ਪੰਜਾਬ ਵਿਚ ਪਲਾਜ਼ਮਾ ਬੈਂਕ ਸਥਾਪਤ ਕਰਨ ਨੂੰ ਪ੍ਰਵਾਨਗੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੂਬਾ ਸਰਕਾਰ ਨੇ ਸਭ ਤੋਂ ਵਧ ਪ੍ਰਭਾਵਿਤ ਪੰਜ ਜ਼ਿਲ੍ਹਿਆਂ ਵਿਚ ਸ਼ੁਕਰਵਾਰ ਤੋਂ ਰੈਪਿਡ ਐਂਟੀਜਨ ਟੈਸਟਿੰਗ ਦਾ

Approval to set up Plasma Bank in Punjab

ਚੰਡੀਗੜ੍ਹ, 9 ਜੁਲਾਈ (ਸਪੋਕਸਮੈਨ ਸਮਾਚਾਰ ਸੇਵਾ) : ਸੂਬਾ ਸਰਕਾਰ ਨੇ ਸਭ ਤੋਂ ਵਧ ਪ੍ਰਭਾਵਿਤ ਪੰਜ ਜ਼ਿਲ੍ਹਿਆਂ ਵਿਚ ਸ਼ੁਕਰਵਾਰ ਤੋਂ ਰੈਪਿਡ ਐਂਟੀਜਨ ਟੈਸਟਿੰਗ ਦਾ ਪਾਇਲਟ ਪ੍ਰਾਜੈਕਟ ਸ਼ੁਰੂ ਕਰਨ ਦੀ ਤਿਆਰੀ ਕਰ ਲਈ ਹੈ ਅਤੇ ਇਸੇ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕੋਵਿਡ ਪਲਾਜ਼ਮਾ ਥਰੈਪੀ ਦੇ ਇਲਾਜ ਦੀ ਸਹੂਲਤ ਵਾਸਤੇ ਪਲਾਜ਼ਮ ਬੈਂਕ ਦੀ ਸਥਾਪਨਾ ਕਰਨ ਨੂੰ ਹਰੀ ਝੰਡੀ ਦੇ ਦਿਤੀ ਹੈ।

ਹਾਲਾਂਕਿ, ਆਈ.ਸੀ.ਐਮ.ਆਰ ਦੇ ਟਰਾਇਲ ਪ੍ਰਾਜੈਕਟ ਦੇ ਤੌਰ 'ਤੇ ਸੂਬੇ ਦੇ ਸਰਕਾਰੀ ਹਸਪਤਾਲਾਂ ਵਿਚ ਪਲਾਜ਼ਮਾ ਥਰੈਪੀ ਦਾ ਇਲਾਜ ਪਹਿਲਾਂ ਹੀ ਕੀਤਾ ਜਾ ਰਿਹਾ ਹੈ। ਸੂਬੇ ਵਿਚ ਕੋਵਿਡ ਸਥਿਤੀ ਬਾਰੇ ਵੀਡੀਉ ਕਾਨਫ਼ਰੰਸਿੰਗ ਜ਼ਰੀਏ ਹੋਈ ਜਾਇਜ਼ਾ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਬਲੱਡ ਬੈਂਕ ਅਤੇ ਟਰਾਂਸਫ਼ਿਊਜ਼ਨ ਮੈਡੀਸਨ ਦੇ ਸਾਬਕਾ ਮੁਖੀ ਡਾ. ਨੀਲਿਮਾ ਮਰਵਾਹਾ ਦੀ ਨਿਗਰਾਨੀ ਅਤੇ ਰਹਿਨੁਮਾਈ ਹੇਠ ਪਲਾਜ਼ਮਾ ਬੈਂਕ ਸਥਾਪਤ ਕਰਨ ਦੀ ਪ੍ਰਵਾਨਗੀ ਦੇ ਦਿਤੀ ਹੈ।

ਡਾ. ਮਰਵਾਹਾ ਪਹਿਲਾਂ ਹੀ ਇਸ ਪ੍ਰਕ੍ਰਿਆ ਵਿਚ ਸ਼ਾਮਲ ਹਨ ਅਤੇ ਪਲਾਜ਼ਮਾ ਥਰੈਪੀ ਟਰਾਇਲ ਬਾਰੇ ਸੇਧ ਦੇ ਰਹੇ ਹਨ। ਸੂਬੇ ਵਿਚ ਸੁਰੱਖਿਆ ਨੇਮਾਂ ਦੀ ਵਧ ਰਹੀ ਉਲੰਘਣਾ ਜਿਨ੍ਹਾਂ ਵਿਚੋਂ ਬਹੁਤੇ ਸਿਆਸੀ ਪਾਰਟੀਆਂ ਤੋਂ ਹਨ ਤੇ ਚਿੰਤਾ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਹ ਛੇਤੀ ਹੀ ਸਾਰੀਆਂ ਸਿਆਸੀ ਪਾਰਟੀਆਂ ਦੇ ਮੁਖੀਆਂ ਨੂੰ ਪੱਤਰ ਲਿਖ ਕੇ ਵੱਡੇ ਇਕੱਠ ਕਰਨ ਤੋਂ ਗੁਰੇਜ਼ ਕਰਨ ਲਈ ਉਨ੍ਹਾਂ ਦਾ ਸਹਿਯੋਗ ਮੰਗਣਗੇ।