ਪੰਜਾਬ ਸਕੱਤਰੇਤ ਵਿਚ ਕੋਰੋਨਾ ਦੀ ਦਸਤਕ ਬਾਅਦ ਕੁੱਝ ਬ੍ਰਾਂਚਾਂ ਕੀਤੀਆਂ ਸੀਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਸਕੱਤਰੇਤ ਵਿਚ ਕੋਰੋਨਾ ਦੀ ਦਸਤਕ ਬਾਅਦ ਅਧਿਕਾਰੀਆਂ ਤੇ ਮੁਲਾਜ਼ਮਾਂ ਦੀ ਚਿੰਤਾ ਵਧ ਗਈ ਹੈ। ਦੋ

File Photo

ਚੰਡੀਗੜ੍ਹ, 9 ਜੁਲਾਈ (ਗੁਰਉਪਦੇਸ਼ ਭੁੱਲਰ): ਪੰਜਾਬ ਸਕੱਤਰੇਤ ਵਿਚ ਕੋਰੋਨਾ ਦੀ ਦਸਤਕ ਬਾਅਦ ਅਧਿਕਾਰੀਆਂ ਤੇ ਮੁਲਾਜ਼ਮਾਂ ਦੀ ਚਿੰਤਾ ਵਧ ਗਈ ਹੈ। ਦੋ ਮੁਲਾਜ਼ਮਾਂ ਦੇ ਕੋਰੋਨਾ ਪਾਜ਼ੇਟਿਵ ਹੋਣ ਦੀ ਰੀਪੋਰਟ ਬਾਅਦ ਸਕੱਤਰੇਤ ਦੀਆਂ ਕੁੱਝ ਸਬੰਧਤ ਬ੍ਰਾਂਚਾਂ ਨੂੰ ਸੀਲ ਕਰ ਦਿਤਾ ਗਿਆ। ਇਨ੍ਹਾਂ ਦੇ ਨੇੜੇ ਕਿਸੇ ਵੀ ਨਹੀਂ ਜਾਣ ਦਿਤਾ ਜਾ ਰਿਹਾ।

ਜ਼ਿਕਰਯੋਗ ਹੈ ਕਿ ਸਕੱਤਰੇਤ ਦੀ ਸੈਂਟਰਲ ਰੀਕਾਰਡ ਸ਼ਾਖਾ ਦੇ ਇਕ ਮੁਲਾਜ਼ਮ ਸਤੀਸ਼ ਕੁਮਾਰ ਦੀ ਰੀਪੋਰਟ ਪਾਜ਼ੇਟਿਵ ਆਉਣ ਕਾਰਨ ਸਬੰਧਤ ਬ੍ਰਾਂਚ ਦੇ 25 ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਬੀਤੇ ਦਿਨ ਛੁੱਟੀ 'ਤੇ ਭੇਜ ਕੇ ਇਕਾਂਤਵਾਸ ਕਰ ਦਿਤਾ ਗਿਆ ਸੀ ਅਤੇ ਕੋਰੋਨਾ ਟੈਸਟਾਂ ਦੀ ਕਾਰਵਾਈ ਸ਼ੁਰੂ ਕੀਤੀ ਗਈ ਹੈ। ਸਕੱਤਰੇਤ ਪ੍ਰਸ਼ਾਸਨ ਵਲੋਂ ਅੱਜ ਸਿਹਤ ਵਿਭਾਗ ਨੂੰ ਦਿਤੀ ਜਾਣਕਾਰੀ ਮੁਤਾਬਕ ਸੈਂਟਰਲ ਰੀਕਾਰਡ ਦੇ ਨਾਲ ਲੇਖਾ-ਸ਼ਾਖਾ-3 ਦੇ 12 ਕਰਮਚਾਰੀ ਵੀ ਪਾਜ਼ੇਟਿਵ ਆਏ। ਸਤੀਸ਼ ਕੁਮਾਰ ਨਾਲ ਡਿਊਟੀ ਸਮੇਂ ਸੰਪਰਕ ਵਿਚ ਰਹੇ ਹਨ।

ਇਨ੍ਹਾਂ ਨੂੰ ਵੀ ਕੋਰੋਨਾ ਟੈਸਟ ਕਰਵਾ ਕੇ ਘਰ ਵਿਚ ਇਕਾਂਤਵਾਸ ਕਰਨ ਦੀ ਕਾਰਵਾਈ ਸ਼ੁਰੂ ਹੋ ਚੁਕੀ ਹੈ। ਸਬੰਧਤ ਬ੍ਰਾਂਚਾਂ ਨੂੰ ਸੈਨੇਟਾਈਜ਼ ਕਰਨ ਦਾ ਕੰਮ ਵੀ ਸ਼ੁਰੂ ਹੋ ਚੁੱਕਾ ਹੈ ਤਾਂ ਜੋ ਪ੍ਰਭਾਵ ਹੋਰ ਬ੍ਰਾਂਚਾਂ ਵਿਚ ਨਾ ਪਏ।

ਐਸੋਸੀਏਸ਼ਨ ਵਲੋਂ ਹਾਜ਼ਰੀ ਘਟਾਉਣ ਦੀ ਮੰਗ
ਪੰਜਾਬ ਸਕੱਤਰੇਤ ਸਟਾਫ਼ ਐਸੋਸੀਏਸ਼ਨ ਦੀ ਜਾਇੰਟ ਐਕਸ਼ਨ ਕਮੇਟੀ ਵਲੋਂ ਮੁੱਖ ਸਕੱਤਰ ਵਿੰਨੀ ਮਹਾਜਨ ਨੂੰ ਪੱਤਰ ਲਿਖ ਕੇ ਸਕੱਤਰੇਤ ਵਿਚ ਖ਼ਤਰੇ ਦੇ ਮੱਦੇਨਜ਼ਰ ਸਹੀ ਦੂਰੀ ਰੱਖਣ ਲਈ ਮੁਲਾਜ਼ਮਾਂ ਦੀ ਹਾਜ਼ਰੀ ਘਟਾਉਣ ਦੀ ਮੰਗ ਕੀਤੀ ਹੈ। ਜ਼ਿਕਰਯੋਗ ਹੈ ਕਿ ਇੰਨੀ ਦਿਨੀਂ ਨਵੀਆਂ ਹਦਾਇਤਾਂ ਮੁਤਾਬਕ ਪੂਰੀ ਗਿਣਤੀ ਵਿਚ ਮੁਲਾਜ਼ਮ ਡਿਊਟੀ 'ਤੇ ਆਉਣੇ ਸ਼ੁਰੂ ਹੋ ਗਏ ਹਨ। ਕਮੇਟੀ ਦੇ ਪ੍ਰਧਾਨ ਐਨ.ਪੀ. ਸਿੰਘ ਤੇ ਜਨਰਲ ਸਕੱਤਰ ਸੁਖਚੈਨ ਸਿੰਘ ਖੈਹਿਰਾ ਨੇ ਕਿਹਾ ਕਿ ਕੋਰੋਨਾ ਦੇ ਫੈਲਾਅ ਤੋਂ ਬਚਣ ਲਈ ਫ਼ਿਲਹਾਲ ਲੋੜ ਮੁਤਾਬਕ ਜ਼ਰੂਰੀ ਸਟਾਫ਼ ਹੀ ਸੱਦਿਆ ਜਾਣਾ ਚਾਹੀਦਾ ਹੈ।

ਐਸਐਸਪੀ ਤੇ ਐਸਡੀਐਮ ਸਣੇ 32 ਕੋਰੋਨਾ ਪਾਜ਼ੇਟਿਵ
ਜਲੰਧਰ, 9 ਜੁਲਾਈ (ਲੱਕੀ/ਸ਼ਰਮਾ) : ਕੋਰੋਨਾ ਮਹਾਂਮਾਰੀ ਨੇ ਉਚ ਅਧਿਕਾਰੀਆਂ ਨੂੰ ਵੀ ਅਪਣੀ ਲਪੇਟ 'ਚ ਲੈਣਾ ਸ਼ੁਰੂ ਕਰ ਦਿਤਾ ਹੈ। ਅੱਜ ਆਈਆਂ ਰਿਪੋਰਟਾਂ ਵਿਚ ਜ਼ਿਲ੍ਹਾ ਜਲੰਧਰ ਦਿਹਾਤੀ ਦੇ ਐਸਐਸਪੀ ਨਵਜੋਤ ਸਿੰਘ ਮਾਹਲ ਤੇ ਸ਼ਾਹਕੋਟ ਤੋਂ ਐਸਡੀਐਮ ਡਾ. ਸੰਜੀਵ ਕੁਮਾਰ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ। ਐਸਐਸਪੀ ਦੀ ਰਿਪੋਰਟ ਪਾਜ਼ੇਟਿਵ ਆਉਣ ਨਾਲ ਦਿਹਾਤੀ ਪੁਲਿਸ 'ਚ ਦਹਿਸ਼ਤ ਫੈਲ ਗਈ ਹੈ ਜਦੋਂਕਿ ਸ਼ਾਹਕੋਟ ਦੇ ਐਸਡੀਐਮ ਦਫ਼ਤਰ ਨਾਲ ਸਬੰਧਤ ਲੋਕਾਂ 'ਚ ਵੀ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ।

ਅੱਜ ਆਈਆਂ ਰਿਪੋਰਟਾਂ ਵਿਚ ਜ਼ਿਲ੍ਹੇ ਦੇ 32 ਵਿਅਕਤੀਆਂ ਨੂੰ ਕੋਰੋਨਾ ਹੋਣ ਦੀ ਪੁਸ਼ਟੀ ਹੋਈ ਹੈ। ਉਧਰ ਅੱਜ ਸਿਵਲ ਹਸਪਤਾਲ ਵਿਚ ਦੋ ਵਿਅਕਤੀਆਂ ਦੀ ਮੌਤ ਹੋ ਗਈ। ਇਨ੍ਹਾਂ ਵਿਚ ਇਕ ਬੀਤੇ ਦਿਨ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਮਰੀਜ਼ ਅਤੇ ਇਕ ਸ਼ੱਕੀ ਮਰੀਜ਼ ਸ਼ਾਮਲ ਹੈ। ਕੋਰੋਨਾ ਪਾਜੇਟਿਵ ਮਰੀਜ਼ ਦੀ ਪਛਾਣ ਅਸ਼ੋਕ ਕੁਮਾਰ ਉਮਰ 54 ਸਾਲ ਵਾਸੀ ਸੁਲਤਾਨਪੁਰ ਲੋਧੀ ਵਜੋਂ ਹੋਈ ਹੈ।