ਚੰਡੀਗੜ੍ਹ 'ਚ ਪੇਡ ਪਾਰਕਿੰਗਾਂ ਦੇ ਠੇਕੇ ਰੱਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮਿਊਂਸਪਲ ਕਾਰਪੋਰੇਸ਼ਨ ਚੰਡੀਗੜ੍ਹ ਵਲੋਂ 26 ਸਮਾਰਟ ਪੇਡ ਪਾਰਕਿੰਗਾਂ ਨੂੰ ਚਲਾ ਰਹੀ ਆਰੀਆ ਟੋਲ ਇੰਫ਼ਰਾ ਕੰਪਨੀ ਨਾਲ ਇਕ ਸਾਲ ਪਹਿਲਾਂ ਕੀਤਾ ਸਮਝੌਤਾ ਰੱਦ ਕਰ ਦਿਤਾ...

Pad Parking

ਚੰਡੀਗੜ੍ਹ,ਮਿਊਂਸਪਲ ਕਾਰਪੋਰੇਸ਼ਨ ਚੰਡੀਗੜ੍ਹ ਵਲੋਂ 26 ਸਮਾਰਟ ਪੇਡ ਪਾਰਕਿੰਗਾਂ ਨੂੰ ਚਲਾ ਰਹੀ ਆਰੀਆ ਟੋਲ ਇੰਫ਼ਰਾ ਕੰਪਨੀ ਨਾਲ ਇਕ ਸਾਲ ਪਹਿਲਾਂ ਕੀਤਾ ਸਮਝੌਤਾ ਰੱਦ ਕਰ ਦਿਤਾ ਹੈ। ਇਸ ਕੰਪਨੀ ਨੂੰ ਨਗਰ ਨਿਗਮ ਵਲੋਂ 14 ਕਰੋੜ 85 ਲੱਖ ਰੁਪਏ ਸਾਲਾਨਾ 'ਚ ਮਲਟੀਸਟੋਰੀ ਪੇਡ ਪਾਰਕਿੰਗ ਸੈਕਟਰ 17 ਸਮੇਤ ਠੇਕਾ ਦਿਤਾ ਸੀ। ਪਰੰਤੂ ਇਸ ਕੰਪਨੀ ਵਲੋਂ ਨਗਰ ਨਿਗਮ ਨਾਲ ਹੋਏ ਸਮਝੌਤੇ ਦੀਆਂ ਸ਼ਰਤਾਂ ਵੀ ਲੀਰੋ-ਲੀਰ ਕੀਤੀਆਂ ਸਨ ਅਤੇ ਰੇਟ ਵੀ 10 ਗੁਣਾ ਵਧਾ ਲਏ ਸਨ। ਨਗਰ ਨਿਗਮ ਨੇ ਇੰਜੀਨੀਅਰ ਵਿਭਾਗ ਨੂੰ 26 ਪਾਰਕਿੰਗਾਂ ਦਾ ਕੰਟਰੋਲ ਅਪਣੇ ਹੱਥੀਂ ਲੈਣ ਦੇ ਹੁਕਮ ਦਿਤੇ ਹਨ।

ਇਸ ਸਬੰਧੀ ਨਿਗਮ ਦੇ ਜੁਆਇੰਟ ਕਮਿਸ਼ਨਰ ਤੇਜਦੀਪ ਸਿੰਘ ਸੈਣੀ ਨੇ ਪੱਤਰਕਾਰਾਂ ਨੂੰ ਦਸਿਆ ਕਿ ਕੰਪਨੀ ਵਲੋਂ ਠੇਕੇ ਦੀ 5ਵੀਂ ਕਿਸ਼ਤ 3 ਕਰੋੜ 69 ਲੱਖ 50 ਹਜ਼ਾਰ ਰੁਪਏ 19 ਜੂਨ ਤਕ ਜਮ੍ਹਾਂ ਕਰਵਾਉਣੇ ਸਨ ਪਰੰਤੂ 15 ਦਿਨਾਂ  ਦੀ ਮੋਹਲਤ ਬਾਅਦ ਵੀ ਕੰਪਨੀ ਨੇ ਫ਼ੀਸ ਜਮ੍ਹਾਂ ਨਹੀਂ ਕਰਵਾਈ, ਜੋ ਸਮਝੌਤੇ ਦੀ ਉਲੰਘਣਾ ਮੰਨੀ ਗਈ ਅਤੇ ਸ਼ਰਤ ਮੰਨਣ ਤੋਂ ਲਗਾਤਾਰ ਇਨਕਾਰ ਕੀਤਾ।

Paid Parking Chandigarh cancelled

ਉਨ੍ਹਾਂ ਕਿਹਾ ਕਿ ਕੰਪਨੀ ਵਲੋਂ ਨਿਯਮਾਂ ਦੀ ਉਲੰਘਣਾ ਕਾਰਨ ਲਾਈਸੰਸ ਰੱਦ ਕਰ ਦਿਤਾ ਗਿਆ ਹੈ। ਫ਼ਿਲਹਾਲ ਨਿਗਮ ਖ਼ੁਦ ਹੀ ਪਾਰਕਿੰਗਾਂ ਚਲਾਏਗੀ ਜਦੋਂ ਤਕ ਦੂਜੀ ਕੰਪਨੀ ਸਾਹਮਣੇ ਨਹੀਂ ਆ ਜਾਂਦੀ।ਨਗਰ ਨਿਗਮ ਦੇ ਸੂਤਰਾਂ ਅਨੁਸਾਰ ਕਮਿਸ਼ਨਰ ਕਮਲ ਕਿਸ਼ੋਰ ਯਾਦਵ ਨੇ ਸ਼ਹਿਰ ਦੀਆਂ ਸਾਰੀਆਂ ਕੰਪਨੀਆਂ ਦੇ ਕਬਜ਼ੇ ਵਾਲੀਆਂ 26 ਪੇਡ ਪਾਰਕਿੰਗਾਂ ਨੂੰ ਇੰਜੀਨੀਅਰ ਵਿਭਾਗ ਨੂੰ ਤੁਰਤ ਕਬਜ਼ੇ 'ਚ ਲੈਣ ਦੇ ਹੁਕਮ ਦਿਤੇ ਹਨ।

ਟੈਰੀਟੋਰੀਅਲ ਕਾਂਗਰਸ ਵਲੋਂ ਸਵਾਗਤ : ਉਧਰ, ਚੰਡੀਗੜ੍ਹ ਟੈਰੀਟੋਰੀਅਲ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਦੀਪ ਛਾਬੜਾ ਵਲੋਂ ਜਾਰੀ ਇਕ ਬਿਆਨ 'ਚ ਨਗਰ ਨਿਗਮ ਵਲੋਂ ਪੇਡ ਪਾਰਕਿੰਗਾਂ ਚਲਾ ਰਹੀ ਆਰੀਆ ਟੋਲ ਇੰਫ਼ਰਾ ਕੰਪਨੀ ਪ੍ਰਾ.ਲਿਮ. ਨਾਲ ਅੱਜ ਰੱਦ ਕੀਤੇ ਸਮਝੌਤੇ ਦਾ ਨਿੱਘਾ ਸਵਾਗਤ ਕੀਤਾ ਹੈ।ਸ੍ਰੀ ਛਾਬੜਾ ਨੇ ਕਿਹਾ ਕਿ ਨਗਰ ਨਿਗਮ ਦੀਆਂ ਪ੍ਰਸ਼ਾਸਨਿਕ ਅਤੇ ਭਾਜਪਾ ਮੇਅਰ ਵਲੋਂ ਕੀਤੀਆਂ ਅਸਫ਼ਲਤਾਵਾਂ ਕਾਰਨ ਸ਼ਹਿਰ ਦੇ ਲੋਕਾਂ ਦੀ ਲੁੱਟ-ਖਸੁੱਟ ਕੀਤੀ ਜਾ ਰਹੀ ਸੀ, ਜਿਸ ਦਾ ਕਾਂਗਰਸ ਨੇ ਹਮੇਸ਼ਾ ਹੀ ਵਿਰੋਧ ਕੀਤਾ ਸੀ।