ਪੰਜਾਬ ਭਾਜਪਾ ਦੀ ਮੀਟਿੰਗ 'ਚ ਇਸ ਵਾਰ ਇਕੱਲਿਆਂ ਚੋਣ ਲੜਨ ਦੀ ਮੰਗ ਉਠੀ
ਪੰਜਾਬ ਵਿਚ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਬਦਲ ਰਹੇ ਸਿਆਸੀ
ਚੰਡੀਗੜ੍ਹ, 9 ਜੁਲਾਈ (ਗੁਰਉਪਦੇਸ਼ ਭੁੱਲਰ, ਨੀਲ ਭਲਿੰਦਰ ਸਿੰਘ): ਪੰਜਾਬ ਵਿਚ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਬਦਲ ਰਹੇ ਸਿਆਸੀ ਸਮੀਕਰਨਾਂ ਨੂੰ ਦੇਖਦਿਆਂ ਹੁਣ ਪੰਜਾਬ ਭਾਜਪਾ ਅੰਦਰ ਵੀ ਅਕਾਲੀ ਦਲ ਤੋਂ ਵੱਖ ਹੋ ਕੇ ਅਪਣੇ ਬਲਬੂਤੇ ਚੋਣ ਲੜਨ ਦੀ ਮੰਗ ਜ਼ੋਰ ਫੜਨ ਲੱਗੀ ਹੈ। ਅੱਜ ਪ੍ਰਦੇਸ਼ ਭਾਜਪਾ ਦੀ ਇਥੇ ਸੂਬਾ ਇੰਚਾਰਜ ਪ੍ਰਭਾਤ ਝਾਅ ਦੀ ਅਗਵਾਈ ਹੇਠ ਇਥੇ ਹੋਈ ਮੀਟਿੰਗ ਵਿਚ ਕਈ ਪ੍ਰਮੁੱਖ ਆਗੂਆਂ ਨੇ ਇਸ ਵਾਰ ਅਪਣੇ ਬਲਬੂਤੇ ਚੋਣ ਲੜਨ ਲਈ ਸਪੱਸ਼ਟ ਫ਼ੈਸਲਾ ਲੈਣ ਦੀ ਮੰਗ ਉਠੀ। ਮੀਟਿੰਗ ਵਿਚ ਪ੍ਰਦੇਸ਼ ਭਾਜਪਾ ਦੇ 35 ਦੇ ਕਰੀਬ ਅਹੁਦੇਦਾਰ ਸ਼ਾਮਲ ਸਨ।
ਇਨ੍ਹਾਂ ਵਿਚੋਂ ਬਹੁਤਿਆਂ ਦੀ ਵੀ ਇਹੋ ਰਾਏ ਸੀ। ਇਹ ਮੀਟਿੰਗ ਵਿਧਾਨ ਸਭਾ 2022 ਦੀਆਂ ਚੋਣਾਂ ਦੀ ਹੁਣੇ ਤੋਂ ਤਿਆਰੀ ਸ਼ੁਰੂ ਕਰਨ ਲਈ ਸੂਬਾਈ ਆਗੂਆਂ ਦੇ ਸੁਝਾਅ ਅਤੇ ਸਿਆਸੀ ਸਥਿਤੀਆਂ ਦਾ ਜਾਇਜ਼ਾ ਲੈਣ ਲਈ ਬੁਲਾਈ ਗਈ ਸੀ। ਇਸ ਦੀ ਪ੍ਰਧਾਨਗੀ ਪ੍ਰਦੇਸ਼ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕੀਤੀ ਤੇ ਉਨ੍ਹਾਂ ਨਾਲ ਮੰਚ ਉਪਰ ਸੀਨੀਅਰ ਆਗੂ ਦਿਨੇਸ਼ ਕੁਮਾਰ, ਸੁਭਾਸ਼ ਸ਼ਰਮਾ ਤੇ ਮਲਵਿੰਦਰ ਸਿੰਘ ਕੰਗ ਵੀ ਮੌਜੂਦ ਸਨ।
ਤਿੰਨ ਘੰਟੇ ਤਕ ਚਲੀ ਇਸ ਮੀਟਿੰਗ ਵਿਚ ਕੁੱਝ ਆਗੂਆਂ ਨੇ ਸੁਝਾਅ ਦਿਤਾ ਕਿ ਇਸ ਵਾਰ ਬਦਲੀਆਂ ਸਥਿਤੀਆਂ ਵਿਚ ਪਾਰਟੀ ਨੂੰ 117 ਸੀਟਾਂ 'ਤੇ ਚੋਣ ਲੜਨੀ ਚਾਹੀਦੀ ਹੈ। ਜੇਕਰ ਅਕਾਲੀ ਦਲ ਨਾਲ ਗਠਜੋੜ ਰੱਖਣਾ ਵੀ ਹੈ ਤਾਂ ਮਦਨ ਮੋਹਨ ਮਿੱਤਲ ਦੇ 59-59 ਸੀਟਾਂ ਦੇ ਫ਼ਾਰਮੂਲੇ ਨੂੰ ਅਪਣਾਇਆ ਜਾਵੇ। ਇਹ ਵਿਚਾਰ ਵੀ ਆਇਆ ਕਿ ਅਕਾਲੀ ਦਲ ਦਾ ਆਧਾਰ ਹੁਣ ਪਹਿਲਾਂ ਵਾਲਾ ਨਹੀਂ ਰਿਹਾ ਅਤੇ ਸੁਖਦੇਵ ਸਿੰਘ ਢੀਂਡਸਾ ਵਲੋਂ ਵਖਰਾ ਦਲ ਬਣਾਉਣ ਨਾਲ ਬਾਦਲ ਦਲ 'ਤੇ ਹੋਰ ਉਲਟਾ ਅਸਰ ਪਏਗਾ।
ਇਕੱਲੇ ਚੋਣ ਲੜਨ ਦਾ ਸੁਝਾਅ ਰੱਖਣ ਵਾਲੇ ਆਗੂਆਂ ਨੇ ਕੇਂਦਰੀ ਆਗੂ ਤੇ ਪ੍ਰਦੇਸ਼ ਇੰਚਾਰਜ ਪ੍ਰਭਾਤ ਝਾਅ ਨੇ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਦੀ ਰਾਏ ਹਾਈ ਕਮਾਂਡ ਕੋਲ ਹੂ-ਬ-ਹੂ ਰੱਖ ਕੇ ਛੇਤੀ ਕੋਈ ਠੋਸ ਫ਼ੈਸਲਾ ਲਿਆ ਜਾਵੇ। ਇਹ ਵੀ ਕਿਹਾ ਗਿਆ ਕਿ ਹੇਠਲੇ ਪਧਰ 'ਤੇ ਪਾਰਟੀ ਵਰਕਰਾਂ ਦੀ ਵੀ ਇਹੀ ਭਾਵਨਾ ਹੈ। ਪ੍ਰਦੇਸ਼ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪਾਰਟੀ ਦੇ ਆਗੂਆਂ ਤੇ ਵਰਕਰਾਂ ਦੀ ਰਾਏ ਹਾਈ ਕਮਾਂਡ ਅੱਗੇ ਰੱਖੀ ਜਾਵੇਗੀ ਅਤੇ ਇਸ ਮੁਤਾਬਕ ਹੀ ਭਵਿੱਖ ਦੀ ਰਣਨੀਤੀ ਬਾਰੇ ਫ਼ੈਸਲਾ ਕੀਤਾ ਜਾਏਗਾ।