ਡੇਰਾਬੱਸੀ : ਡੇਰਾਬੱਸੀ-ਬਰਵਾਲਾ ਚੌਕ ’ਤੇ ਖੜੇ ਮੋਟਰਸਾਈਕਲ ਸਵਾਰਾਂ ਨੂੰ ਸੀਮਿੰਟ ਮਿਕਸਰ ਟਰੱਕ ਨੇ ਪਿਛੇ ਤੋਂ ਟੱਕਰ ਮਾਰ ਦਿਤੀ, ਜਿਸ ਕਾਰਨ ਮੋਟਰਸਾਈਕਲ ਦੇ ਪਿੱਛੇ ਬੈਠੇ ਨੌਜਵਾਨ ਦੀ ਟਰੱਕ ਦੇ ਟਾਇਰ ਥੱਲੇ ਦਰੜੇ ਜਾਣ ਕਾਰਨ ਮੌਤ ਹੋ ਗਈ, ਜਦਕਿ ਮੋਟਰਸਾਈਕਲ ਚਾਲਕ ਹਾਦਸੇ ’ਚ ਵਾਲ-ਵਾਲ ਬਚ ਗਿਆ। ਮ੍ਰਿਤਕ ਦੀ ਪਛਾਣ ਹਿਮਾਚਲ ਪ੍ਰਦੇਸ਼ ਮੂਲ ਦੇ 26 ਸਾਲਾ ਵਰਿੰਦਰ ਸਿੰਘ ਪੁੱਤਰ ਮੋਹਨ ਸਿੰਘ ਵਜੋਂ ਹੋਈ ਹੈ, ਜੋ ਇਕ ਨਿਜੀ ਸੁਰੱਖਿਆ ਏਜੰਸੀ ਵਿਚ ਫ਼ੀਲਡ ਅਫ਼ਸਰ ਵਜੋਂ ਤਾਇਨਾਤ ਸੀ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਇਹ ਹਾਦਸਾ ਅੰਬਾਲਾ-ਚੰਡੀਗੜ੍ਹ ਹਾਈਵੇ ’ਤੇ ਫ਼ਲਾਈਓਵਰ ਦੇ ਹੇਠਾਂ ਬਰਵਾਲਾ ਚੌਕ ’ਤੇ ਸਵੇਰੇ 8:15 ਵਜੇ ਦੇ ਕਰੀਬ ਵਾਪਰਿਆ। ਸੇਵਾ ਮੁਕਤ ਸੂਬੇਦਾਰ ਜਰਨੈਲ ਸਿੰਘ ਜੀਐਸਐਸ ਨਾਂ ਦੀ ਸੁਰੱਖਿਆ ਏਜੰਸੀ ਚਲਾਉਂਦੇ ਹਨ। ਉਹ ਅਪਣੇ ਮੋਟਰਸਾਈਕਲ ’ਤੇ ਵਰਿੰਦਰ ਸਿੰਘ ਨੂੰ ਬਰਵਾਲਾ ਰੋਡ ’ਤੇ ਸਥਿਤ ਕੁਡੋਸ ਕੈਮੀਕਲ ਫ਼ੈਕਟਰੀ ’ਚ ਛੱਡਣ ਲਈ ਜਾ ਰਿਹਾ ਸੀ। ਦੋਵੇਂ ਬਰਵਾਲਾ ਚੌਕ ’ਤੇ ਬਾਈਕ ’ਤੇ ਸਵਾਰ ਹੋ ਕੇ ਰੁਕੇ ਤਾਂ ਬਰਵਾਲਾ ਵਲ ਮੁੜਦੇ ਸਮੇਂ ਇਕ ਸੀਮਿੰਟ ਮਿਕਸਰ ਟਰੱਕ ਨੇ ਪਿੱਛੇ ਤੋਂ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਮੋਟਰਸਾਈਕਲ ਸਮੇਤ ਜਰਨੈਲ ਸਿੰਘ ਇਕ ਪਾਸੇ ਡਿੱਗ ਗਿਆ ਜਦਕਿ ਪਿੱਛੇ ਬੈਠਾ ਵਰਿੰਦਰ ਸਿੰਘ ਟਰੱਕ ਦੇ ਅੱਗੇ ਜਾ ਡਿਗਿਆ ਅਤੇ ਉਸ ਦਾ ਸਿਰ ਟਰੱਕ ਦੇ ਅਗਲੇ ਪਹੀਏ ਹੇਠ ਕੁਚਲਿਆ ਗਿਆ। ਬਰਿੰਦਰ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਜਰਨੈਲ ਸਿੰਘ ਵੀ ਜ਼ਖ਼ਮੀ ਹੋ ਗਿਆ।
ਡਿਊਟੀ ਅਫ਼ਸਰ ਏਐਸਆਈ ਨਥੀਰਾਮ ਨੇ ਦਸਿਆ ਕਿ ਪੁਲਿਸ ਨੇ ਟਰੱਕ ਨੂੰ ਕਬਜ਼ੇ ਵਿਚ ਲੈ ਕੇ ਇਸ ਦੇ ਫ਼ਰਾਰ ਡਰਾਈਵਰ ਵਿਰੁਧ ਕੇਸ ਦਰਜ ਕਰ ਲਿਆ ਹੈ। ਵਰਿੰਦਰ ਸਿੰਘ ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਦੇ ਪਿੰਡ ਕੁਰੜ ਦਾ ਵਸਨੀਕ ਸੀ ਅਤੇ ਮੌਜੂਦਾ ਸਮੇਂ ਵਿਚ ਲਾਲੜੂ ਵਿਚ ਸਰਦਾਰਾ ਸਿੰਘ ਦੇ ਘਰ ਕਿਰਾਏ ’ਤੇ ਰਹਿ ਰਿਹਾ ਸੀ। ਪੁਲਿਸ ਨੇ ਜਰਨੈਲ ਸਿੰਘ ਦੇ ਬਿਆਨਾਂ ’ਤੇ ਕੇਸ ਦਰਜ ਕਰ ਕੇ ਡੇਰਾਬੱਸੀ ਦੇ ਸਿਵਲ ਹਸਪਤਾਲ ਵਿਚ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿਤੀ ਹੈ।