ਦੋ ਥਾਣੇਦਾਰਾਂ ਨੂੰ  ਮਾਰਨ ਵਾਲੇ ਦੋ ਲੋੜੀਂਦੇ ਪੁਲਿਸ ਮੁਕਾਬਲੇ 'ਚ ਢੇਰ

ਏਜੰਸੀ

ਖ਼ਬਰਾਂ, ਪੰਜਾਬ

ਦੋ ਥਾਣੇਦਾਰਾਂ ਨੂੰ  ਮਾਰਨ ਵਾਲੇ ਦੋ ਲੋੜੀਂਦੇ ਪੁਲਿਸ ਮੁਕਾਬਲੇ 'ਚ ਢੇਰ

image

ਕੋਲਕਾਤਾ, 9 ਜੂਨ : ਭਰੋਸੇਯੋਗ ਸੂਤਰਾਂ ਤੋਂ ਜਾਣਕਾਰੀ ਅਨੁਸਾਰ ਲੋੜੀਂਦੇ ਜੈਪਾਲ ਭੁੱਲਰ ਅਤੇ ਉਸ ਦਾ ਸਾਥੀ ਜਸਪ੍ਰੀਤ ਸੰਘ ਜੱਸੀ ਖਰੜ ਬੰਗਾਲ 'ਚ ਪੰਜਾਬ ਪੁਲਿਸ ਨਾਲ ਸਬੰਧਤ ਟੀਮ ਨਾਲ ਹੋਏ ਮੁਕਾਬਲੇ 'ਚ ਹਲਾਕ ਹੋ ਗਏ ਹਨ | ਦਸਣਯੋਗ ਹੈ ਕਿ ਪੰਜਾਬ ਪੁਲਿਸ ਦੀ ਟੀਮ ਪਿਛਲੇ ਦਿਨਾਂ 'ਚ ਜਗਰਾਉਂ 'ਚ ਦੋ ਥਾਣੇਦਾਰਾਂ ਦੀ ਹਤਿਆ ਦੇ ਮਾਮਲੇ 'ਚ ਲੋੜੀਂਦੇ ਜੈਪਾਲ ਭੁੱਲਰ ਤੇ ਉਸ ਦੇ ਸਾਥੀ ਦੀ ਲਗਾਤਾਰ ਪੁੱਛ ਕਰ ਰਹੀ ਸੀ | ਇਸ ਮੁਕਾਬਲੇ ਦੌਰਾਨ ਇਕ ਪੁਲਿਸ ਇੰਸਪੈਕਟਰ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ |
ਵਿੱਕੀ ਗੌਂਡਰ ਦਾ ਸੱਜਾ ਹੱਥ ਰਿਹੈ ਜੈਪਾਲ ਭੁੱਲਰ: ਲੋੜੀਂਦੇ ਜੈਪਾਲ ਭੁੱਲਰ ਫ਼ਿਰੋਜ਼ਪੁਰ ਦਾ ਰਹਿਣ ਵਾਲਾ ਸੀ ਅਤੇ ਜੁਰਮ ਦੀ ਦੁਨੀਆਂ ਵਿਚ ਕਾਫ਼ੀ ਵੱਡਾ ਨਾਂ ਮੰਨਿਆ ਜਾਂਦਾ ਸੀ | ਲੋੜੀਂਦਾ ਜੈਪਾਲ ਭੁੱਲਰ ਏ-ਕੈਟਾਗਰੀ ਦਾ ਗੈਂਗਸਟਰ ਸੀ ਅਤੇ ਪੰਜਾਬ ਪੁਲਿਸ ਪਿਛਲੇ ਲੰਮੇ ਸਮੇਂ ਤੋਂ ਉਸ ਦੀ ਭਾਲ ਕਰ ਰਹੀ ਸੀ | ਫ਼ਿਰੋਜ਼ਪੁਰ ਦੇ ਦਸਮੇਸ਼ ਨਗਰ ਦਾ ਰਹਿਣ ਵਾਲਾ ਜੈਪਾਲ ਭੁੱਲਰ ਉਰਫ਼ ਮਨਜੀਤ ਇਕ ਪੁਲਿਸ ਵਾਲੇ ਦਾ ਬੇਟਾ ਹੈ | ਉਸ ਦੇ ਪਿਤਾ ਪੁਲਿਸ 'ਚ ਇੰਸਪੈਕਟਰ ਸਨ | ਸਮੇਂ ਨੇ ਅਜਿਹਾ ਪਾਸਾ ਪਲਟਿਆ ਕਿ ਕਾਨੂੰਨ ਦੀ ਰਾਖੀ ਕਰਨ ਵਾਲਾ ਹੀ ਕਾਨੂੰਨ ਦਾ ਦੋਸ਼ੀ ਬਣ ਗਿਆ |  ਭੁੱਲਰ 'ਤੇ ਪੰਜਾਬ ਤੋਂ ਇਲਾਵਾ ਹਰਿਆਣਾ, ਰਾਜਸਥਾਨ ਅਤੇ ਯੂ. ਪੀ. ਵਿਚ ਵੀ ਅਨੇਕਾਂ ਮਾਮਲੇ ਦਰਜ ਸਨ | 
ਪੰਜਾਬ ਪੁਲਿਸ ਵਲੋਂ ਜੈਪਾਲ ਭੁੱਲਰ 'ਤੇ ਇਨਾਮ ਵੀ ਰਖਿਆ ਗਿਆ ਸੀ | ਜੈਪਾਲ ਭੁੱਲਰ ਦੇ ਗੈਂਗਸਟਰ ਵਿੱਕੀ ਗੌਂਡਰ ਅਤੇ ਪ੍ਰੇਮਾ ਲਾਹੌਰੀਆ ਨਾਲ ਵੀ ਗੂੜ੍ਹੇ ਸਬੰਧ ਸਨ ਅਤੇ ਗੌਂਡਰ ਅਤੇ ਪ੍ਰੇਮਾ ਲਾਹੌਰੀਆ ਦੀ ਮੌਤ ਤੋਂ ਬਾਅਦ ਭੁੱਲਰ ਉਨ੍ਹਾਂ ਦੇ ਗਰੋਹ ਨੂੰ  ਚਲਾ ਰਿਹਾ ਸੀ | ਉਹ ਵਿੱਕੀ ਗੌਂਡਰ ਦੇ ਜਿਉਂਦੇ ਜੀਅ ਉਸ ਦਾ ਸੱਜਾ ਹੱਥ ਰਿਹਾ ਸੀ | ਗੈਂਗਸਟਰ ਸੁੱਖਾ ਕਾਹਲਵਾਂ ਅਤੇ ਰੌਕੀ ਫ਼ਾਜ਼ਿਲਕਾ ਕਤਲ ਕਾਂਡ ਵਿਚ ਵੀ ਭੁੱਲਰ ਦਾ ਨਾਮ ਮੁੱਖ ਤੌਰ 'ਤੇ ਸਾਹਮਣੇ ਆਇਆ ਸੀ | ਬੀਤੇ ਦਿਨੀਂ ਜਗਰਾਉਂ ਵਿਚ ਦੋ ਥਾਣੇਤਾਰਾਂ ਦੇ ਕਤਲ ਤੋਂ ਬਾਅਦ ਉਸ ਪਿਛੇ ਪੰਜਾਬ ਪੁਲਿਸ ਸਮੇਤ  ਕਈ ਖ਼ੁਫ਼ੀਆ ਏਜੰਸੀਆਂ ਲੱਗੀਆਂ ਹੋਈਆਂ ਸਨ ਤੇ ਉਸ ਉਤੇ 10 ਲੱਖ ਦਾ ਇਨਾਮ ਰਖਿਆ ਹੋਇਆ ਸੀ | ਪਿਛਲੇ ਦਿਨੀਂ ਉਸ ਦੇ ਕੁੱਝ ਸਾਥੀ ਆਗਰਾ ਤੋਂ ਫੜ੍ਹੇ ਗਏ 
ਸਨ ਤੇ ਉਨ੍ਹਾਂ ਦੀ ਸੂਚਨਾ 
ਦੇ ਆਧਾਰ 'ਤੇ ਹੀ ਪੁਲਿਸ ਨੇ ਕੋਲਕਾਤਾ ਪਹੁੰਚ ਕੇ ਦੋਹਾਂ ਨੂੰ  ਢੇਰ ਕਰ ਦਿਤਾ |
ਜਸਬੀਰ ਜੱਸੀ ਦਾ ਜੱਦੀ ਪਿੰਡ ਟੋਡਰਮਾਜਰਾ ਹੈ
ਕੋਲਕਾਤਾ ਵਿਖੇ ਪੁਲਿਸ ਮੁਕਾਬਲੇ 'ਚ ਮਾਰੇ ਗਏ ਦੂਜੇ ਲੋੜੀਂਦੇ ਜਸਬੀਰ ਜੱਸੀ ਦਾ ਜੱਦੀ ਪਿੰਡ ਟੋਡਰਮਾਜਰਾ ਹੈ ਤੇ ਉਸ ਦੇ ਸਕੇ-ਸਬੰਧੀ ਹੁਣ ਵੀ ਉਥੇ ਹੀ ਰਹਿੰਦੇ ਹਨ | ਜੱਸੀ ਦੇ ਪਿਤਾ ਜੀ ਸੀ.ਟੀ.ਯੂ ਵਿਚ ਬਤੌਰ ਡਰਾਈਵਰ ਨੌਕਰੀ ਕਰਦੇ ਸਨ ਤੇ ਉਹ ਕਈ ਸਾਲ ਪਹਿਲਾਂ ਪਰਵਾਰ ਸਮੇਤ ਖਰੜ ਰਹਿਣ ਲੱਗ ਪਏ ਸਨ | ਪਿਤਾ ਜੀ ਦੀ ਮੌਤ ਤੋਂ ਬਾਅਦ ਜਸਬੀਰ ਜੱਸੀ ਨੂੰ  ਵੀ ਸੀ.ਟੀ.ਯੂ ਵਿਚ ਨੌਕਰੀ ਮਿਲ ਗਈ ਸੀ | ਦਸਿਆ ਜਾ ਰਿਹਾ ਹੈ ਕਿ ਉਸ ਦੇ ਪਰਵਾਰ ਦਾ ਪਿਛੋਕੜ ਬਹੁਤ ਵਧੀਆ ਹੈ ਤੇ ਉਸ ਦੇ ਪਰਵਾਰਕ ਮੈਂਬਰ ਕਾਫ਼ੀ ਮੇਲ-ਮਿਲਾਪ ਵਾਲੇ ਹਨ | ਜੱਸੀ ਦੇ ਗੈਂਗਸਟਰਾਂ ਨਾਲ ਸਬੰਧ ਕਿਵੇਂ ਬਣੇ, ਇਸ ਬਾਰੇ ਨਾ ਤਾਂ ਕੋਈ ਬੋਲਣ ਨੂੰ  ਤਿਆਰ ਹੈ ਤੇ ਇਹ ਜਾਂਚ ਦਾ ਵਿਸ਼ਾ ਹੈ ਪਰ ਇਹ ਕਿਸੇ ਨੂੰ  ਅੰਦਾਜ਼ਾ ਨਹੀਂ ਸੀ ਕਿ ਜੱਸੀ ਇੰਨੇ ਵੱਡੇ ਕਾਂਡ ਵਿਚ ਸ਼ਾਮਲ ਹੋਵੇਗਾ | ਜਗਰਾਉਂ ਵਿਖੇ ਦੋ ਥਾਣੇਦਾਰਾਂ ਦੇ ਕਤਲ ਤੋਂ ਬਾਅਦ ਜਸਬੀਰ ਜੱਸੀ 'ਤੇ ਪੁਲਿਸ ਵਲੋਂ 5 ਲੱਖ ਦਾ ਇਨਾਮ ਰਖਿਆ ਗਿਆ ਸੀ | ਜਦੋਂ ਪੱਤਰਕਾਰਾਂ ਨੇ ਖਰੜ ਸਥਿਤ ਉਸ ਦੇ ਘਰ ਦਾ ਦੌਰਾ ਕੀਤਾ ਤਾਂ ਵੇਖਿਆ ਉਸ ਦੇ ਘਰ ਦੇ ਮੁੱਖ ਦਰਵਾਜ਼ੇ 'ਤੇ ਤਾਲਾ ਲੱਗਿਆ ਹੋਇਆ ਸੀ |