ਪੰਜਾਬ ਯੂਨੀਵਰਸਿਟੀ ਦੇ ਕੇਂਦਰੀਕਰਨ ਵਿਰੁੱਧ ਲੜ੍ਹ ਰਹੀਆਂ ਵਿਦਿਆਰਥੀ ਜਥੇਬੰਦੀ ਦੇ ਹੱਕ 'ਚ ਲਾਮਬੰਦ ਹੋਵੋ: ਕੇਂਦਰੀ ਸਿੰਘ ਸਭਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੇਂਦਰੀ ਸਿੰਘ ਸਭਾ ਪੰਜਾਬ ਸਰਕਾਰ ਅਤੇ ਪੰਥਕ ਜਥੇਬੰਦੀਆਂ ਨੂੰ ਅਪੀਲ ਕਰਦੀ ਹੈ ਕਿ ਇਸ ਵਿਰਾਸਤੀ ਯੂਨੀਵਰਸਿਟੀ ਨੂੰ ਕੇਂਦਰ ਕੋਲ ਜਾਣ ਤੋਂ ਰੋਕਣ ਲਈ ਮੈਦਾਨ ਵਿੱਚ ਨਿੱਤਰਣ।

Kendri Singh Sabha

ਚੰਡੀਗੜ੍ਹ : ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਕੇਂਦਰੀਕਰਨ ਵਿਰੁੱਧ ਲੜ੍ਹ ਰਹੀਆਂ ਵਿਦਿਆਰਥੀ ਯੂਨੀਅਨਾਂ ਦੇ ਹੱਕ ਵਿੱਚ ਡਟੀ ਕੇਂਦਰੀ ਸਿੰਘ ਸਭਾ ਪੰਜਾਬ ਸਰਕਾਰ ਅਤੇ ਪੰਥਕ ਜਥੇਬੰਦੀਆਂ ਨੂੰ ਅਪੀਲ ਕਰਦੀ ਹੈ ਕਿ ਇਸ ਵਿਰਾਸਤੀ ਯੂਨੀਵਰਸਿਟੀ ਨੂੰ ਕੇਂਦਰ ਕੋਲ ਜਾਣ ਤੋਂ ਰੋਕਣ ਲਈ ਮੈਦਾਨ ਵਿੱਚ ਨਿੱਤਰਣ। ਵਿਦਿਆਰਥੀਆਂ ਦੇ ਰੋਸ ਮਾਰਚ ਉੱਤੇ ਪੰਜਾਬ ਪੁਲਿਸ ਵੱਲੋਂ ਕੀਤੇ ਲਾਠੀਚਾਰਜ, ਵਿਦਿਆਰਥਣਾਂ ਦੀ ਖਿਚ-ਧੂਹ ਜਿਹੜਾ ਬਸਤੀਵਾਦੀ ਸਭਿਆਚਾਰ ਦਾ ਪ੍ਰਤੀਕ ਹੈ, ਜਿਸ ਦੀ ਕੇਂਦਰੀ ਸਿੰਘ ਸਭਾ ਸਖਤ ਨਿਖੇਧੀ ਕਰਦੀ ਹੈ।

ਤਕਰੀਬਨ 150 ਸਾਲ ਪਹਿਲਾਂ ਲਾਹੌਰ ਵਿੱਚ ਹੋਂਦ ਵਿੱਚ ਆਈ ਇਹ ਯੂਨੀਵਰਸਿਟੀ ਸਿਰਫ ਪੰਜਾਬ ਦੇ ਵਿਰਸੇ ਦੇ ਪ੍ਰਤੀਨਿਧਤਾ ਹੀ ਨਹੀਂ ਕਰਦੀ ਸਗੋਂ ਇਸ ਨਾਲ ਪੰਜਾਬ ਦੇ 200 ਕਾਲਜ/ਵਿਦਿਆਕ ਅਦਾਰਿਆਂ ਨੂੰ ਜੋੜ੍ਹ ਕੇ ਰੱਖਿਆ ਹੈ। ਚੰਡੀਗੜ੍ਹ ਰਾਜਧਾਨੀ ਦੀ ਤਰਜ਼ ਉੱਤੇ ਯੂਨੀਵਰਸਿਟੀ ਦਾ ਖੋਹ ਲੈਣਾ, ਪੰਜਾਬ ਦੇ ਹੱਕਾਂ ਉੱਤੇ ਇੱਕ ਹੋਰ ਡਾਕਾ ਮਾਰਨਾ ਹੈ।

ਜਥੇਬੰਦੀਆਂ ਅਤੇ ਸਿਆਸੀ ਪਾਰਟੀਆਂ ਜਿੰਨ੍ਹਾਂ ਨੇ ਸੂਬਿਆਂ ਦੇ ਵੱਧ ਅਧਿਕਾਰਾਂ ਅਤੇ ਦੇਸ਼ ਦੇ ਫੈਡਰਲ ਢਾਂਚੇ ਦੀ ਵਕਾਲਤ ਕਰਨ ਵਾਲੇ ਅਨੰਦਪੁਰ ਸਾਹਿਬ ਮਤੇ ਨੂੰ ਲਾਗੂ ਕਰਨ ਲਈ ਜੱਦੋ ਜਹਿਦ ਕੀਤੀ ਸੀ, ਉਹਨਾਂ ਦੇ ਆਗੂਆਂ ਆਪਣੀ ਜ਼ਮੀਰ ਦੀ ਆਵਾਜ਼ ਸੁਣਦਿਆਂ, ਯੂਨੀਵਰਸਿਟੀ ਬਚਾਉਣ ਲਈ ਲਾਮਬੰਦ ਹੋਣ। ਸਿਆਸੀ ਪਾਰਟੀਆਂ, ਐਮ.ਐਲ.ਏ/ਐਮ.ਪੀਜ਼ ਅਤੇ ਪੰਥਕ ਜਥੇਬੰਦੀਆਂ ਵੱਲੋਂ ਪੰਜਾਬ ਯੂਨੀਵਰਸਿਟੀ ਦੇ ਮਸਲੇ ਉੱਤੇ ਧਾਰੀ ਸਾਜ਼ਿਸ਼ੀ ਚੁੱਪ ਉਹਨਾਂ ਵੱਲੋਂ ਪੰਜਾਬ/ਪੰਜਾਬੀਆਂ ਦੇ ਅਧਿਕਾਰਾਂ ਤੋਂ ਪਾਸਾ ਵੱਟਣ ਦੀ ਸੂਚਕ ਹੈ।

ਯੂਨੀਵਰਸਿਟੀ ਦਾ ਕੇਂਦਰੀਕਰਨ ਏਜੰਡਾ ਮੋਦੀ ਸਰਕਾਰ ਵੱਲੋਂ ਲਿਆਂਦੀ ਨਵੀਂ ਸਿੱਖਿਆ ਨੀਤੀ ਅਧੀਨ, ਵਿਦਿਆਂ ਨੂੰ ਨਿੱਜੀਕਰਨ ਦੇ ਪ੍ਰਾਜੈਕਟ ਦਾ ਹਿੱਸਾ ਹੀ ਹੈ। ਜਿਹੜੇ ਯੂਨੀਵਰਸਿਟੀ ਦੇ ਅਧਿਆਪਕ, ਯੂਨੀਵਰਸਿਟੀ ਦੇ ਕੇਂਦਰੀਕਰਨ ਦੇ ਹੱਕ ਵਿੱਚ ਖੜ੍ਹੇ ਹਨ, ਉਹਨਾਂ ਨੂੰ ਯਾਦ ਰੱਖਣਾ ਚਾਹੀਦਾ ਕਿ ਉਹ ਨਿੱਜੀਕਰਨ ਪ੍ਰਕਿਰਿਆ ਨੂੰ ਬਲ ਦੇ ਰਹੇ ਹਨ ਅਤੇ ਨਿੱਜੀਕਰਨ ਦਾ ਵਰਤਾਰਾ ਉਹਨਾਂ ਦੀਆਂ ਨੌਕਰੀਆਂ ਨੂੰ ਹੌਲੀ-ਹੌਲੀ ਹੜੱਪ ਕਰ ਜਾਵੇਗੀ। ਪੰਜਾਬ ਦੀਆਂ ਸਿਆਸੀ ਪਾਰਟੀਆਂ ਨੂੰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਵੱਲੋਂ ਅਸੈਂਬਲੀ ਵਿੱਚ ਕਾਨੂੰਨ ਪਾਸ ਕਰਕੇ, ਯੂਨੀਵਰਸਿਟੀਆਂ ਵਿੱਚ ਰਾਜਪਾਲ ਰਾਹੀਂ ਕੇਂਦਰ ਦੀ ਦਖਲ ਅੰਦਾਜ਼ੀ ਨੂੰ ਬੰਦ ਕਰਨ ਦੀ ਪ੍ਰਸੰਸਾਯੋਗ ਕਾਰਵਾਈ ਤੋਂ ਸਬਕ ਲੈਣਾ ਚਾਹੀਦਾ ਹੈ। 

ਇਹ ਸਾਂਝਾ ਬਿਆਨ ਪ੍ਰੋਫੈਸਰ ਸ਼ਾਮ ਸਿੰਘ (ਪ੍ਰਧਾਨ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ), ਪੱਤਰਕਾਰ ਜਸਪਾਲ ਸਿੰਘ ਸਿੱਧੂ, ਚੇਤਨ ਸਿੰਘ (ਸਾਬਕਾ ਡਾਇਰੈਕਟਰ ਭਾਸ਼ਾ ਵਿਭਾਗ), ਇੰਜ. ਗੁਰਪਾਲ ਸਿੰਘ ਸਿੱਧੂ, ਸੁਰਿੰਦਰ ਸਿੰਘ ਕਿਸ਼ਨਪੁਰਾ, ਗੁਰਪ੍ਰੀਤ ਸਿੰਘ ਪ੍ਰਤੀਨਿਧ ਗਲੋਬਲ ਸਿੱਖ ਕੌਸਲ, ਰਾਜਵਿੰਦਰ ਸਿੰਘ ਰਾਹੀ, ਗੁਰਬਚਨ ਸਿੰਘ ਸੰਪਾਦਕ ਦੇਸ਼ ਪੰਜਾਬ, ਇੰਜ. ਸੁਰਿੰਦਰ ਸਿੰਘ ਅਤੇ ਨਵਤੇਜ਼ ਸਿੰਘ, ਸਵਰਨ ਸਿੰਘ (IAS) ਵਲੋਂ ਦਿਤਾ ਗਿਆ ਹੈ ਅਤੇ ਖੁਸ਼ਹਾਲ ਸਿੰਘ ਜਨਰਲ ਸਕੱਤਰ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਵਲੋਂ ਜਾਰੀ ਕੀਤਾ ਗਿਆ ਹੈ।