ਕਿਸਾਨੀ-ਧਰਨਿਆਂ ’ਚ ਬਾਬਾ ਬੰਦਾ ਸਿੰਘ ਬਹਾਦਰ ਅਤੇ ਬਿਰਸਾ ਮੁੰਡਾ ਨੂੰ ਸ਼ਰਧਾਂਜਲੀਆਂ ਭੇਂਟ

ਏਜੰਸੀ

ਖ਼ਬਰਾਂ, ਪੰਜਾਬ

ਕਿਸਾਨੀ-ਧਰਨਿਆਂ ’ਚ ਬਾਬਾ ਬੰਦਾ ਸਿੰਘ ਬਹਾਦਰ ਅਤੇ ਬਿਰਸਾ ਮੁੰਡਾ ਨੂੰ ਸ਼ਰਧਾਂਜਲੀਆਂ ਭੇਂਟ

image

‘ਕੇਂਦਰੀ-ਸਰਕਾਰ ਅੱਗੇ ਨਹੀਂ ਝੁਕਾਂਗੇ, ਕਾਨੂੰਨ ਰੱਦ ਕਰਵਾਉਣ ਲਈ ਸੰਘਰਸ਼ ਹੋਰ ਤੇਜ਼ ਹੋਵੇਗਾ’ 

ਚੰਡੀਗੜ੍ਹ, 9 ਜੂਨ (ਭੁੱਲਰ) :  ਸੰਯੁਕਤ ਕਿਸਾਨ ਮੋਰਚੇ ’ਚ ਸ਼ਾਮਲ ਪੰਜਾਬ ਦੀਆਂ 32 ਕਿਸਾਨ-ਜਥੇਬੰਦੀਆਂ ਵਲੋਂ ਜਾਰੀ ਕਿਸਾਨੀ-ਧਰਨਿਆਂ ਦਾ 252ਵਾਂ ਦਿਨ ਬਾਬਾ ਬੰਦਾ ਸਿੰਘ ਬਹਾਦਰ ਅਤੇ ਆਦਿਵਾਸੀ ਆਜ਼ਾਦੀ ਘੁਲਾਟੀਏ ਬਿਰਸਾ ਮੁੰਡਾ ਨੂੰ ਸਮਰਪਤ ਰਿਹਾ।
ਪੰਜਾਬ ਭਰ ’ਚ 108 ਥਾਵਾਂ-ਟੋਲ-ਪਲਾਜ਼ਿਆਂ, ਰਿਲਾਇੰਸ ਪੰਪਾਂ, ਕਾਰਪੋਰੇਟ ਮਾਲਜ਼, ਰੇਲਵੇ ਪਾਰਕਾਂ, ਅਡਾਨੀਆਂ ਦੀ ਖ਼ੁਸ਼ਕ ਬੰਦਰਗਾਹ ਅਤੇ ਭਾਜਪਾ ਆਗੂਆਂ ਦੇ ਘਰਾਂ ਸਾਹਮਣੇ ਜਾਰੀ ਧਰਨਿਆਂ ’ਚ ਕਿਸਾਨ-ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦੇ ਸੰਨ 1716 ਵਿਚ ਮੁਗ਼ਲ ਹਕੂਮਤ ਨੇ ਅਕਿਹ ਅਤੇ ਅਸਿਹ-ਤਸੀਹੇ ਦੇ ਕੇ ਬਾਬਾ ਬੰਦਾ ਬਹਾਦਰ ਨੂੰ ਉਨ੍ਹਾਂ ਦੇ ਬੇਟੇ ਅਤੇ ਸੈਂਕੜੇ ਸਾਥੀਆਂ ਸਮੇਤ ਦਿੱਲੀ ਵਿਚ ਸ਼ਹੀਦ ਕਰ ਦਿਤਾ ਸੀ। ਬੰਦਾ ਸਿੰਘ ਬਹਾਦਰ ਨੇ ਸਰਹਿੰਦ ਨੂੰ ਫ਼ਤਹਿ ਕਰਨ ਬਾਅਦ ਪੰਜਾਬ ਦੇ ਵੱਡੇ ਇਲਾਕੇ ਉਪਰ ਕਬਜ਼ਾ ਕੀਤਾ। ਉਸ ਨੇ ਜਾਗੀਰਦਾਰਾਂ ਤੋਂ ਜ਼ਮੀਨਾਂ ਖੋਹ ਕੇ ਹਲ ਵਾਹਕਾਂ ਨੂੰ ਤਕਸੀਮ ਕੀਤੀਆਂ, ਜਿਸ ਕਰ ਕੇ ਅੱਜ ਤਕ ਵੀ ਪੰਜਾਬੀ ਕਿਸਾਨ ਸਤਿਕਾਰ ਵਜੋਂ ਉਸ ਨੂੰ ਅਪਣਾ ਪਹਿਲਾ ਤਹਿਸੀਲਦਾਰ ਆਖਦੇ ਹਨ।
   ਅੱਜ ਦੇ ਹੀ ਦਿਨ ਸੰਨ 1900 ਵਿਚ, ਮੌਜੂਦਾ ਝਾਰਖੰਡ ਇਲਾਕੇ ਦਾ ਆਦਿਵਾਸੀ ਲੋਕ ਨਾਇਕ ਤੇ ਆਜ਼ਾਦੀ ਘੁਲਾਟੀਆ ਬਿਰਸਾ ਮੁੰਡਾ ਅੰਗਰੇਜ਼ ਹਕੂਮਤ ਦੀ ਜੇਲ ਵਿਚ ਹੀ ਸ਼ਹੀਦੀ ਪਾ ਗਿਆ ਸੀ। ਉਸ ਨੇ ਤਾਉਮਰ ਲੋਕ ਹਿਤਾਂ ਲਈ ਸੰਘਰਸ਼ ਕੀਤਾ ਅਤੇ ਅੰਗਰੇਜ਼ ਹਕੂਮਤ ਤੋਂ ਆਜ਼ਾਦੀ ਹਾਸਲ ਕਰਨ ਲੜਦੇ ਰਹੇ। ਅੱਜ ਧਰਨਿਆਂ ’ਚ ਇਨ੍ਹਾਂ ਦੋਨਾਂ ਮਹਾਨ ਸ਼ਖ਼ਸੀਅਤਾਂ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ।
ਬੁਲਾਰਿਆਂ ਨੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਬਲੀਦਾਨ ਦਿਵਸ ਮੌਕੇ ਅਸੀਂ ਇੱਕ ਵਾਰ ਫਿਰ ਤੋਂ ਅਹਿਦ ਕਰਦੇ ਹਾਂ ਕਿ ਅਸੀਂ ਤਿੰਨੋਂ ਕਾਲੇ ਖੇਤੀ ਕਾਨੂੰਨ ਰੱਦ ਕਰਵਾਉਣ ਤਕ ਅੰਦੋਲਨ ਦੇ ਮੈਦਾਨ ਵਿਚ ਡਟੇ ਰਹਾਂਗੇ। ਭਾਰਤੀ ਕਿਸਾਨ ਯੂਨੀਅਨ (ਕਾਦੀਆਂ), ਕੁੱਲ ਹਿੰਦ ਕਿਸਾਨ ਸਭਾ, ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਅਤੇ ਕਿਰਤੀ ਕਿਸਾਨ ਯੂਨੀਅਨ ਸਮੇਤ ਪੰਜਾਬ ਤੋਂ ਆਂਗਣਵਾੜੀ ਵਰਕਰਾਂ ਅਤੇ ਡੈਮੋਕ੍ਰੇਟਿਕ ਮੁਲਾਜ਼ਮ ਫ਼ਰੰਟ ਦੇ ਜਥਿਆਂ ਨੇ ਦਿੱਲੀ ਲਈ ਕੂਚ ਕੀਤਾ।