ਪਰਮਰਾਜ ਸਿੰਘ ਉਮਰਾਨੰਗਲ ਨੇ ਅਦਾਲਤ 'ਚ ਪੇਸ਼ ਹੋ ਕੇ ਨਾਰਕੋ ਟੈਸਟ ਲਈ ਦਿਤੀ ਸਹਿਮਤੀ
ਪਰਮਰਾਜ ਸਿੰਘ ਉਮਰਾਨੰਗਲ ਨੇ ਅਦਾਲਤ 'ਚ ਪੇਸ਼ ਹੋ ਕੇ ਨਾਰਕੋ ਟੈਸਟ ਲਈ ਦਿਤੀ ਸਹਿਮਤੀ
ਕੁੰਵਰਵਿਜੈ ਪ੍ਰਤਾਪ ਨੂੰ ਨਾਰਕੋ ਟੈਸਟ ਕਰਾਉਣ ਦੀ ਦਿਤੀ ਚੁਣੌਤੀ!
ਫਰੀਦਕੋਟ, 9 ਜੁਲਾਈ (ਗੁਰਿੰਦਰ ਸਿੰਘ) : ਕੋਟਕਪੂਰਾ ਗੋਲੀਕਾਂਡ ਮਾਮਲੇ ਵਿਚ ਨਾਮਜ਼ਦ ਆਈ.ਜੀ. ਪਰਮਰਾਜ ਸਿੰਘ ਉਮਰਾਨੰਗਲ ਨੇ ਅਦਾਲਤ ਵਿਚ ਪੇਸ਼ ਹੋ ਕੇ ਨਾਰਕੋ ਟੈਸਟ ਕਰਵਾਉਣ ਦੀ ਦਿਤੀ ਸਹਿਮਤੀ ਤੋਂ ਬਾਅਦ ਪੱਤਰਕਾਰਾਂ ਸਾਹਮਣੇ ਚੁਣੌਤੀ ਦਿੰਦਿਆਂ ਆਖਿਆ ਕਿ ਹੁਣ ਬੇਅਦਬੀ ਕਾਂਡ ਨਾਲ ਜੁੜੇ ਮਾਮਲਿਆਂ ਦੀ ਜਾਂਚ ਕਰਨ ਵਾਲੇ ਆਈ.ਜੀ. ਕੁੰਵਰਵਿਜੈ ਪ੍ਰਤਾਪ ਸਿੰਘ ਦਾ ਵੀ ਨਾਰਕੋ ਟੈਸਟ ਹੋਣਾ ਚਾਹੀਦਾ ਹੈ |
ਜ਼ਿਕਰਯੋਗ ਹੈ ਕਿ ਕੋਟਕਪੂਰਾ ਗੋਲੀਕਾਂਡ ਮਾਮਲੇ ਵਿਚ ਬਣੀ ਨਵੀ ਐਸਆਈਟੀ ਵਲੋਂ ਸਾਬਕਾ ਡੀਜੀਪੀ ਸੁਮੇਧ ਸੈਣੀ, ਸਾਬਕਾ ਐਸਐਸਪੀ ਚਰਨਜੀਤ ਸ਼ਰਮਾ ਅਤੇ ਆਈ ਜੀ ਪਰਮਰਾਜ ਉਮਰਾਨੰਗਲ ਦੇ ਨਾਰਕੋ ਟੈਸਟ ਦੀ ਇਜਾਜ਼ਤ ਲੈੇਣ ਲਈ ਦਿਤੀ ਦਰਖਾਸਤ 'ਤੇ ਸੁਮੇਧ ਸੈਣੀ ਅਤੇ ਚਰਨਜੀਤ ਸ਼ਰਮਾ ਨੇ ਇਨਕਾਰ ਕਰ ਦਿਤਾ ਸੀ ਜਦਕਿ ਆਈ.ਜੀ. ਪਰਮਰਾਜ ਉਮਰਾਨੰਗਲ ਵਲੋਂ ਅਪਣੀ ਸਹਿਮਤੀ ਜਤਾਈ ਗਈ ਸੀ | ਇਸ ਦੇ ਚਲਦਿਆਂ ਅੱਜ ਉਨ੍ਹਾਂ ਵਲੋਂ ਜੁਡੀਸ਼ੀਅਲ ਮੈਜਿਸਟੇ੍ਰਟ ਅਜੇਪਾਲ ਸਿੰਘ ਦੀ ਅਦਾਲਤ 'ਚ ਪੇਸ਼ ਹੋ ਕੇ ਅਪਣੇ ਵਕੀਲ ਰਾਹੀਂ ਅਦਾਲਤ ਨੂੰ ਸਹਿਮਤੀ ਪੱਤਰ ਦਰਜ ਕਰਵਾਇਆ ਗਿਆ |
ਅੱਜ ਪਹਿਲੀਵਾਰ ਮੀਡੀਆ ਸਾਹਮਣੇ ਬੋਲਦਿਆਂ ਉਮਰਾਨੰਗਲ ਨੇ ਕਿਹਾ ਕਿ ਮੇਰੇ ਵਲੋਂ ਸ਼ੁਰੂ ਤੋਂ ਹੀ ਹਰ ਐਸਆਈਟੀ ਨੂੰ ਸਹਿਯੋਗ ਦਿਤਾ ਜਾਂਦਾ ਰਿਹਾ ਹੈ ਅਤੇ ਮੈਂ ਅੱਗੇ ਵੀ ਸਹਿਯੋਗ ਦਿੰਦਾ ਰਹਾਂਗਾ | ਉਮਰਾਨੰਗਲ ਨੇ ਕਿਹਾ ਕਿ ਉਨ੍ਹਾਂ ਹੁਣ ਵੀ 'ਸਿੱਟ' ਦੀ ਮੰਗ 'ਤੇ ਨਾਰਕੋ ਟੈਸਟ ਲਈ ਸਹਿਮਤੀ ਦਿਤੀ ਹੈ | ਉਨ੍ਹਾਂ ਆਖਿਆ ਕਿ ਭਾਵੇਂ ਪੰਜ ਵਾਰ ਨਾਰਕੋ ਟੈਸਟ ਕਰਵਾ ਲਉ ਪਰ ਦੂਜੇ ਪਾਸੇ ਕੁੰਵਰਵਿਜੈ ਪ੍ਰਤਾਪ ਸਿੰਘ ਦਾ ਵੀ ਨਾਰਕੋ ਟੈਸਟ ਹੋਵੇ, ਜਿਨ੍ਹਾਂ ਵਲੋਂ ਨਿੱਜੀ ਰੰਜਿਸ਼ ਦੇ ਚਲਦਿਆਂ ਮੇਰੇ ਨਾਲ ਇਹ ਵਿਹਾਰ ਕੀਤਾ ਗਿਆ | ਉਨ੍ਹਾਂ ਇਹ ਵੀ ਕਿਹਾ ਕਿ ਕੋਟਕਪੂਰਾ ਘਟਨਾਕ੍ਰਮ ਸਮੇਂ ਮੇਰੀ ਮੌਜੂਦਗੀ ਨਿਯਮਾਂ ਮੁਤਾਬਕ ਸੀ ਪਰ ਬਹਿਬਲ ਗੋਲੀਕਾਂਡ ਵਿਚ ਮੇਰੀ ਮੌਜੂਦਗੀ ਨਾ ਹੋਣ ਦੇ ਚਲਦਿਆਂ ਵੀ ਮੈਨੂੰ ਨਾਮਜ਼ਦ ਕੀਤਾ ਗਿਆ | ਉਨ੍ਹਾਂ ਦੁਹਰਾਇਆ ਕਿ ਐਸਡੀਐਮ ਦੀ ਇਜਾਜ਼ਤ ਤੋਂ ਬਾਅਦ ਹੀ ਘਟਨਾਕ੍ਰਮ ਵਾਪਰਿਆ ਇਸ ਲਈ ਮੈਨੂੰ ਸਿਰਫ਼ ਨਿੱਜੀ ਰੰਜਿਸ਼ ਕਾਰਨ ਹੀ ਫਸਾਉਣ ਦੀ ਕੋਸ਼ਿਸ਼ ਕੀਤੀ ਗਈ | ਉਂਝ ਉਨ੍ਹਾਂ ਕਿਹਾ ਕਿ ਮੈਂ ਅੱਗੇ ਵੀ ਜਾਂਚ ਵਿਚ ਹਰ ਤਰ੍ਹਾਂ ਦਾ ਸਹਿਯੋਗ ਦਿੰਦਾ ਰਹਾਂਗਾ |