ਸੰਵਿਧਾਨ ਦੀ ਤੌਹੀਨ ਹੈ SGPC ਪ੍ਰਧਾਨ ਦਾ ਅਕਾਲੀ ਦਲ ਦੀ ਕੋਰ ਕਮੇਟੀ ਦਾ ਮੈਂਬਰ ਬਣਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਸਿੱਖ ਪੰਥ ਦੀ ਸਿਰਮੌਰ ਸੰਸਥਾ

Baljinder Kaur

ਬਠਿੰਡਾ: ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਸਿੱਖ ਪੰਥ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੂੰ ਪਾਰਟੀ (ਬਾਦਲ ਦਲ) ਦੀ ਕੋਰ ਕਮੇਟੀ ਦਾ ਮੈਂਬਰ ਨਿਯੁਕਤ ਕਰਨ 'ਤੇ ਸਖ਼ਤ ਇਤਰਾਜ਼ ਕੀਤਾ ਹੈ ਅਤੇ ਗੋਬਿੰਦ ਸਿੰਘ ਲੌਂਗੋਵਾਲ ਕੋਲੋਂ ਐਸ.ਜੀ.ਪੀ.ਸੀ ਪ੍ਰਧਾਨ ਦੇ ਅਹੁਦੇ ਤੋਂ ਤੁਰੰਤ ਅਸਤੀਫ਼ਾ ਮੰਗਿਆ ਹੈ।

ਮੰਗਲਵਾਰ ਨੂੰ ਬਠਿੰਡਾ 'ਚ ਪ੍ਰੈਸ ਕਾਨਫਰੰਸ ਰਾਹੀਂ ਪਾਰਟੀ ਦੀ ਮੁੱਖ ਬੁਲਾਰਾ ਅਤੇ ਵਿਧਾਇਕ ਪ੍ਰੋ. ਬਲਜਿੰਦਰ ਕੌਰ ਅਤੇ ਵਿਧਾਇਕਾ ਰੁਪਿੰਦਰ ਕੌਰ ਰੂਬੀ ਨੇ ਬਾਦਲ ਪ੍ਰਵਾਰ 'ਤੇ ਸਿੱਧਾ ਹਮਲਾ ਬੋਲਦੇ ਹੋਏ ਕਿਹਾ

ਕਿ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਪਣੀ ਕੋਰ ਕਮੇਟੀ ਰਾਹੀਂ ਐਸਜੀਪੀਸੀ ਪ੍ਰਧਾਨ ਦਾ ਅਹੁਦਾ ਸਿੱਧੇ ਅਤੇ ਅਧਿਕਾਰਤ ਤੌਰ 'ਤੇ ਅਪਣੇ ਅਧੀਨ ਲੈ ਲਿਆ ਹੈ।

ਜੋ ਨਾ ਕੇਵਲ ਭਾਰਤੀ ਸੰਵਿਧਾਨ ਦੀ ਉਲੰਘਣਾ ਹੈ, ਸਗੋਂ ਸਮੁੱਚੀ ਸਿੱਖ ਕੌਮ ਦੀ ਆਨ ਅਤੇ ਸ਼ਾਨ 'ਤੇ ਵੀ ਹਮਲਾ ਹੈ, ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਸੰਬੰਧਿਤ ਬਰਗਾੜੀ ਕਾਂਡ ਅਤੇ ਬਹਿਬਲ ਕਲਾਂ-ਕੋਟਕਪੂਰਾ ਗੋਲੀਕਾਂਡ ਮਾਮਲਿਆਂ 'ਚ ਬਾਦਲ ਪ੍ਰਵਾਰ ਨੂੰ ਕੌਮ ਅਤੇ ਕਾਨੂੰਨ ਦੋਵਾਂ ਵਲੋਂ ਕਲੀਨ ਚਿੱਟ ਨਹੀਂ ਮਿਲੀ।

ਪ੍ਰੋ.ਬਲਜਿੰਦਰ ਕੌਰ ਨੇ ਕਿਹਾ ਕਿ ਭਾਈ ਲੌਂਗੋਵਾਲ ਦਾ ਬਾਦਲ ਦਲ ਦੀ ਕੋਰ ਕਮੇਟੀ ਦਾ ਮੈਂਬਰ ਬਣਨਾ ਭਾਰਤੀ ਚੋਣ ਕਮਿਸ਼ਨ ਅਤੇ ਭਾਰਤੀ ਅਦਾਲਤਾਂ ਲਈ ਵੀ ਪਰਖ ਦੀ ਘੜੀ ਹੈ।

ਕਿਉਂਕਿ ਪੰਜਾਬ ਨਾਲ ਸੰਬੰਧਿਤ ਉੱਘੇ ਸਮਾਜ ਸੇਵੀ ਅਤੇ ਬਜ਼ੁਰਗ ਆਗੂ ਬਲਵੰਤ ਸਿੰਘ ਖੇੜਾ ਪਿਛਲੇ ਲੰਮੇ ਸਮੇਂ ਤੋਂ ਅਕਾਲੀ ਦਲ ਬਾਦਲ ਦੇ ਧਰਮ ਅਤੇ ਰਾਜਨੀਤੀ ਵਾਲੇ ਦੋਹਰੇ ਮੁਖੌਟੇ ਵਿਰੁਧ ਕਾਨੂੰਨੀ ਲੜਾਈ ਲੜਦੇ ਆ ਰਹੇ ਹਨ।

ਜਿਸ ਤਹਿਤ ਅਕਾਲੀ ਦਲ (ਬਾਦਲ) ਦੇ 2 ਸੰਵਿਧਾਨਾਂ ਨੂੰ ਦਿੱਲੀ ਹਾਈਕੋਰਟ ਅਤੇ ਹੁਸ਼ਿਆਰਪੁਰ ਦੀ ਅਦਾਲਤ 'ਚ ਚੁਨੌਤੀ ਮਿਲੀ ਹੋਈ ਹੈ। ਇਸ ਦੇ ਨਾਲ ਹੀ ਪ੍ਰੋ.ਬਲਜਿੰਦਰ ਕੌਰ ਅਤੇ ਰੁਪਿੰਦਰ ਕੌਰ ਰੂਬੀ ਨੇ ਕਿਹਾ ਕਿ ਭਾਰਤੀ ਚੋਣ ਕਮਿਸ਼ਨ ਨੂੰ ਅਕਾਲੀ ਦਲ ਦੇ ਇਸ ਕਦਮ ਦਾ ਨੋਟਿਸ ਲੈਂਦਿਆਂ ਅਕਾਲੀ ਦਲ (ਬਾਦਲ) ਦੀ ਇਕ ਸਿਆਸੀ ਪਾਰਟੀ ਵਜੋਂ ਮਾਨਤਾ ਰੱਦ ਕਰ ਦੇਣੀ ਚਾਹੀਦੀ ਹੈ।

ਉਨ੍ਹਾਂ ਕਿਹਾ ਕਿ ਛੇਤੀ ਹੀ ਆਮ ਆਦਮੀ ਪਾਰਟੀ ਦਾ ਵਫ਼ਦ ਬਾਦਲ ਦਲ ਵਿਰੁੱਧ ਚੋਣ ਕਮਿਸ਼ਨ ਨੂੰ ਮੰਗ ਪੱਤਰ ਦੇਵੇਗਾ। ਪ੍ਰੋ.ਬਲਜਿੰਦਰ ਕੌਰ ਤੇ ਰੁਪਿੰਦਰ ਕੌਰ ਰੂਬੀ ਨੇ ਕਿਹਾ ਬਾਦਲਾਂ ਦੇ ਇਸ ਗ਼ੈਰ ਸੰਵਿਧਾਨਕ ਅਤੇ ਅਨੈਤਿਕ ਕਦਮ ਦੇ ਖ਼ਿਲਾਫ਼ ਅਵਾਜ ਬੁਲੰਦ ਕਰਨਾ ਪੰਥ ਅਤੇ ਪੰਜਾਬੀਆਂ ਦਾ ਫਰਜ਼ ਬਣਦਾ ਹੈ, ਕਿਉਂਕਿ ਐਸਜੀਪੀਸੀ ਸਮੁੱਚੀ ਸਿੱਖ ਕੌਮ ਦੀਆਂ ਅਥਾਹ ਕੁਰਬਾਨੀਆਂ ਅਤੇ ਸੰਘਰਸ਼ ਨਾਲ ਹੋਂਦ 'ਚ ਆਈ ਸਿਰਮੌਰ ਸੰਸਥਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ