ਰਾਕੇਸ਼ ਟਿਕੈਤ ਨੇ ਮਮਤਾ ਬੈਨਰਜੀ ਨਾਲ ਕੀਤੀ ਮੁਲਾਕਾਤ
ਕੋਲਕਾਤਾ, 9 ਜੂਨ : ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਤੇ ਯੁੱਧਵੀਰ ਸਿੰਘ ਨੇ ਬੁਧਵਾਰ ਨੂੰ ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਕੋਲਕਾਤਾ 'ਚ ਮੁਲਾਕਾਤ ਕੀਤੀ | ਇਨ੍ਹਾਂ ਆਗੂਆਂ ਵਿਚਾਲੇ ਕੇਂਦਰ ਦੇ ਨਵੇਂ ਤਿੰਨ ਖੇਤੀ ਕਾਨੂੰਨਾਂ ਵਿਰੁਧ ਅੰਦੋਲਨ ਨੂੰ ਤੇਜ਼ ਕਰਨ ਅਤੇ ਸਰਕਾਰ ਨੂੰ ਘੇਰਨ ਦੀ ਰਣਨੀਤੀ 'ਤੇ ਚਰਚਾ ਹੋਈ | ਬੈਨਰਜੀ ਨੇ ਦੋਹਾਂ ਆਗੂਆਂ ਨੂੰ ਖੇਤੀ ਕਾਨੂੰਨਾਂ ਵਿਰੁਧ ਪੂਰਾ ਸਮਰਥਨ ਦੇਣ ਦਾ ਭਰੋਸਾ ਦਿਤਾ |
ਟਿਕੈਤ ਨੇ ਮਮਤਾ ਨਾਲ ਖੇਤੀਬਾੜੀ ਅਤੇ ਸਥਾਨਕ ਕਿਸਾਨਾਂ ਨਾਲ ਜੁੜੇ ਮੁੱਦਿਆਂ 'ਤੇ ਗੱਲਬਾਤ ਕੀਤੀ | ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਬੈਠਕ ਤੋਂ ਬਾਅਦ ਕਿਹਾ ਕਿ ਮੁੱਖ ਮੰਤਰੀ ਨੇ ਸਾਨੂੰ ਭਰੋਸਾ ਦਿਤਾ ਹੈ ਕਿ ਉਹ ਕਿਸਾਨ ਅੰਦੋਲਨ ਦਾ ਸਮਰਥਨ ਕਰਨਾ ਜਾਰੀ ਰੱਖੇਗੀ | ਇਸ ਭਰੋਸੇ ਲਈ ਅਸੀਂ ਉਨ੍ਹਾਂ ਦਾ ਧਨਵਾਦ ਕਰਦੇ ਹਾਂ | ਉਨ੍ਹਾਂ ਨੇ ਕਿਹਾ ਕਿ ਪਛਮੀ ਬੰਗਾਲ ਨੂੰ ਆਦਰਸ਼ ਰਾਜ ਦੇ ਰੂਪ ਵਿਚ ਕੰਮ ਕਰਨਾ ਚਾਹੀਦਾ ਹੈ ਅਤੇ ਕਿਸਾਨਾਂ ਨੂੰ ਵੱਧ ਫਾਇਦਾ ਦਿਤਾ ਜਾਣਾ ਚਾਹੀਦਾ ਹੈ | ਤਿ੍ਣਮੂਲ ਕਾਂਗਰਸ ਪ੍ਰਧਾਨ ਬੈਨਰਜੀ ਨੇ ਕਿਹਾ ਕਿ ਇਕ ਅਜਿਹਾ ਮੰਚ ਹੋਣਾ ਚਾਹੀਦਾ ਹੈ ਜਿਥੇ ਸੂਬੇ ਨੀਤੀਗਤ ਵਿਸ਼ਿਆਂ 'ਤੇ ਗੱਲਬਾਤ ਕਰ ਸਕਣ | ਉਨ੍ਹਾਂ ਕਿਹਾ ਕਿ ਸੂਬਿਆਂ ਨੂੰ ਨਿਸ਼ਾਨਾ ਬਣਾਉਣਾ (ਬੁਲਡੋਜ਼ਿੰਗ) ਸੰਘੀ ਢਾਂਚੇ ਲਈ ਚੰਗੀ ਗੱਲ ਨਹੀਂ |
ਯਾਦ ਰਹੇ ਕਿ ਉੱਤਰ ਭਾਰਤ ਦੇ ਕਿਸਾਨ ਸੰਗਠਨਾਂ ਦੇ ਆਗੂਆਂ ਨਾਲ ਇਸ ਮੁਲਾਕਾਤ ਤੋਂ ਕੁੱਝ ਦਿਨ ਪਹਿਲਾਂ ਤਿ੍ਣਮੂਲ ਕਾਂਗਰਸ ਨੇ ਐਲਾਨ ਕੀਤਾ ਸੀ ਕਿ ਪਾਰਟੀ ਪਛਮੀ ਬੰਗਾਲ ਦੀ ਭੁਗੋਲਕ ਹੱਦ ਤੋਂ ਬਾਹਰ ਜਾ ਕੇ ਅਪਣਾ ਪ੍ਰਭਾਵ ਵਧਾਏਗੀ | ਟਿਕੈਤ ਅਤੇ ਹੋਰ ਆਗੂਆਂ ਦੀ ਅਗਵਾਈ ਵਿਚ ਭਾਰਤੀ ਕਿਸਾਨ ਯੂਨੀਅਨ ਨੇ ਪਛਮੀ ਬੰਗਾਲ ਵਿਧਾਨਸਭਾ ਚੋਣਾਂ ਤੋਂ ਪਹਿਲਾਂ 'ਭਾਜਪਾ ਨੂੰ ਕੋਈ ਵੋਟ ਨਹੀਂ' ਮਹਿਮ ਚਲਾਈ ਸੀ | ਉਨ੍ਹਾਂ ਦੀ ਆਉਣ ਵਾਲੇ ਸਮੇਂ ਵਿਚ ਹੋਰ ਸੂਬਿਆਂ ਦੀਆਂ ਚੋਣਾਂ ਵਿਚ ਵੀ ਇਸੇ ਤਰ੍ਹਾਂ ਦੀ ਮੁਹਿਮ ਚਲਾਉਣ ਦੀ ਯੋਜਨਾ ਹੈ | ਬੈਨਰਜੀ ਨੇ ਕਿਹਾ,''ਕਿਸਾਨਾਂ ਨਾਲ ਕੇਂਦਰ ਨੂੰ ਗੱਲ ਕਰਨੀ ਐਨੀ ਔਖੀ ਕਿਉਂ ਲਗਦੀ ਹੈ?''
ਉਨ੍ਹਾਂ ਕਿਹਾ,''ਸਿਹਤ ਖੇਤਰ ਤੋਂ ਲੈ ਕੇ ਕਿਸਾਨਾਂ ਅਤੇ ਉਦਯੋਗਾਂ ਵਰਗੇ ਸਾਰੇ ਖੇਤਰਾਂ ਲਈ ਭਾਜਪਾ ਸ਼ਾਸਨ ਅਨਰਥਕਾਰੀ ਰਿਹਾ ਹੈ | ਅਸੀਂ ਕੁਦਰਤ ਅਤੇ ਸਿਆਸਤ ਦੋਹਾਂ ਤਰ੍ਹਾਂ ਦੀਆਂ ਆਫ਼ਤਾਂ ਦਾ ਸਾਹਮਣਾ ਕਰ ਰਹੇ ਹਾਂ |'' ਮਮਤਾ ਨੇ ਕਿਹਾ,''ਕਿਸਾਨ ਅੰਦੋਲਨ ਸਿਰਫ਼ ਪੰਜਾਬ, ਹਰਿਆਣਾ, ਉਤਰ ਪ੍ਰਦੇਸ਼ ਦਾ ਹੀ ਨਹੀਂ ਹੈ, ਬਲਕਿ ਪੂਰੇ ਦੇਸ਼ ਦਾ ਹੈ |'' ਉਨ੍ਹਾਂ ਨੇ ਕੇਂਦਰ ਤੋਂ ਤਿੰਨੋ ਖੇਤੀ ਕਾਨੂੰਨ ਵਾਪਸ ਲੈਣ ਦੀ ਮੰਗ ਵੀ ਕੀਤੀ | (ਪੀਟੀਆਈ)