ਗੋਇੰਦਵਾਲ ਸਾਹਿਬ ਧਾਗਾ ਫ਼ੈਕਟਰੀ ਵਿਚ ਲੱਗੀ ਭਿਆਨਕ ਅੱਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਸਬਾ ਸ਼੍ਰੀ ਗੋਇੰਦਵਾਲ ਸਾਹਿਬ ਵਿਖੇ ਇੰਡਸਟਰੀ ਏਰੀਏ

File Photo

ਤਰਨਤਾਰਨ/ਸ਼੍ਰੀ ਗੋਇੰਦਵਾਲ ਸਾਹਿਬ, 9 ਜੁਲਾਈ  (ਅਜੀਤ ਘਰਿਆਲਾ/ ਅੰਤਰਪ੍ਰੀਤ ਸਿੰਘ ਖਹਿਰਾ) : ਕਸਬਾ ਸ਼੍ਰੀ ਗੋਇੰਦਵਾਲ ਸਾਹਿਬ ਵਿਖੇ ਇੰਡਸਟਰੀ ਏਰੀਏ ਵਿਚ ਸਥਿਤ ਧਾਗਾ ਫੈਕਟਰੀ ਨੂੰ ਅਚਾਨਕ ਅੱਗ ਲੱਗਣ ਨਾਲ ਕਰੀਬ ਸਵਾ ਕਰੋੜ ਰੁਪਏ ਦਾ ਨੁਕਸਾਨ ਹੋ ਗਿਆ। ਹਾਲਾਂਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਅੱਗ ਲੱਗਣ ਦਾ ਕਾਰਨ ਬਿਜਲੀ ਦਾ ਸ਼ਾਰਟ ਸਰਕਟ ਦਸਿਆ ਜਾ ਰਿਹਾ ਹੈ।

ਇਸ ਸਬੰਧੀ ਫ਼ੈਕਟਰੀ ਮਾਲਕ ਸੁਰਿੰਦਰ ਸਿੰਘ ਸੈਣੀ ਨੇ ਦਸਿਆ ਕਿ ਫੈਕਟਰੀ ਦੇ ਪਿਛਲੇ ਪਾਸੇ ਗੋਦਾਮ ਹੈ, ਜਿਸ ਵਿੱਚ ਤਿਆਰ ਹੋਇਆ ਮਾਲ ਸਟੋਰ ਕੀਤਾ ਹੋਇਆ ਸੀ ਜਿਸ ਨੂੰ ਅਚਾਨਕ ਅੱਗ ਲੱਗ ਗਈ ਜਿਸ 'ਤੇ ਕਾਬੂ ਪਾਉਣ ਲਈ ਫ਼ਾਇਰ ਬ੍ਰਿਗੇਡ ਵਿਭਾਗ ਨੂੰ ਸੂਚਿਤ ਕੀਤਾ ਗਿਆ ਅਤੇ ਜੀ.ਵੀ.ਕੇ ਗੋਇੰਦਵਾਲ ਸਾਹਿਬ, ਤਰਨ ਤਾਰਨ, ਅੰਮ੍ਰਿਤਸਰ, ਪੱਟੀ, ਕਪੂਰਥਲਾ ਤੋਂ ਪਹੁੰਚੀਆਂ ਫ਼ਾਇਰ ਬ੍ਰਿਗੇਡ ਦੀਆਂ ਗੱਡੀਆਂ ਵਲੋਂ ਕਾਫੀ ਜੱਦੋ ਜਹਿਦ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ। ਉਨ੍ਹਾਂ ਦਸਿਆ ਕਿ ਸੱਭ ਤੋਂ ਪਹਿਲਾਂ ਮੌਕੇ 'ਤੇ ਜੀ.ਵੀ.ਕੇ ਥਰਮਲ ਪਲਾਂਟ ਵਾਲਿਆਂ ਦੀ ਗੱਡੀ ਪਹੁੰਚੀ

ਜਦਕਿ ਬਾਕੀ ਗੱਡੀਆਂ ਦੂਰੋਂ ਆਉਣ ਕਰ ਕੇ ਟਾਇਮ ਲੱਗਾ। ਉਨ੍ਹਾਂ ਕਿਹਾ ਕਿ ਜੇਕਰ ਇੰਡਸਟਰੀ ਕੰਪਲੈਕਸ ਅੰਦਰ ਫ਼ਾਇਰ ਬ੍ਰਿਗੇਡ ਦਾ ਕੋਈ ਪ੍ਰਬੰਧ ਹੁੰਦਾ ਤਾਂ ਨੁਕਸਾਨ ਘੱਟ ਹੋਣਾ ਸੀ। ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਜਥੇਬੰਦਕ ਸਕੱਤਰ ਕੁਲਦੀਪ ਸਿੰਘ ਔਲਖ ਨੇ ਕਿਹਾ ਕਿ ਅੱਗ ਲੱਗਣ ਵਾਲੀ ਫੈਕਟਰੀ ਤੋਂ ਮਹਿਜ 100 ਗਜ਼ ਦੀ ਦੂਰੀ 'ਤੇ ਪੰਜਾਬ ਲਘੂ ਨਿਰਯਾਤ ਉਦਯੋਗ ਦੀ ਫ਼ਾਇਰ ਬ੍ਰਿਗੇਡ ਗੱਡੀ ਬੰਦ ਪਈ ਹੈ

ਜੋ ਕਿ ਸਰਕਾਰ ਅਤੇ ਸਬੰਧਤ ਮਹਿਕਮੇ ਦੀ ਨਲਾਇਕੀ ਹੈ। ਉਨ੍ਹਾਂ ਕਿਹਾ ਕਿ ਅਗਰ ਸਨਅਤ ਕੰਪਲੈਕਸ ਅੰਦਰ ਫ਼ਾਇਰ ਬ੍ਰਿਗੇਡ ਦਾ ਪ੍ਰਬੰਧ ਹੋਵੇ ਤਾਂ ਇਹੋ ਜਿਹੀਆਂ  ਘਟਨਾਵਾਂ ਨੂੰ ਰੋਕਿਆ ਜਾ ਸਕਦਾ ਹੈ।   ਫ਼ਾਇਰ ਬ੍ਰਿਗੇਡ ਦੀ ਗੱਡੀ ਸਬੰਧੀ ਪੰਜਾਬ ਲਘੂ ਨਿਰਯਾਤ ਉਦਯੋਗ ਦੇ ਜੂਨੀਅਰ ਇੰਜੀਨੀਅਰ ਗਗਨਦੀਪ ਸਿੰਘ ਨੇ ਕਿਹਾ ਕਿ ਉਹੇ ਹਾਲ ਹੀ ਵਿਚ ਬਦਲ ਕੇ ਆਏ ਹਨ ਅਤੇ ਜੇਕਰ ਕੋਈ ਅਜਿਹੀ ਮੁਸ਼ਕਿਲ ਪੇਸ਼ ਆ ਰਹੀ ਹੈ ਤਾਂ ਉਹ ਅਪਣੇ ਉੱਚ ਅਧਿਕਾਰੀਆਂ ਨੂੰ ਇਸ ਸਬੰਧੀ ਲਿਖ ਕੇ ਭੇਜ ਦੇਣਗੇ।