ਧੜੱਲੇ ਨਾਲ ਚੱਲ ਰਿਹੈ ਪਹਾੜੀਆਂ ਕੱਟ ਕੇ ਨਾਜਾਇਜ਼ ਉਸਾਰੀਆਂ ਦਾ ਧੰਦਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਐਸਏਐਸ ਨਗਰ ਸਿਆਸੀ ਆਗੂਆਂ, ਰਸੂਖਦਾਰ ਵਿਅਕਤੀਆਂ ਤੇ ਪ੍ਰੋਪਰਟੀ ਡੀਲਰਾਂ ਵਲੋਂ ਨਾਜਾਇਜ਼ ਤੌਰ 'ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਮਿਲੀਭੁਗਤੀ ਨਾਲ ਨਵਾਂਗਰਾਉਂ ...

Illegal Construction

ਐਸਏਐਸ ਨਗਰ ਸਿਆਸੀ ਆਗੂਆਂ, ਰਸੂਖਦਾਰ ਵਿਅਕਤੀਆਂ ਤੇ ਪ੍ਰੋਪਰਟੀ ਡੀਲਰਾਂ ਵਲੋਂ ਨਾਜਾਇਜ਼ ਤੌਰ 'ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਮਿਲੀਭੁਗਤੀ ਨਾਲ ਨਵਾਂਗਰਾਉਂ ਦੀਆਂ ਪਹਾੜੀਆਂ ਨੂੰ ਕੱਟ ਕੇ ਨਾਜਾਇਜ਼ ਤੌਰ 'ਤੇ ਮਕਾਨ ਉਸਾਰੀਆਂ ਅਤੇ ਵੱਡੇ-ਵੱਡੇ ਸ਼ੋਅਰੂਮ ਬਣਾਉਣ ਦਾ ਕੰਮ ਧੜੱਲੇ ਨਾਲ ਚਲ ਰਿਹਾ ਹੈ। ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਕੁਦਰਤੀ ਸੰਪਤੀ ਨਾਲ ਹੋ ਰਹੀ ਛੇੜਛਾੜ ਨੂੰ ਰੋਕਣ ਲਈ ਤਿਆਰ ਨਹੀਂ ਵਿਖਾਈ ਦੇ ਰਿਹਾ, ਕਿਉਕਿ ਸਿਆਸੀ ਦਬਾਉ ਕਾਰਨ ਨਾਜਾਇਜ਼ ਤੌਰ 'ਤੇ ਵੱਡੇ ਵਿਅਕਤੀਆਂ ਵਲੋਂ ਉਸਾਰੀਆਂ ਦਾ  ਕੰਮ ਕਾਨੂੰਨ ਨੂੰ ਛਿੱਕੇ ਟੰਗ ਕੇ ਚਲਾਇਆ ਜਾ ਰਿਹਾ ਹੈ।

ਇਸ ਤਰ੍ਹਾਂ ਹੀ ਨਵਾਂਗਰਾਉਂ ਸਿੰਘਾਦੇਵੀ ਦੇ ਜੰਗਲਾਤ ਵਿਭਾਗ ਦੇ ਅਧਿਕਾਰ ਖੇਤਰ ਅਧੀਨ ਪੈਂਦੇ ਪਹਾੜੀ ਖੇਤਰ ਅੰਦਰ ਪਿਛਲੇ ਇਕ ਮਹੀਨੇ ਤੋਂ ਰਾਤ ਸਮੇਂ ਪਹਾੜੀਆਂ ਨੂੰ ਜੇਸੀਬੀ ਮਸ਼ੀਨ ਨਾਲ ਕੱਟ ਕੇ ਪੱਧਰ ਕੀਤਾ ਜਾ ਰਿਹਾ ਹੈ ਅਤੇ ਸਾਰੀ ਰਾਤ ਪਹਾੜੀਆਂ ਪੱਧਰ ਕਰਨ ਦਾ ਇਹ ਕੰਮ ਬਿਨਾਂ ਕਿਸੇ ਡਰ-ਭੈਅ ਤੋਂ ਚਲ ਰਿਹਾ ਹੈ ਅਤੇ ਦਿਨ ਸਮੇਂ ਪੱਧਰ ਕੀਤੀ ਥਾਂ ਵਿਚ ਇਮਾਰਤਾਂ ਉਸਾਰੀਆਂ ਜਾ ਰਹੀ ਹਨ।

ਜਦੋਂ ਇਮਾਰਤਾਂ ਦੀ ਉਸਾਰੀ ਕਰਨ ਵਾਲੇ ਮਜ਼ਦੂਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅਸੀ ਤਾਂ ਠੇਕੇਦਾਰ ਦੇ ਬੰਦੇ ਹਾਂ ਸਾਨੂੰ ਇਸ ਬਾਰੇ ਕੋਈ ਪਤਾ ਨਹੀਂ ਪਰ ਰਾਤ ਸਮੇਂ ਪਹਾੜ ਪੱਧਰ ਜ਼ਰੂਰ ਕੀਤਾ ਜਾਂਦਾ ਹੈ ਅਤੇ ਦਿਨ ਚੜ੍ਹਦੇ ਹੀ ਮਕਾਨਾਂ ਅਤੇ ਵੱਡੀਆਂ-ਵੱਡੀਆਂ ਇਮਾਰਤਾਂ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ। ਪਹਾੜ ਪੱਧਰ ਕਰਨ ਦਾ ਕੰਮ ਸਿੰਘਾਦੇਵੀ ਤੋਂ ਨਾਡਾ ਪਿੰਡ ਤਕ ਚਲ ਰਿਹਾ ਹੈ ਅਤੇ ਪ੍ਰੋਪਰਟੀ ਡੀਲਰਾਂ ਨੇ ਪਟਿਆਲਾ ਕੀ ਰਾਓ ਨਦੀ ਦੇ ਬਹਾਅ ਵਾਲੇ ਰਸਤੇ ਵਿਚ ਨਾਜਾਇਜ਼ ਕਬਜ਼ੇ ਕਰ ਕੇ ਅਪਣੀਆਂ ਇਮਾਰਤਾਂ ਲਈ ਰਸਤੇ ਬਣਾ ਰੱਖੇ ਹਨ।

ਜਦੋਂ ਇਸ ਸਬੰਧੀ ਜੰਗਲਾਤ ਵਿਭਾਗ ਦੇ ਵਣ ਗਾਰਡ ਮਨਜੀਤ ਸਿੰਘ ਦੇ ਮੋਬਾਈਲ 'ਤੇ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਇਹ ਡੀ-ਲਿਸਟ ਏਰੀਆ ਹੈ। ਇਹ ਸਾਡੇ ਅਧਿਕਾਰ ਖੇਤਰ ਤੋਂ ਬਾਹਰ ਹੈ। ਫਿਰ ਵੀ ਅਸੀ ਇਸ ਸਬੰਧ ਵਿਚ ਅਪਣੇ ਵਿਭਾਗ ਵਲੋਂ ਕਈ ਵਾਰੀ ਗਮਾਡਾ ਦੇ ਅਧਿਕਾਰੀ ਨੂੰ ਲਿਖ ਕੇ ਭੇਜ ਚੁੱਕੇ ਹਾਂ। ਪਹਾੜ ਕੱਟਣ ਵਾਲਿਆਂ ਵਿਰੁਧ ਕਾਰਵਾਈ ਗਮਾਡਾ ਦੇ ਅਧਿਕਾਰੀਆਂ ਨੇ ਕਰਨੀ ਹੈ।