ਪ੍ਰੀਖਿਆਵਾਂ ਲੈਣ ਦੇ ਫ਼ੈਸਲੇ ਵਿਰੁੱਧ 'ਆਪ' ਦੇ ਵਿਦਿਆਰਥੀ ਵਿੰਗ ਵੱਲੋਂ ਚੰਡੀਗੜ੍ਹ 'ਚ ਰੋਸ ਪ੍ਰਦਰਸ਼ਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਆਮ ਆਦਮੀ ਪਾਰਟੀ ਪੰਜਾਬ ਦੇ ਵਿਦਿਆਰਥੀ ਵਿੰਗ ਸੀਵਾਈਐਸਐਸ ਨੇ ਸ਼ੁੱਕਰਵਾਰ ਨੂੰ ਕੋਰੋਨਾ...

FILE PHOTO

ਚੰਡੀਗੜ੍ਹ: ਆਮ ਆਦਮੀ ਪਾਰਟੀ ਪੰਜਾਬ ਦੇ ਵਿਦਿਆਰਥੀ ਵਿੰਗ ਸੀਵਾਈਐਸਐਸ ਨੇ ਸ਼ੁੱਕਰਵਾਰ ਨੂੰ ਕੋਰੋਨਾ ਮਹਾਂਮਾਰੀ ਦੌਰਾਨ ਲੰਬਿਤ ਪਈਆਂ ਅੰਤਿਮ ਸਮੈਸਟਰ ਦੀਆਂ ਯੂਨੀਵਰਸਿਟੀ ਪ੍ਰੀਖਿਆਵਾਂ ਲੈਣ ਦੇ ਫ਼ੈਸਲੇ ਨੂੰ ਖ਼ਤਰਨਾਕ ਕਰਾਰ ਦਿੰਦੇ ਹੋਏ ਚੰਡੀਗੜ੍ਹ ਭਾਜਪਾ ਹੈੱਡਕੁਆਟਰ ਮੂਹਰੇ ਕੇਂਦਰ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ।

ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸੀਵਾਈਐਸਐਸ ਦੇ ਚੰਡੀਗੜ੍ਹ ਇੰਚਾਰਜ ਰੇਸ਼ਮ ਸਿੰਘ ਗੋਦਾਰਾ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਵੱਧ ਰਹੇ ਪ੍ਰਕੋਪ ਦੇ ਮੱਦੇਨਜ਼ਰ ਕੇਂਦਰ ਸਰਕਾਰ ਵੱਲੋਂ ਕੁੱਝ ਯੂਨੀਵਰਸਿਟੀਆਂ ਵੱਲੋਂ ਪ੍ਰੀਖਿਆਵਾਂ ਕਰਵਾਉਣ ਦਾ ਲਿਆ ਗਿਆ ਫ਼ੈਸਲਾ ਬਿਲਕੁਲ ਹੀ ਵਿਦਿਆਰਥੀਆਂ ਦੇ ਜੀਵਨ ਨਾਲ ਖਿਲਵਾੜ ਹੈ।

ਮਨੁੱਖੀ ਸਰੋਤ ਮੰਤਰਾਲਾ ਵੱਲੋਂ ਅਖੀਰਲੇ ਸਮੈਸਟਰ ਦੇ ਪ੍ਰੀਖਿਆਵਾਂ ਕਰਵਾਉਣ ਦਾ ਫ਼ੈਸਲਾ ਕਰਨਾ ਵਿਦਿਆਰਥੀਆਂ ਦੀ ਜ਼ਿੰਦਗੀ ਨਾਲ ਖੇਡਣ ਦੇ ਸਮਾਨ ਹੈ।
ਸੀਵਾਈਐਸਐਸ ਵਿੰਗ ਦੇ ਅਹੁਦੇਦਾਰ ਨਵਜੋਤ ਸਿੰਘ ਸੈਣੀ ਅਤੇ ਸਤਵੀਰ ਸਿੰਘ ਸ਼ੀਰਾ ਬਨਭੌਰਾ ਨੇ ਕਿਹਾ ਕਿ ਭਾਰਤ ਸਰਕਾਰ ਹੁਣ ਆ ਕੇ ਕਿਸ ਆਧਾਰ 'ਤੇ ਪ੍ਰੀਖਿਆਵਾਂ ਕਰਵਾਉਣ ਲਈ ਤਿਆਰ ਹੋ ਗਈ ਹੈ।

ਜਦਕਿ ਕੋਰੋਨਾ ਮਹਾਂਮਾਰੀ ਦਾ ਪ੍ਰਕੋਪ ਦਿਨ ਪ੍ਰਤੀ ਦਿਨ ਵੱਧ ਰਿਹਾ ਹੈ ਅਤੇ ਪੂਰੇ ਲੌਕਡਾਊਨ ਦੌਰਾਨ ਕੋਈ ਵੀ ਵਿਦਿਆਰਥੀ ਚੰਗੀ ਤਰਾਂ ਸਿਲੇਬਸ ਹੀ ਪੂਰਾ ਨਹੀਂ ਕਰ ਸਕਿਆ, ਜਿਸ ਕਾਰਨ ਵਿਦਿਆਰਥੀ ਮਾਨਸਿਕ ਤੌਰ 'ਤੇ ਵੀ ਪ੍ਰੀਖਿਆਵਾਂ ਦੇਣ ਲਈ ਤਿਆਰ ਨਹੀਂ ਹਨ।

ਉਨ੍ਹਾਂ ਸਵਾਲ ਕੀਤਾ ਕਿ ਕੀ ਭਾਜਪਾ ਦੀ ਅਗਵਾਈ ਕੇਂਦਰ ਸਰਕਾਰ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਸਪਸ਼ਟ ਕਰੇ ਕਿ ਹੁਣ ਆ ਕੇ ਉਨ੍ਹਾਂ ਨੂੰ ਵਿਦਿਆਰਥੀਆਂ ਦੀ ਜਾਨ ਨਾਲੋਂ ਪ੍ਰੀਖਿਆਵਾਂ ਕਰਵਾਉਣੀਆਂ ਕਿਉਂ ਜ਼ਰੂਰੀ ਹੋ ਗਈਆਂ ਹਨ।ਉਨ੍ਹਾਂ ਮੰਗ ਕੀਤੀ ਕਿ ਸਰਕਾਰ ਨੂੰ ਇਹ ਫ਼ੈਸਲਾ ਜਲਦ ਤੋਂ ਜਲਦ ਵਾਪਸ ਲੈਣਾ ਚਾਹੀਦਾ ਹੈ ਨਹੀਂ ਤਾਂ ਸੀਵਾਈਐਸਐਸ ਵੱਡੇ ਪੱਧਰ 'ਤੇ ਪ੍ਰਦਰਸ਼ਨ ਕਰੇਗੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ