ਚੰਡੀਗੜ੍ਹ 'ਚ ਵੱਡੀ ਵਾਰਦਾਤ ਨੂੰ ਅੰਜ਼ਾਮ ਦੇਣ ਦੀ ਤਾਕ 'ਚ ਸੀ 'ਬਾਬਾ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬੀ ਦੇ ਕਈਂ ਗਾਇਕਾਂ ਨੂੰ ਧਮਕੀ ਦੇਣ ਅਤੇ ਸੈਕਟਰ 38 ਦੇ ਗੁਰਦੁਆਰਾ ਸਾਹਿਬ ਦੇ ਨੇੜੇ ਸਰਪੰਚ ਸਤਨਾਮ ਸਿੰਘ ਹਤਿਆਕਾਂਡ ਦੇ ਮਾਮਲੇ ਵਿਚ ਲੋੜੀਂਦੇ ਗੈਂਗਸਟਰ ...

Police at Crime Scene

ਚੰਡੀਗੜ੍ਹ, ਪੰਜਾਬੀ ਦੇ ਕਈਂ ਗਾਇਕਾਂ ਨੂੰ ਧਮਕੀ ਦੇਣ ਅਤੇ ਸੈਕਟਰ 38 ਦੇ ਗੁਰਦੁਆਰਾ ਸਾਹਿਬ ਦੇ ਨੇੜੇ ਸਰਪੰਚ ਸਤਨਾਮ ਸਿੰਘ ਹਤਿਆਕਾਂਡ ਦੇ ਮਾਮਲੇ ਵਿਚ ਲੋੜੀਂਦੇ ਗੈਂਗਸਟਰ ਦਿਲਪ੍ਰੀਤ ਬਾਬਾ ਨੂੰ ਪੰਜਾਬ ਪੁਲਿਸ ਅਤੇ ਚੰਡੀਗੜ੍ਹ ਅਪਰਾਧ ਸ਼ਾਖਾ ਦੀ ਟੀਮ ਨੇ ਮੁਕਾਬਲੇ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਹੈ। ਸੈਕਟਰ 43 ਸਥਿਤ ਬੱਸ ਅੱਡੇ ਦੇ ਨਜ਼ਦੀਕ ਹੋਈ ਮੁੱਠਭੇੜ ਦੇ ਦੌਰਾਨ ਦਿਲਪ੍ਰੀਤ ਦੇ ਪੱਟ 'ਤੇ ਗੋਲੀ ਲੱਗੀ, ਜਿਸ ਨਾਲ ਉਹ ਮੌਕੇ 'ਤੇ ਹੀ ਡਿੱਗ ਗਿਆ। ਇਸ ਤੋਂ ਬਾਅਦ ਉਸਨੂੰ ਪੀਜੀਆਈ ਦਾਖ਼ਲ ਕਰਵਾਇਆ ਗਿਆ ਹੈ।

ਗਾਇਕ ਪਰਮੀਸ਼ ਵਰਮਾ 'ਤੇ ਗੋਲੀ ਚਲਾਉਣ ਵਾਲੇ ਗੈਂਗਸਟਰ ਦਿਲਪ੍ਰੀਤ ਬਾਬਾ ਨੂੰ ਕਾਬੂ ਕਰਨ ਵਿਚ ਪੰਜਾਬ ਪੁਲਿਸ ਤੋਂ ਇਲਾਵਾ ਚੰਡੀਗੜ੍ਹ ਪੁਲਿਸ ਦਾ ਵੀ ਹੱਥ ਹੈ। ਦਿਲਪ੍ਰੀਤ ਪੁਲਿਸ 'ਤੇ ਫ਼ਾਈਰਿੰਗ ਕਰ ਕੇ ਭੱਜਣਾ ਚਾਹੁੰਦਾ ਸੀ, ਪਰ ਜਵਾਬੀ ਫ਼ਾਈਰਿੰਗ ਵਿਚ ਗੋਲੀ ਲੱਗਣ ਨਾਲ ਜ਼ਖ਼ਮੀ ਹੋ ਗਿਆ ਅਤੇ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ।

Baba Dilpreet Singh

ਪੰਜਾਬ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਗੈਂਗਸਟਰ ਦਿਲਪ੍ਰੀਤ ਬਾਬਾ ਚੰਡੀਗੜ੍ਹ ਵਿਚ ਕਿਸੇ ਵੱਡੀ ਵਾਰਦਾਤ ਨੂੰ ਅੰਜ਼ਾਮ ਦੇਣ ਲਈ ਆਉਣ ਵਾਲਾ ਹੈ। ਇਸਤੋਂ ਬਾਅਦ ਪੰਜਾਬ ਪੁਲਿਸ ਨੇ ਇਸਦੀ ਸੂਚਨਾ ਚੰਡੀਗੜ੍ਹ ਪੁਲਿਸ ਨੂੰ ਦਿਤੀ। ਇਸਦੇ ਬਾਅਦ ਪੰਜਾਬ ਪੁਲਿਸ ਦੇ ਖੁਫ਼ੀਆ ਵਿੰਗ ਅਤੇ ਜਲੰਧਰ ਦੇਹਾਤੀ ਪੁਲਿਸ ਨੇ ਝਟਪਟ ਬੱਸ ਅੱਡੇ ਦੇ ਪਿਛਲੇ ਪਾਸੇ ਨਾਕਾ ਲਗਾ ਲਿਆ।

ਜਿਵੇਂ ਹੀ ਦਿਲਪ੍ਰੀਤ ਬਾਬਾ ਅਪਣੀ ਕਾਰ ਸਵਿਫ਼ਟ ਡਿਜ਼ਾਈਰ ਵਿਚ ਨਾਕੇ ਕੋਲ ਪਹੁੰਚਣ ਵਾਲਾ ਸੀ ਤਾਂ ਪੰਜਾਬ ਪੁਲਿਸ ਦੇ ਕਰਮਚਾਰੀ ਨੇ ਕਾਰ ਦੇ ਕੱਚ 'ਤੇ ਪੱਥਰ ਸੁੱਟਿਆ। ਜਿਸਦੇ ਤੁਰੰਤ ਬਾਅਦ ਗੈਂਗਸਟਰ ਨੇ ਫ਼ਾਈਰਿੰਗ ਸ਼ੁਰੂ ਕਰ ਦਿਤੀ। ਪੁਲਿਸ ਨੇ ਜਵਾਬੀ ਕਾਰਵਾਈ ਕਰਦੇ ਹੋਏ ਤਿੰਨ ਰਾਉਂਡ ਗੋਲੀ ਚਲਾਈ ਅਤੇ ਚੰਡੀਗੜ੍ਹ ਦੀ ਅਪਰਾਧ ਸ਼ਾਖਾ ਟੀਮ ਦੇ ਇੰਸਪੈਕਟਰ ਅਮਨਜੋਤ ਨੇ ਵੀ ਫ਼ਾਈਰਿੰਗ ਸ਼ੁਰੂ ਕਰ ਦਿਤੀ।

Investigating Crime Scene

ਐਸਐਸਪੀ ਚੰਡੀਗੜ੍ਹ ਨੀਲਾਂਬਰੀ ਜਗਦਾਲੇ ਨੇ ਦੱਸਿਆ ਕਿ ਗੁਪਤ ਸੂਚਨਾ ਮਿਲੀ ਸੀ ਕਿ ਦਿਲਪ੍ਰੀਤ ਇਕ ਸਵਿਫਟ ਡਿਜਾਇਰ ਕਾਰ ਵਿਚ ਸਵਾਰ ਚੰਡੀਗੜ੍ਹ ਦੀ ਵੱਲ ਜਾ ਰਿਹਾ ਹੈ। ਜਿਸਦੇ ਬਾਅਦ ਨਾਕੇਬੰਦੀ ਕਰਕੇ ਦਿਲਪ੍ਰੀਤ ਨੂੰ ਸੈਕਟਰ - 43 ਬੱਸ ਅੱਡੇ ਦੇ ਕੋਲ ਘੇਰਾਬੰਦੀ ਕਰਕੇ ਕਾਬੂ ਕਰਨ ਦੀ ਕੋਸ਼ਿਸ਼ ਕੀਤੀ, ਪਰ ਦਿਲਪ੍ਰੀਤ ਨੇ ਪੁਲਿਸ ਨੂੰ ਵੇਖ ਫਾਇਰਿੰਗ ਸ਼ੁਰੂ ਕਰ ਦਿਤੀ। ਪੁਲਿਸ ਨੇ ਜਵਾਬੀ ਫ਼ਾਇਰ ਕੀਤਾ, ਜਿਸ ਵਿਚ ਦਿਲਪ੍ਰੀਤ ਜ਼ਖ਼ਮੀ ਹੋ ਗਿਆ।

ਸਰਪੰਚ ਦੀ ਹਤਿਆ ਵਿਚ ਵੀ ਹੈ ਦਿਲਪ੍ਰੀਤ ਦਾ ਹੱਥ

9 ਅਪ੍ਰੈਲ 2017 ਵਿਚ ਸੈਕਟਰ 38 ਸਥਿਤ ਗੁਰਦੁਆਰਾ ਸਾਹਿਬ ਦੇ ਬਾਹਰ ਹੁਸ਼ਿਆਰਪੁਰ ਜਿਲੇ ਦੇ ਪਿੰਡ ਖੁਰਦ ਦੇ ਸਰਪੰਚ ਦੀ ਸਰੇਆਮ ਕੀਤੀ ਗਈ ਹਤਿਆ ਦੇ ਮਾਮਲੇ ਵਿਚ ਚੰਡੀਗੜ੍ਹ ਪੁਲਿਸ ਨੂੰ ਦਿਲਪ੍ਰੀਤ ਬਾਬਾ ਦੀ ਭਾਲ ਸੀ। ਉਸਨੇ ਅਪਣੇ ਸਾਥੀ ਹਰਜਿੰਦਰ ਸਿੰਘ ਉਰਫ਼ ਅਕਾਸ਼ ਅਤੇ ਹਰਵਿੰਦਰ ਸਿੰਘ ਉਰਫ਼ ਰਿੰਡਾ ਦੇ ਨਾਲ ਮਿਲਕੇ ਸਰਪੰਚ ਦੀ ਹਤਿਆ ਕੀਤੀ ਸੀ। ਹਤਿਆ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ ਸਨ। ਸਤਨਾਮ ਸਿੰਘ ਨੂੰ ਪੀਜੀਆਈ ਦਾਖ਼ਲ ਕਰਵਾਇਆ ਗਿਆ ਸੀ। ਜਿਥੇ ਉਸਦੀ ਮੌਤ ਹੋ ਗਈ ਸੀ।