B.Ed ਕਾਲਜਾਂ 'ਚ ਦਾਖ਼ਲੇ ਦੀ ਆਨਲਾਈਨ ਪ੍ਰਕਿਰਿਆ ਸ਼ੁਰੂ, ਪੜ੍ਹੋ ਪੂਰਾ ਵੇਰਵਾ

ਏਜੰਸੀ

ਖ਼ਬਰਾਂ, ਪੰਜਾਬ

GNDU ਨੂੰ ਮਿਲੀ 189 ਕਾਲਜਾਂ 'ਚ ਦਾਖ਼ਲੇ ਦੀ ਜ਼ਿੰਮੇਵਾਰੀ

online admission process in B.Ed colleges

28 ਜੂਨ ਹੈ ਆਨਲਾਈਨ ਫਾਰਮ ਅਤੇ ਫੀਸ ਜਮ੍ਹਾਂ ਕਰਵਾਉਣ ਦੀ ਆਖ਼ਰੀ ਮਿਤੀ
24 ਜੁਲਾਈ ਨੂੰ ਹੋਵੇਗੀ ਪ੍ਰੀਖਿਆ 

ਨਵੀਂ ਦਿੱਲੀ : ਪੰਜਾਬ ਦੀਆਂ ਸਾਰੀਆਂ ਯੂਨੀਵਰਸਿਟੀਆਂ ਅਧੀਨ ਆਉਣ ਵਾਲੇ ਬੀ.ਐੱਡ ਕਾਲਜਾਂ ਵਿੱਚ ਦਾਖ਼ਲੇ ਦੀ ਆਨਲਾਈਨ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਇਸ ਸਾਲ ਬੀਐੱਡ ਵਿੱਚ ਦਾਖ਼ਲੇ ਲਈ ਲਏ ਜਾਣ ਵਾਲੇ ਕਾਮਨ ਐਂਟਰੈਂਸ ਟੈਸਟ ਅਤੇ ਕਾਊਂਸਲਿੰਗ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਹ ਪ੍ਰੀਖਿਆ 24 ਜੁਲਾਈ ਨੂੰ ਲਈ ਜਾ ਰਹੀ ਹੈ ਪਰ ਆਨਲਾਈਨ ਫਾਰਮ ਅਤੇ ਫੀਸ ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ 28 ਜੂਨ ਰੱਖੀ ਗਈ ਹੈ।

ਜਾਣਕਾਰੀ ਅਨੁਸਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਇਮਤਿਹਾਨ ਵਿੱਚ ਬੈਠਣ ਲਈ ਐਡਮਿਟ ਕਾਰਡ 12 ਜੁਲਾਈ ਤੱਕ ਉਪਲਬਧ ਹੋਣਗੇ ਅਤੇ ਦਾਖਲਾ ਪ੍ਰੀਖਿਆ ਦੀ ਮਿਤੀ 24 ਜੁਲਾਈ ਰੱਖੀ ਗਈ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕੋਆਰਡੀਨੇਟਰ ਡਾ. ਅਮਿਤ ਕੋਟਸ ਨੇ ਦੱਸਿਆ ਕਿ ਨੋਟੀਫਿਕੇਸ਼ਨ ਅਨੁਸਾਰ, ਕਿਸੇ ਵੀ ਸਟਰੀਮ ਵਿੱਚ ਬੈਚਲਰ ਡਿਗਰੀ ਦੇ ਨਾਲ-ਨਾਲ ਕਿਸੇ ਵੀ ਸਟਰੀਮ ਵਿੱਚ 50% ਅੰਕ ਵਾਲੇ ਸਾਰੇ ਵਿਦਿਆਰਥੀ (ਐਮਐਸਸੀ ਅਤੇ ਬੀਸੀ ਉਮੀਦਵਾਰਾਂ ਲਈ 45%) ਦੇ ਨਾਲ-ਨਾਲ ਕਿਸੇ ਵੀ ਸਟਰੀਮ ਵਿਚ ਮਾਸਟਰ ਡਿਗਰੀ ਵਾਲੇ ਵਿਦਿਆਰਥੀ ਪ੍ਰੀਖਿਆ ਵਿਚ ਭਾਗ ਲੈਣ ਦੇ ਯੋਗ ਹਨ। ਇਸ ਦਾਖ਼ਲੇ ਤਹਿਤ ਸਰਕਾਰ ਵੱਲੋਂ 211 ਕਾਲਜਾਂ ਦੀ ਚੋਣ ਕੀਤੀ ਗਈ ਹੈ।

ਜਨਰਲ ਸ਼੍ਰੇਣੀ ਦੇ ਉਮੀਦਵਾਰਾਂ ਲਈ ਘੱਟੋ-ਘੱਟ ਯੋਗਤਾ ਅੰਕ 25% ਅਤੇ SC/ST ਉਮੀਦਵਾਰਾਂ ਲਈ 20% ਨਿਰਧਾਰਿਤ ਕੀਤੇ ਗਏ ਹਨ। ਕਾਮਨ ਐਂਟਰੈਂਸ ਟੈਸਟ ਵਿੱਚ ਸਿਰਫ਼ ਓਬਜੈਕਟਿਵ ਕਿਸਮ ਦੇ ਸਵਾਲ ਪੁੱਛੇ ਜਾਣਗੇ। ਪ੍ਰਸ਼ਨ ਪੱਤਰ ਅੰਗਰੇਜ਼ੀ ਅਤੇ ਪੰਜਾਬੀ ਮਾਧਿਅਮ ਵਿੱਚ ਹੋਵੇਗਾ। ਇੱਕ ਭਾਸ਼ਾ ਵਜੋਂ ਅੰਗਰੇਜ਼ੀ ਸਭ ਲਈ ਲਾਜ਼ਮੀ ਹੈ, ਜਦਕਿ ਉਮੀਦਵਾਰਾਂ ਨੂੰ ਮੈਟ੍ਰਿਕ ਦੇ ਆਧਾਰ 'ਤੇ ਪੰਜਾਬੀ ਜਾਂ ਹਿੰਦੀ ਭਾਸ਼ਾ ਦੀ ਚੋਣ ਕਰਨ ਦਾ ਵਿਕਲਪ ਵੀ ਦਿੱਤਾ ਜਾਵੇਗਾ।

ਕਿਹੜੀ ਯੂਨੀਵਰਸਿਟੀ 'ਚ ਕਿੰਨੀਆਂ ਸੀਟਾਂ ਹਨ?
ਪੰਜਾਬ ਦੀਆਂ ਮਾਨਤਾ ਪ੍ਰਾਪਤ ਯੂਨੀਵਰਸਿਟੀਆਂ ਵਿੱਚ 6950 ਸੀਟਾਂ ਵਾਲੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ 59 ਕਾਲਜ, 4800 ਸੀਟਾਂ ਵਾਲੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 51 ਕਾਲਜ ਅਤੇ 8450 ਸੀਟਾਂ ਵਾਲੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ 79 ਕਾਲਜਾਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ।