ਗੋਲੀਬਾਰੀ ਦੌਰਾਨ ਇਕ ਪੁਲਿਸ ਕਰਮੀ ਦੀ ਮੌਤ, ਦੋ ਜ਼ਖ਼ਮੀ: ਐਸ ਐਸ.ਪੀ.

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੋਗਾ ਪਿੰਡ ਖੋਸਾ ਪਾਂਡੋ ਵਿਖੇ ਗੋਲੀਬਾਰੀ ਦੌਰਾਨ ਪੰਜਾਬ ਪੁਲਿਸ ਦੇ ਇਕ ਕਾਂਸਟੇਬਲ ਦੀ ਮੌਤ ਹੋ ਗਈ ਹੈ

File

ਮੋਗਾ, 9 ਜੂਨ (ਅਮਜਦ ਖਾਨ/ਜਸਵਿੰਦਰ ਧੱਲੇਕੇ): ਮੋਗਾ ਪਿੰਡ ਖੋਸਾ ਪਾਂਡੋ ਵਿਖੇ ਗੋਲੀਬਾਰੀ ਦੌਰਾਨ ਪੰਜਾਬ ਪੁਲਿਸ ਦੇ ਇਕ ਕਾਂਸਟੇਬਲ ਦੀ ਮੌਤ ਹੋ ਗਈ ਹੈ ਜਦਕਿ ਦੋ ਪੁਲਿਸ ਕਰਮੀ ਜ਼ਖ਼ਮੀ ਹੋਏ ਹਨ। ਇਸ ਨਾਲ ਸਬੰਧਤ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।  ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਹਰਮਨਬੀਰ ਸਿੰਘ ਗਿੱਲ ਨੇ ਦਸਿਆ ਕਿ 8 ਜੂਨ ਨੂੰ ਸ਼ਾਮ 7:30 ਵਜੇ ਪਿੰਡ ਖੋਸਾ ਪਾਂਡੋ, ਪੁਲਿਸ ਸਟੇਸ਼ਨ ਸਦਰ ਮੋਗਾ ਦੇ ਵਾਸੀ ਬਲਦੇਵ ਸਿੰਘ ਨੇ ਸ਼ਿਕਾਇਤ ਕੀਤੀ ਕਿ ਉਸ ਦੇ ਭਤੀਜੇ ਗੁਰਵਿੰਦਰ ਸਿੰਘ ਨੇ ਤੂੜੀ ਵਾਲੇ ਕਮਰੇ ਨੂੰ ਅੱਗ ਲਗਾ ਦਿਤੀ ਹੈ।

ਸ਼ਿਕਾਇਤ ਮਿਲਣ ਉਤੇ ਡਿਊਟੀ ਅਫ਼ਸਰ ਏ.ਐਸ.ਆਈ ਬੂਟਾ ਸਿੰਘ ਮੌਕੇ ਉਤੇ ਪਹੁੰਚੇ ਪ੍ਰੰਤੂ ਗੁਰਵਿੰਦਰ ਸਿੰਘ ਨੇ ਪੁਲਿਸ ਨੂੰ ਦਾਖ਼ਲ ਹੋਣ ਲਈ ਗੇਟ ਨਾ ਖੋਲ੍ਹਿਆ। ਮੁਲਜ਼ਮ ਗੁਰਵਿੰਦਰ ਸਿੰਘ ਘਰ ਦੀ ਛੱਤ ਉੱਤੇ ਲੁਕ ਗਿਆ ਜਿੱਥੋ ਉਸ ਨੇ ਪੁਆਇੰਟ 12 ਬੋਰ ਦੀ ਬੰਦੂਕ ਨਾਲ ਗੋਲੀ ਚਲਾਉਣ ਦੀ ਧਮਕੀ ਦਿਤੀ। ਐਸ.ਐਚ.ਉ. ਪੁਲਿਸ ਸਟੇਸ਼ਨ ਸਦਰ ਮੋਗਾ ਕਰਮਜੀਤ ਸਿੰਘ ਮੌਕੇ ਉਤੇ ਹੋਰ ਵਧੇਰੇ ਫ਼ੋਰਸ ਨਾਲ ਪੁੱਜੇ, ਪ੍ਰੰਤੂ ਮੁਲਜ਼ਮ ਨੇ ਪੁਲਿਸ ਪਾਰਟੀ ਉੱਤੇ ਗੋਲੀਆਂ ਚਲਾਈਆਂ। ਐਸ.ਐਚ.ਉ. ਕਰਮਜੀਤ ਸਿੰਘ ਨੇ ਜ਼ਿਲ੍ਹਾ ਪੁਲਿਸ ਮੁਖੀ ਨੁੰ ਬੇਨਤੀ ਕੀਤੀ ਕਿ ਮੌਕੇ ਉਤੇ ਸੀਨੀਅਰ ਅਫ਼ਸਰ ਭੇਜੇ ਜਾਣ ਕਿਊਂਕਿ ਮੁਲਜ਼ਮ ਬਹੁਤ ਜ਼ਿਆਦਾ ਗੁੱਸੇ ਵਿਚ ਸੀ।

ਇਸ ਤੋਂ ਬਾਅਦ ਐਸ.ਪੀ.(ਆਈ.) ਹਰਿੰਦਰਪਾਲ ਸਿੰਘ ਪਰਮਾਰ, ਡੀਐਸ.ਪੀ. (ਆਈ) ਜੰਗਜੀਤ ਸਿੰਘ ਅਤੇ ਡੀ.ਐਸ.ਪੀ. ਸਿਟੀ ਬਰਜਿੰਦਰ ਸਿੰਘ ਮੌਕੇ ਉਤੇ ਪਹੁੰਚੇ। ਜਦ ਇਹ ਸਾਰੇ ਅਫ਼ਸਰ ਮੁਲਜ਼ਮ ਨੂੰ ਸ਼ਾਂਤ ਕਰਨ ਦੀ ਕੋਸ਼ਿਸ ਕਰ ਰਹੇ ਸਨ ਤਾਂ ਉਸ ਨੇ ਕਾਂਸਟੇਬਲ ਜਗਮੋਹਨ ਸਿੰਘ ਉਤੇ ਫ਼ਾਇਰਿੰਗ ਕੀਤੀ ਜਿਸ ਉਤੇ ਗੋਲੀ ਲੱਗਣ ਉਤੇ ਜਗਮੋਹਣ ਸਿੰਘ ਡਿੱਗ ਪਿਆ। ਇਸ ਦੌਰਾਨ ਦੋ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋਏ ਜਿੰਨ੍ਹਾਂ ਵਿਚ ਇੰਚਾਰਜ ਸੀ.ਆਈ.ਏ. ਮੋਗਾ ਇੰਸਪੈਕਟਰ ਤਰਲੋਚਨ ਸਿੰਘ ਅਤੇ ਹੈੱਡ ਕਾਂਸਟੇਬਲ ਵੇਦਮ ਸਿੰਘ 206/ਮੋਗਾ ਸ਼ਾਮਲ ਹਨ। ਜ਼ਿਲ੍ਹਾ ਪੁਲਿਸ ਮੁਖੀ ਹਰਮਨਬੀਰ ਸਿੰਘ ਗਿੱਲ ਵੀ ਮੌਕਾ ਏ ਵਾਰਦਾਤ ਉਤੇ ਪੁੱਜੇ।

ਉਨ੍ਹਾਂ ਦਸਿਆ ਕਿ ਉਸ ਸਮੇਂ ਇਹ ਨਹੀਂ ਪਤਾ ਸੀ ਕਿ ਜਗਮੋਹਨ ਸਿੰਘ ਜ਼ਿੰਦਾ ਹੈ ਜਾਂ ਮਾਰਿਆ ਗਿਆ। ਮੌਕੇ ਉਤੇ ਕਵਰ ਫ਼ਾਇਰ ਦੇ ਕੇ ਜਗਮੋਹਣ ਸਿੰਘ ਨੂੰ ਉੱਥੋ ਚੱਕਿਆ ਗਿਆ ਪ੍ਰੰਤੂ ਉਦੋਂ ਤਕ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ। ਪੁਲਿਸ ਨੇ ਬਹੁਤ ਮੁਸ਼ਕਲ ਤੋਂ ਬਹੁਤ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਅਤੇ ਸ਼ਹੀਦ ਜਗਮੋਹਨ ਸਿੰਘ ਦਾ ਅੰਤਮ ਸਸਕਾਰ ਪਿੰਡ ਮਾਣੂੰਕੇ ਵਿਖੇ ਪੁਲਿਸ ਦੇ ਨਿਯਮਾਂ ਅਨੁਸਾਰ ਕੀਤਾ ਗਿਆ। ਜਿਸ ਵਿਚ ਸਪੈਸ਼ਲ ਡੀ.ਜੀ.ਪੀ. ਪੰਜਾਬ ਆਰਮਡ ਫੋਰਸ ਸ੍ਰੀ ਆਈ.ਪੀ.ਐਸ. ਸਹੋਤਾ ਨੇ ਡੀ.ਜੀ.ਪੀ. ਪੰਜਾਬ ਵਲੋਂ ਸ਼ਰਧਾਂਜਲੀ ਦਿਤੀ। ਇਸ ਮੌਕੇ ਆਈਂ.ਜੀ. ਫ਼ਰੀਦਕੋਟ ਰੇਜ ਸ੍ਰੀ ਕੌਸਤੁਭ ਸ਼ਰਮਾ ਅਤੇ ਐਸ.ਐਸ.ਪੀ. ਹਰਮਨਬੀਰ ਸਿੰਘ ਗਿੱਲ ਵੀ ਹਾਜ਼ਰ ਸਨ।

ਮੁਲਜ਼ਮ ਵਲੋਂ ਪੁਲਿਸ ਪਾਰਟੀ ਉਤੇ ਫ਼ਾਇਰਿੰਗ ਜਾਰੀ ਰਹੀ ਪ੍ਰੰਤੂ ਪੁਲਿਸ ਵਲੋਂ ਸੰਜਮ ਵਰਤਦੇ ਹੋਏ ਕੰਮ ਕੀਤਾ ਗਿਆ ਤਾਂ ਜੋ ਮੁਲਜ਼ਮ ਨੂੰ ਫੜ੍ਹ ਲਿਆ ਜਾਵੇ। ਉਨ੍ਹਾਂ ਦਸਿਆ ਕਿ ਅਗਲੇ ਦਿਨ 6 ਜੂਨ ਨੂੰ ਸਵੇਰੇ 4 ਵਜੇ ਗੁਰਵਿੰਦਰ ਸਿੰਘ ਨੇ ਅਪਣੇ ਘਰ ਦਾ ਗੇਟ ਤੋੜਦੇ ਹੋਏ ਟਾਟਾ ਸਫ਼ਾਈ ਗੱਡੀ ਨੰਬਰ ਪੀ.ਬੀ. 05 0117 ਵਿਚ ਪੁਲਿਸ ਪਾਰਟੀ ਉੱਤੇ ਫ਼ਾਇਰਿੰਗ ਕਰਦੇ ਹੋਏ ਫ਼ਰਾਰ ਹੋਣ ਦੀ ਕੋਸ਼ਿਸ ਕੀਤੀ। ਪੁਲਿਸ ਨੇ ਵੀ ਜਵਾਬ ਵਿਚ ਫ਼ਾਇਰਿੰਗ ਕੀਤੀ ਜਿਸ ਕਾਰਨ ਮੁਲਜ਼ਮ ਜ਼ਖ਼ਮੀ ਹੋ ਗਿਆ।

ਮੁਲਜ਼ਮ ਪਿੰਡ ਪੰਡੋਰੀ ਖੱਤਰੀ, ਪੁਲਿਸ ਸਟੇਸ਼ਨ ਜੀਰਾ ਪਹੁੰਚਿਆ ਜਿੱਥੇ ਉਸ ਨੇ ਅਪਣੀ ਸਫ਼ਾਰੀ ਗੱਡੀ ਛੱਡ ਦਿਤੀ ਅਤੇ ਆਸ ਪਾਸ ਦੇ ਪਿੰਡ ਵਾਲਿਆਂ ਨੂੰ ਇਹ ਦਸਿਆ ਕਿ ਉਸ ਦਾ ਐਕਸੀਡੈਟ ਹੋ ਗਿਆ ਹੈ ਅਤੇ ਉਸ ਦੇ ਸੱਟਾਂ ਵੱਜੀਆਂ ਹਨ। ਆਸ ਪਾਸ ਦੇ ਲੋਕਾਂ ਨੇ 108 ਐਬੂਲੈਸ ਉੱਤੇ ਫ਼ੋਨ ਕਰ ਕੇ ਮੁਲਜ਼ਮ ਨੂੰ ਸਿਵਲ ਹਸਪਤਾਲ ਮੋਗਾ ਵਿਖੇ ਦਾਖ਼ਲ ਕਰਵਾ ਦਿੱਤਾ ਗਿਆ।  ਪੁਲਿਸ ਪਾਰਟੀ ਮੁਲਜ਼ਮ ਨੂੰ ਲੱਭਦੀ ਹੋਈ ਸਿਵਲ ਹਸਪਤਾਲ ਮੋਗਾ ਪਹੁੰਚੀ ਜਿੱਥੇ ਉਸ ਤੋਂ ਵਾਰਦਾਤ ਵਿਚ ਵਰਤੀ ਗਈ ਬੰਦੂਕ ਮਿਲੀ ਅਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇੰਸਪੈਕਟਰ ਤ੍ਰਿਲੋਚਨ ਸਿੰਘ ਅਤੇ ਹੈਡ ਕਾਂਸਟੇਬਲ ਵੇਦਮ ਸਿੰਘ ਦਾ ਇਲਾਜ ਡੀ.ਐਮ.ਸੀ ਲੁਧਿਆਣਾ ਵਿਖੇ ਚੱਲ ਰਿਹਾ ਹੈ। ਮੁਲਜ਼ਮ ਗੁਰਵਿੰਦਰ ਸਿੰਘ ਵਿਰੁਧ ਐਫ.ਆਈ.ਆਰ. ਨੰਬਰ 67 ਅੰਡਰ ਸੈਕਸ਼ਨ 302, 307, 353, 186 ਆਈ.ਪੀ.ਸੀ. ਅਤੇ 25-27 ਅਸਲਾ ਐਕਟ ਦਰਜ ਕੀਤਾ ਗਿਆ ਹੈ। ਇਸ ਮਾਮਲੇ ਦੀ ਤਫ਼ਤੀਸ਼ ਜਾਰੀ ਹੈ।