'ਮਿਸ਼ਨ ਫ਼ਤਿਹ' : ਕੋਵਿਡ-19 ਦੇ ਮਰੀਜ਼ਾਂ ਦੇ ਇਲਾਜ ਕਰ ਰਹੇ ਡਾਕਟਰਾਂ ਲਈ ਆਨ ਲਾਇਨ ਸਿਖਲਾਈ ਜਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਸਮੇਤ ਪੀ.ਜੀ.ਆਈ., ਏਮਜ, ਦੇਸ਼ ਤੇ ਵਿਦੇਸ਼ਾਂ ਦੇ ਮਾਹਰ ਡਾਕਟਰ ਲੈਂਦੇ ਨੇ ਚਰਚਾ 'ਚ ਹਿੱਸਾ

'ਮਿਸ਼ਨ ਫ਼ਤਿਹ' : ਕੋਵਿਡ-19 ਦੇ ਮਰੀਜ਼ਾਂ ਦੇ ਇਲਾਜ ਕਰ ਰਹੇ ਡਾਕਟਰਾਂ ਲਈ ਆਨ ਲਾਇਨ ਸਿਖਲਾਈ ਜਾਰੀ

ਪਟਿਆਲਾ, 9 ਜੂਨ (ਤੇਜਿੰਦਰ ਫ਼ਤਿਹਪੁਰ) : ਮਿਸ਼ਨ ਫ਼ਤਿਹ ਤਹਿਤ ਕੋਵਿਡ-19 ਤੋਂ ਪ੍ਰਭਾਵਤ ਮਰੀਜਾਂ ਦੇ ਇਲਾਜ ਕਰ ਰਹੇ ਸਿਹਤ ਵਿਭਾਗ ਅਤੇ ਮੈਡੀਕਲ ਸਿੱਖਿਆ ਤੇ ਖੋਜ ਵਿਭਾਗ ਦੇ ਡਾਕਟਰਾਂ ਦੀ ਵੀਡੀਉ ਕਾਨਫ਼ਰੰਸਿੰਗ ਰਾਹੀਂ ਆਨਲਾਈਨ ਟ੍ਰੇਨਿੰਗ ਲਗਾਤਾਰ ਜਾਰੀ ਹੈ ਤਾਕਿ ਇਨ੍ਹਾਂ ਡਾਕਟਰਾਂ ਨੂੰ ਦੇਸ਼ ਅਤੇ ਵਿਦੇਸ਼ਾਂ ਵਿੱਚ ਕੋਵਿਡ-19 ਨਾਲ ਸਬੰਧਤ ਤਾਜਾ ਜਾਣਕਾਰੀਆਂ ਅਤੇ ਇਲਾਜ ਵਿਧੀਆਂ ਤੋਂ ਜਾਣੂ ਕਰਵਾਇਆ ਜਾ ਸਕੇ।

ਇਸ ਸਬੰਧੀ ਸਿਹਤ ਅਤੇ ਮੈਡੀਕਲ ਸਿਖਿਆ ਬਾਰੇ ਸਲਾਹਕਾਰ ਡਾ. ਕੇ.ਕੇ. ਤਲਵਾੜ ਦੀ ਅਗਵਾਈ ਹੇਠ, ਜਿਸ 'ਚ ਡੀ.ਐਮ.ਸੀ. ਲੁਧਿਆਣਾ ਤੋਂ ਪ੍ਰੋ. ਬਿਸ਼ਵ ਮੋਹਨ ਵੀ ਕਨਵੀਨਰ ਵਜੋਂ ਸ਼ਾਮਲ ਹੁੰਦੇ ਹਨ, ਹਰ ਵੀਰਵਾਰ ਅਤੇ ਸ਼ਨੀਵਾਰ ਨੂੰ ਸਬੰਧਤ ਡਾਕਟਰ ਆਨਲਾਇਨ ਇਕੱਠੇ ਹੋਕੇ ਕੋਵਿਡ-19 ਬਾਰੇ ਚਰਚਾ ਕਰਦੇ ਹਨ।

ਪਟਿਆਲਾ ਤੋਂ ਛਾਤੀ ਤੇ ਸਾਂਹ ਰੋਗਾਂ ਦੇ ਮਾਹਰ ਡਾ. ਵਿਸ਼ਾਲ ਚੋਪੜਾ, ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਤੋਂ  ਪਟਿਆਲਾ, ਅੰਮ੍ਰਿਤਸਰ, ਫਰੀਦਕੋਟ ਤੇ ਡੀ.ਐਮ.ਸੀ ਲੁਧਿਆਣਾ (ਟਾਈਪ 3 ਹਸਪਤਾਲਾਂ) ਲਈ ਹਰ ਸ਼ਨੀਵਾਰ ਨੂੰ ਹੁੰਦੀ ਵੀਡੀਓ ਕਾਨਫਰੰਸਿਗ ਲਈ ਨੋਡਲ ਅਫ਼ਸਰ ਲਗਾਏ ਗਏ ਹਨ, ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਵਿਡ-19 ਖ਼ਿਲਾਫ਼ ਜੰਗ 'ਚ ਜਿੱਤ ਪ੍ਰਾਪਤ ਕਰਨ ਲਈ ਅਰੰਭੇ ਮਿਸ਼ਨ ਫ਼ਤਿਹ ਤਹਿਤ ਇਹ ਟ੍ਰੇਨਿੰਗ ਡਾ. ਕੇ.ਕੇ. ਤਲਵਾੜ ਦੀ ਅਗਵਾਈ ਹੇਠ ਕੀਤੀ ਜਾਂਦੀ ਹੈ। ਇਸ ਦੌਰਾਨ ਹਰ ਵੀਰਵਾਰ ਨੂੰ ਟਾਈਪ ਦੋ ਅਤੇ ਤਿੰਨ ਹਸਪਤਾਲਾਂ, ਜਿਨ੍ਹਾਂ 'ਚ ਜ਼ਿਲ੍ਹਾ ਹਸਪਤਾਲ ਤੇ ਡਿਸਪੈਂਸਰੀਆਂ ਸ਼ਾਮਲ ਹਨ, ਲਈ ਸਿਹਤ ਵਿਭਾਗ ਤੋਂ ਡਾ. ਗੁਰਵਿੰਦਰ ਕੌਰ ਸ਼ਾਮਲ ਹਨ।

ਡਾ. ਵਿਸ਼ਾਲ ਚੋਪੜਾ ਨੇ ਦਸਿਆ ਕਿ 27 ਮਾਰਚ ਤੋਂ ਲੈ ਕੇ 4 ਜੂਨ ਤਕ ਕੋਵਿਡ-19 ਦੇ ਇਲਾਜ 'ਚ ਲੱਗੇ 1914 ਮੈਡੀਕਲ ਮਾਹਰਾਂ ਨੇ 19 ਸੈਸ਼ਨਾਂ ਦੌਰਾਨ ਪਲਾਜ਼ਮਾ ਥ੍ਰੈਪੀ ਅਤੇ ਸਟੀਰਾਇਡਜ ਦੀ ਵਰਤੋਂ ਬਾਰੇ ਖੁਲ੍ਹ ਕੇ ਚਰਚਾ ਕੀਤੀ ਹੈ। ਇਸ ਦੌਰਾਨ ਕੋਰੋਨਾ ਯੋਧਿਆਂ, ਜਿਨ੍ਹਾਂ 'ਚ ਸਿਹਤ ਸੇਵਾਵਾਂ 'ਚ ਲੱਗੇ ਡਾਕਟਰਾਂ ਤੇ ਪੈਰਾ ਮੈਡੀਕਲ ਅਮਲੇ ਸਮੇਤ ਹੋਰਨਾਂ ਨੂੰ ਕੋਵਿਡ-19 ਤੋਂ ਬਚਾਉਣ ਸਮੇਤ ਸੈਂਪਲ ਲੈਣ ਅਤੇ ਆਈਸੋਲੇਸ਼ਨ ਪ੍ਰੋਟੋਕਾਲ ਬਾਰੇ ਯੋਜਨਾਬੱਧ ਤਰੀਕੇ ਨਾਲ ਚਰਚਾ ਕੀਤੀ ਜਾਂਦੀ ਹੈ।