਪੰਜਾਬ

ਸੰਗਰੂਰ ਜ਼ਿਲ੍ਹੇ ਦੇ ਪਿੰਡ ਭਗਵਾਨਪੁਰਾ ਦੇ ਇੱਕ ਬੋਰਵੈੱਲ 'ਚ ਡਿੱਗੇ ਦੋ ਸਾਲਾਂ ਬੱਚੇ ਫ਼ਤਿਹਵੀਰ ਸਿੰਘ ਨੂੰ ਅੱਜ ਵੀਰਵਾਰ 5ਵੇਂ ਦਿਨ ਵੀ ਬਾਅਦ ਦੁਪਹਿਰ ਬਾਹਰ ਨਹੀਂ ਕੱਢਿਆ ਜਾ ਸਕਿਆ।

people jammed bathinda patiala higway

ਸੰਗਰੂਰ : ਸੰਗਰੂਰ ਜ਼ਿਲ੍ਹੇ ਦੇ ਪਿੰਡ ਭਗਵਾਨਪੁਰਾ ਦੇ ਇੱਕ ਬੋਰਵੈੱਲ 'ਚ ਡਿੱਗੇ ਦੋ ਸਾਲਾਂ ਬੱਚੇ ਫ਼ਤਿਹਵੀਰ ਸਿੰਘ ਨੂੰ ਅੱਜ ਵੀਰਵਾਰ 5ਵੇਂ ਦਿਨ ਵੀ ਬਾਅਦ ਦੁਪਹਿਰ ਬਾਹਰ ਨਹੀਂ ਕੱਢਿਆ ਜਾ ਸਕਿਆ। ਬੱਚੇ ਦੇ ਸਹੀ–ਸਲਾਮਤ ਬਾਹਰ ਕੱਢ ਲਏ ਜਾਣ ਦੀਆਂ ਪੱਕੀਆਂ ਆਸਾਂ ਹੁਣ ਤਿੜਕਣ ਲੱਗ ਪਈਆਂ ਹਨ। ਇਸੇ ਲਈ ਅੱਜ ਰੋਹ ਵਿੱਚ ਆ ਕੇ ਸਥਾਨਕ ਨਿਵਾਸੀਅਆਂ ਨੇ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਿਰੁੱਧ ਨਾਅਰੇਬਾਜ਼ੀ ਸ਼ੁਰੂ ਕਰ ਕੇ ਸੁਨਾਮ ’ਚ ਪਟਿਆਲਾ–ਮਾਨਸਾ ਸੜਕ ਜਾਮ ਕਰ ਦਿੱਤੀ।

 
ਜਿਸ ਬੋਰ ਵਿੱਚ ਬੱਚਾ ਡਿੱਗਿਆ ਸੀ, ਉਸ ਦੇ ਸਮਾਨਾਂਤਰ 32 ਇੰਚ ਵਿਆਸ ਦਾ 120 ਫ਼ੁੱਟ ਡੂੰਘਾ ਇੱਕ ਹੋਰ ਬੋਰ ਕੀਤਾ ਗਿਆ ਪਰ ਫਿਰ ਵੀ ਬੱਚੇ ਤੱਕ ਪੁੱਜਿਆ ਨਹੀਂ ਜਾ ਸਕਿਆ। ਪ੍ਰਸ਼ਾਸਨ ਤੇ ‘ਨੈਸ਼ਨਲ ਡਿਜ਼ਾਸਟਰ ਰੈਸਪਾਂਸ ਫ਼ੋਰਸ’ (NDRF) ਦੀਆਂ ਟੀਮਾਂ ਬੱਚੇ ਤੱਕ ਪੁੱਜਣ ਵਿੱਚ ਪੂਰੀ ਤਰ੍ਹਾਂ ਨਾਕਾਮ ਰਹੀਆਂ। ਸੁਨਾਮ ਦੇ ਬਲਵੀਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਬੱਚੇ ਨੂੰ ਬਚਾਉਣ ਵਿੱਚ ਨਾਕਾਮ ਰਹੀ ਹੈ। ਸਿਆਸੀ ਆਗੂ ਸਿਰਫ਼ ਆਪਣੀਆਂ ਵੋਟਾਂ ਯਕੀਨੀ ਬਣਾਉਣ ਲਈ ਆ ਰਹੇ ਹਨ ਤੇ ਉਨ੍ਹਾਂ ਦਾ ਬੱਚੇ ਨੂੰ ਬਚਾਉਣ ਨਾਲ ਕੋਈ ਲੈਣਾ–ਦੇਣਾ ਨਹੀਂ ਹੈ।

ਐੱਨਡੀਆਰਐੱਫ਼ ਦੀਆਂ ਟੀਮਾਂ ਨੇ ਜੱਗਾ ਸਿੰਘ ਤੇ ਜਸਪਾਲ ਸਿੰਘ ਜਿਹੇ ਸਥਾਨਕ ਲੋਕਾਂ ਨੂੰ ਆਪਣੀ ਮਰਜ਼ੀ ਨਾਲ ਸਮਾਨਾਂਤਰ ਬੋਰ ਪੁੱਟਣ ਤੋਂ ਸਾਫ਼ ਮਨ੍ਹਾ ਕਰ ਦਿੱਤਾ, ਜਦ ਕਿ ਉਨ੍ਹਾਂ ਨੇ ਬੱਚੇ ਨੂੰ ਬਚਾ ਵੀ ਲੈਣਾ ਸੀ।  ਇਸ ਦੌਰਾਨ ਸੁਨਾਮ ਦੇ ਐੱਸਡੀਐੱਮ ਮਨਜੀਤ ਕੌਰ ਨੇ ਕਿਹਾ ਕਿ ਲੋਕਾਂ ਨੂੰ ਪ੍ਰਸ਼ਾਸਨ ਵਿੱਚ ਭਰੋਸਾ ਰੱਖਣਾ ਚਾਹੀਦਾ ਹੈ ਤੇ ਬੱਚੇ ਨੂੰ ਬਾਹਰ ਕੱਢਣ ਲਈ ਹਰ ਸੰਭਵ ਹੱਦ ਤੱਕ ਜਤਨ ਕੀਤੇ ਜਾ ਰਹੇ ਹਨ। ਫ਼ਤਿਹਵੀਰ ਸਿੰਘ ਦੇ ਪਰਿਵਾਰ ਨੂੰ ਵੀ ਆਸ ਹੈ ਕਿ ਕੋਈ ਚਮਤਕਾਰ ਵਾਪਰੇਗਾ ਤੇ ਬੱਚਾ ਸਹੀ–ਸਲਾਮਤ ਬਾਹਰ ਆ ਜਾਵੇਗਾ।