20 ਜੂਨ ਤੋਂ ਬਾਅਦ ਲੁਧਿਆਣਾ ਸਟੇਸ਼ਨ ’ਤੇ ਨਹੀਂ ਰੁਕਣਗੀਆਂ ਜਲੰਧਰ ਤੋਂ ਚੱਲਣ ਵਾਲੀਆਂ ਰੇਲਾਂ, ਜਾਣੋ ਕਿਉਂ
ਜਲੰਧਰੋਂ ਲੁਧਿਆਣਾ ਜਾਣ ਵਾਲੀਆਂ 11 ਟਰੇਨਾਂ ਨੂੰ 6 ਕਿਲੋਮੀਟਰ ਪਹਿਲਾਂ ਹੀ ਸਟਾਪੇਜ ਦਿੱਤਾ ਗਿਆ ਹੈ।
ਲੁਧਿਆਣਾ - ਜਲੰਧਰ ਤੋਂ ਚੱਲਣ ਵਾਲੀਆਂ 11 ਟਰੇਨਾਂ 15 ਅਤੇ 20 ਜੂਨ ਤੋਂ ਬਅਦ ਲੁਧਿਆਣਾ ਸਟੇਸ਼ਨ ’ਤੇ ਨਹੀਂ ਰੁਕਣਗੀਆਂ ਕਿਉਂਕਿ ਲੁਧਿਆਣਾ ਸਟੇਸ਼ਨ ਦੀ ਰੀ-ਡਿਵੈੱਲਪਮੈਂਟ ਹੋ ਰਹੀ ਹੈ ਤੇ ਪੂਰੇ ਸਟੇਸ਼ਨ ਦਾ ਨਕਸ਼ਾ ਹੀ ਬਦਲਿਆ ਜਾ ਰਿਹਾ ਹੈ। ਰੇਲਾਂ ਕਾਰਨ ਕੰਮ ਪ੍ਰਭਾਵਿਤ ਨਾ ਹੋਵੇ ਅਤੇ ਹੋਰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਯਾਤਰੀਆਂ ਨੂੰ ਨਾ ਹੋਵੇ, ਇਸ ਦੇ ਲਈ ਫਿਰੋਜ਼ਪੁਰ ਮੰਡਲ ਨੇ ਕੁਝ ਸਮੇਂ ਲਈ ਜਲੰਧਰ ਤੋਂ ਦੂਜੇ ਸੂਬਿਆਂ ਨੂੰ ਜਾਣ ਵਾਲੀਆਂ ਟਰੇਨਾਂ ਜਿਹੜੀਆਂ ਲੁਧਿਆਣਾ ਤੋਂ ਹੋ ਕੇ ਜਾਂਦੀਆਂ ਹਨ, ਉਨ੍ਹਾਂ ਦਾ ਰੁਕਣ ਦਾ ਸਮਾਂ ਢੰਡਾਰੀ ਕਲਾਂ ਵਿਚ ਰੱਖਿਆ ਹੈ।
ਇਸ ਦੇ ਨਾਲ ਹੀ ਆਰਾਮ ਕਰਨ ਅਤੇ ਰਾਤ ਰੁਕਣ ਲਈ ਰਿਟਾਇਰਿੰਗ ਰੂਮ ਵਿਚ ਬੁਕਿੰਗ ਵੀ ਪੂਰੀ ਤਰ੍ਹਾਂ ਨਾਲ ਬੰਦ ਕਰ ਦਿੱਤੀ ਹੈ। ਸਟੇਸ਼ਨ ’ਤੇ ਕੰਮ ਚੱਲਦਾ ਹੋਣ ਕਾਰਨ ਯਾਤਰੀ ਪ੍ਰੇਸ਼ਾਨ ਨਾ ਹੋਣ, ਇਸ ਲਈ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਜਾ ਰਹੀ ਹੈ। ਜਲੰਧਰੋਂ ਲੁਧਿਆਣਾ ਜਾਣ ਵਾਲੀਆਂ 11 ਟਰੇਨਾਂ ਨੂੰ 6 ਕਿਲੋਮੀਟਰ ਪਹਿਲਾਂ ਹੀ ਸਟਾਪੇਜ ਦਿੱਤਾ ਗਿਆ ਹੈ।
ਰੇਲਵੇ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਲੁਧਿਆਣਾ ਤੋਂ 6 ਕਿਲੋਮੀਟਰ ਪਹਿਲਾਂ ਹੀ ਢੰਡਾਰੀ ਕਲਾਂ ਵਿਚ ਵੱਡਾ ਸਟੇਸ਼ਨ ਹੈ। ਜਿਹੜੇ ਯਾਤਰੀ ਲੁਧਿਆਣਾ ਜਾ ਰਹੇ ਹਨ, ਉਹ ਪਹਿਲਾਂ ਹੀ ਆਪਣਾ ਇੰਤਜ਼ਾਮ ਕਰਕੇ ਰੱਖਣ ਤਾਂ ਕਿ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਆਵੇ। ਰੇਲਵੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 15 ਜੂਨ ਤੋਂ ਬਾਅਦ ਅਗਲੇ ਹੁਕਮਾਂ ਤਕ ਟਰੇਨਾਂ ਢੰਡਾਰੀ ਕਲਾਂ ਵਿਚ ਹੀ ਰੁਕਣਗੀਆਂ।
ਅੰਮ੍ਰਿਤਸਰ-ਹਰਿਦੁਆਰ (12054), ਅੰਮ੍ਰਿਤਸਰ-ਬਨਮਨਖੀ (14618), ਜਲੰਧਰ ਸਿਟੀ-ਦਰਭੰਗਾ (22552), ਅੰਮ੍ਰਿਤਸਰ-ਨਿਊ ਜਲਪਾਈਗੁੜੀ (12408), ਅੰਮ੍ਰਿਤਸਰ-ਦਰਭੰਗਾ (15212) ਇਹ 6 ਟਰੇਨਾਂ 20 ਜੂਨ ਤੋਂ ਬਾਅਦ ਢੰਡਾਰੀ ਕਲਾਂ ਵਿਚ ਰੁਕਣਗੀਆਂ
ਅੰਮ੍ਰਿਤਸਰ-ਇੰਦੌਰ (19326), ਅੰਮ੍ਰਿਤਸਰ-ਸਹਰਸਾ (12204), ਅੰਮ੍ਰਿਤਸਰ-ਨਵੀਂ ਦਿੱਲੀ (12498), ਅੰਮ੍ਰਿਤਸਰ-ਨਵੀਂ ਦਿੱਲੀ (12460) ਅਤੇ ਅੰਮ੍ਰਿਤਸਰ-ਜਯਨਗਰ (14674)।