ਨਗਰ ਕੌਂਸਲ ਰਾਮਪੁਰਾ ਅੰਦਰ ਅਕਾਲੀ ਸਰਕਾਰ ਵੇਲੇ ਹੋਏ ਘਪਲੇ ਅਤੇ ਧਾਂਦਲੀਆਂ ਬੇਪਰਦ ਹੋਣੀਆਂ ਸ਼ੁਰੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜ਼ਿਲ੍ਹੇਂ ਦੇ ਸ਼ਹਿਰ ਰਾਮਪੁਰਾ ਫੁਲ ਦੀ ਨਗਰ ਕੌਂਸਲ ਅੰਦਰ ਅਕਾਲੀ ਸਰਕਾਰ ਵੇਲੇ ਵਾਪਰੀਆਂ

File Photo

ਬਠਿੰਡਾ (ਦਿਹਾਤੀ), 9 ਜੁਲਾਈ (ਲੁਭਾਸ਼ ਸਿੰਗਲਾ/ਗੁਰਪ੍ਰੀਤ ਸਿੰਘ) : ਜ਼ਿਲ੍ਹੇਂ ਦੇ ਸ਼ਹਿਰ ਰਾਮਪੁਰਾ ਫੁਲ ਦੀ ਨਗਰ ਕੌਂਸਲ ਅੰਦਰ ਅਕਾਲੀ ਸਰਕਾਰ ਵੇਲੇ ਵਾਪਰੀਆਂ ਬੇਨਿਯਮੀਆਂ ਅਤੇ ਧਾਂਦਲੀਆਂ ਦੀਆਂ ਪਿਛਲੇ ਸਮੇਂ ਖੁੱਲ੍ਹੀਆਂ ਪਰਤਾਂ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਲਈ ਵੱਡੀ ਸਿਰਦਰਦੀ ਬਣਦੀਆਂ ਜਾ ਰਹੀਆ ਹਨ, ਬੇਸ਼ੱਕ ਸਾਬਕਾ ਪ੍ਰਧਾਨ ਨੇ ਪਿਛਲੇ ਸਮੇਂ ਸੱਤਾਧਾਰੀ ਧਿਰ ਵਿਚ ਸਿਆਸੀ ਰਲੇਵਾਂ ਕਰ ਕੇ ਅਪਣੇ ਕਾਰਜਕਾਲ ਦੌਰਾਨ ਕੀਤੇ

ਘਪਲਿਆਂ ਉਪਰ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਉਸ ਦੇ ਕਾਰਜਕਾਲ ਵੇਲੇ ਦੋ ਸਾਥੀ ਮਹਿਲਾ ਕੌਂਸਲਰਾਂ ਸ੍ਰੀਮਤੀ ਸੁਨਾਲੀ ਮਿੱਤਲ ਅਤੇ ਰਜਨੀ ਰਾਣੀ ਨੇ ਸਮੇਂ-2 ਉਪਰ ਉਸ ਦੇ ਵਿਰੁਧ ਅਕਾਲੀ ਸਰਕਾਰ ਵੇਲੇ ਕੀਤੀਆਂ ਧੱਕੇਸ਼ਾਹੀਆਂ ਅਤੇ ਧਾਂਦਲੀਆਂ ਨੂੰ ਬੇਪਰਦ ਕਰਨ ਲਈ ਪੰਜਾਬ ਵਿਜ਼ੀਲੈਂਸ ਸਣੇ ਸਥਾਨਕ ਸਰਕਾਰਾਂ ਵਿਭਾਗ ਦੇ ਅਰਜ਼ੀ ਪੱਤਰ ਕਰ ਕੇ ਮੋਰਚਾ ਖੋਲ੍ਹੀ ਰਖਿਆ।

ਜਿਸ ਸਬੰਧੀ ਅੱਜ ਆਮ ਆਦਮੀ ਪਾਰਟੀ ਦੇ ਆਗੂ ਜਤਿੰਦਰ ਸਿੰਘ ਭੱਲਾ ਨੇ ਜ਼ਿਲ੍ਹਾ ਪੁਲਿਸ ਮੁਖੀ ਨੂੰ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਨਵਦੀਪ ਸਿੰਘ ਜੀਦਾ ਦੀ ਅਗਵਾਈ ਵਿਚ ਮਿਲ ਕੇ ਰਾਮਪੁਰਾ ਫੂਲ ਦੇ ਸਾਬਕਾ ਪ੍ਰਧਾਨ ਅਤੇ ਕੁਝ ਕਰਮਚਾਰੀਆਂ ਨੂੰ ਐਸ.ਡੀ.ਐਮ ਫੂਲ ਅਤੇ ਵਿਜ਼ੀਲੈਂਸ ਬਿਊਰੋ ਪੰਜਾਬ ਚੰਡੀਗੜ੍ਹ ਵਲੋਂ ਐਸ.ਐਸ.ਪੀ ਬਠਿੰਡਾ ਨੂੰ ਬਣਦੀ ਅਗਲੀ ਕਾਰਵਾਈ ਲਈ ਜਾਰੀ ਕੀਤੇ ਪੱਤਰ ਉਪਰ ਜਲਦ ਕਾਰਵਾਈ ਕਰਨ ਦੀ ਮੰਗ ਕੀਤੀ ਗਈ। 'ਆਪ' ਆਗੂ ਭੱਲਾ ਨੇ ਕਿਹਾ ਕਿ ਜ਼ਿਲ੍ਹਾ ਪੁਲਿਸ ਸਿਆਸੀ ਦਬਾਅ ਕਰ ਕੇ ਮਾਮਲੇ ਨੂੰ ਅਣਗੌਲਿਆਂ ਕਰ ਰਹੀ ਹੈ।

ਜਿਸ ਨੂੰ ਆਮ ਆਦਮੀ ਪਾਰਟੀ ਕਤਈ ਵੀ ਬਰਦਾਸ਼ਤ ਨਹੀਂ ਕਰੇਗੀ। 'ਆਪ' ਆਗੂ ਭੱਲਾ ਨੇ ਅੱਗੇ ਕਿਹਾ ਕਿ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਤੇ ਸਾਥੀਆਂ ਵਲੋਂ ਅਕਾਲੀ ਸਰਕਾਰ ਦੇ ਕਾਰਜਕਾਲ ਦੌਰਾਨ ਕਥਿਤ ਬੇਨਿਯਮੀਆਂ ਸਬੰਧੀ ਉਸ ਵੇਲੇ ਦੇ ਹਾਊੁਸ ਵਿਚਲੇ ਕੌਸਲਰਾਂ ਨੇ ਹੀ ਆਵਾਜ਼ ਬੁਲੰਦ ਕੀਤੀ ਸੀ। ਜਿਨ੍ਹਾਂ ਦੋਸ਼ਾਂ ਨੂੰ ਲੈ ਕੇ ਐਸ.ਡੀ.ਐਮ ਫੂਲ ਅਤੇ ਵਿਜ਼ੀਲੈਂਸ ਬਿਊਰੋ ਪੰਜਾਬ ਚੰਡੀਗੜ੍ਹ ਨੇ ਪੜਤਾਲ ਕਰਨ ਉਪਰੰਤ ਐਸ ਐਸ ਪੀ ਬਠਿੰਡਾ ਨੂੰ ਪਰਚਾ ਦਰਜ ਕਰਨ ਲਈ ਨਿਰਦੇਸ਼ ਜਾਰੀ ਕਰ ਦਿਤੇ ਸਨ

ਪਰ ਕੁਝ ਸਮੇਂ ਬਾਅਦ ਉਕਤ ਚਾਲ ਅਪਣੇ ਆਪ ਢਿੱਲੀ ਪੈ ਗਈ ਜੋ ਸਭ ਦੀ ਸੋਚ ਤੋਂ ਬਾਹਰ ਹੈ ਪਰ ਆਮ ਆਦਮੀ ਪਾਰਟੀ ਇਸ ਭ੍ਰਿਸ਼ਟਾਚਾਰ ਦੇ ਮਾਮਲੇ ਉੱਪਰ ਮਿੱਟੀ ਨਹੀਂ ਪੈਣ ਦੇਵੇਗੀ ਅਤੇ ਸ਼ਹਿਰ ਦੇ ਵਿਕਾਸ ਲਈ ਆਈ ਗ੍ਰਾਂਟ ਅਤੇ ਅੱਡਾ ਫ਼ੀਸ ਦੀ ਉਗਰਾਹੀ ਵਿਚ ਅਕਾਲੀ ਸਰਕਾਰ ਵੇਲੇ ਹੋਏ ਘਪਲਿਆਂ ਲਈ ਜ਼ੁੰਮੇਵਾਰਾਂ ਵਿਰੁਧ ਕਾਰਵਾਈ ਕਰਵਾ ਕੇ ਹੀ ਦਮ ਲਵੇਗੀ।

ਉਧਰ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਨਵਦੀਪ ਸਿੰਘ ਜੀਂਦਾ ਦੀ ਅਗਵਾਈ ਹੇਠ ਐਸ.ਐਸ.ਪੀ ਬਠਿੰਡਾ ਨੂੰ ਮਿਲ ਕੇ ਵਫ਼ਦ ਨੇ ਸਮਾਂਬੱਧ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ ਜੇਕਰ ਕਾਰਵਾਈ ਨਾ ਹੋਈ ਤਾਂ ਵੱਡਾ ਸਘੰਰਸ਼ ਵਿਢਣ ਦਾ ਐਲਾਨ ਵੀ ਕੀਤਾ। ਮਾਮਲੇ ਸਬੰਧੀ ਸਾਬਕਾ ਪ੍ਰਧਾਨ ਸੁਨੀਲ ਕੁਮਾਰ ਬਿੱਟਾ ਨੇ ਕਿਹਾ ਕਿ ਐਸ.ਡੀ.ਐਮ ਫੂਲ ਵਲੋਂ ਮੇਰੇ ਵਿਰੁਧ ਕੀਤੀ

ਪੜਤਾਲ ਇਕਪਾਸੜ ਕਾਰਵਾਈ ਸੀ ਕਿਉਂਕਿ ਉਨ੍ਹਾਂ ਨੇ ਕਥਿਤ ਤੋਰ 'ਤੇ ਮੇਰੇ ਨਾਲ ਰੰਜਿਸ਼ ਕੱਢਣ ਤਹਿਤ ਹੀ ਅਜਿਹੀ ਰਿਪੋਰਟ ਤਿਆਰ ਕੀਤੀ ਜਦਕਿ ਮੈਨੂੰ ਇਕ ਦਿਨ ਵੀ ਬੁਲਾਇਆ ਨਹੀ ਗਿਆ ਪਰ ਵਿਜ਼ੀਲੈਂਸ ਵਿਭਾਗ ਨੇ ਮੈਨੂੰ ਕਦੇ ਕੋਈ ਪੱਤਰ, ਵਟਸਐਪ ਨਹੀਂ ਭੇਜਿਆ ਪਰ ਮੈਂ ਕਿਸੇ ਪ੍ਰਕਾਰ ਦੀ ਕੋਈ ਧਾਂਦਲੀ ਨਹੀ ਕੀਤੀ। ਜਿਸ ਦੀ ਕੋਈ ਵੀ ਸੰਸਥਾ ਜਾਂ ਵਿਅਕਤੀ ਨਿਰਪੱਖ ਜਾਂਚ ਕਰਵਾ ਸਕਦਾ ਹੈ। ਇਸ ਮੌਕੇ ਰਮੇਸ਼ ਕੁਮਾਰ ਮਿੱਤਲ, ਇਬਰਾਹਿਮ ਖ਼ਾਨ, ਦੀਪਕ ਕੁਮਾਰ, ਸੀਤਾ ਰਾਮ ਦੀਪਕ ਆਦਿ ਵੀ ਹਾਜ਼ਰ ਸਨ।