ਮਾਣ ਵਾਲੀ ਗੱਲ: 19 ਸਾਲ ਦੀ ਉਮਰ 'ਚ ਬਿਲਾਵਲ ਸਿੰਘ ਭਾਰਤੀ ਫੌਜ 'ਚ ਬਣਿਆ ਲੈਫ਼ਟੀਨੈਂਟ
ਹਲਕਾ ਰਾਜਾਸਾਂਸੀ ਦੇ ਪਿੰਡ ਮੱਲੂਨੰਗਲ ਦਾ ਵਸਨੀਕ ਹੈ ਬਿਲਾਵਲ ਸਿੰਘ
ਅੰਮ੍ਰਿਤਸਰ ( ਰਾਜੇਸ਼ ਕੁਮਾਰ ਸੰਧੂ) ਜ਼ਿਲ੍ਹਾ ਅੰਮ੍ਰਿਤਸਰ ਦੇ ਹਲਕਾ ਰਾਜਾਸਾਂਸੀ ਦੇ ਪਿੰਡ ਮੱਲੂਨੰਗਲ ਦਾ 19 ਸਾਲਾ ਨੌਜਵਾਨ ਬਿਲਾਵਲ ਸਿੰਘ ਨੈਸ਼ਨਲ ਡਿਫੈਂਡ ਅਕੈਡਮੀ ਦਾ ਟੈਸਟ ਪਾਸ ਕਰ ਲੈਫ਼ਟੀਨੈਂਟ ਬਣ ਗਿਆ ਹੈ। ਬਿਲਾਵਲ ਸਿੰਘ ਨੇ ਇੰਨੀ ਛੋਟੀ ਉਮਰ 'ਚ ਇਹ ਉਪਲੱਬਧੀ ਹਾਸਲ ਕਰਕੇ ਆਪਣਾ ਹੀ ਨਹੀਂ ਸਗੋਂ ਪੂਰੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ ਹੈ।
ਪੁੱਤਰ ਦੀ ਇਸ ਪ੍ਰਾਪਤੀ 'ਤੇ ਪੂਰਾ ਪਰਿਵਾਰ ਖੁਸ਼ ਹੈ। ਘਰ 'ਚ ਵਧਾਈਆਂ ਦੇਣ ਆਉਣ ਵਾਲਿਆਂ ਦੀ ਭੀੜ ਲੱਗੀ ਹੋਈ ਹੈ। ਬਚਪਨ 'ਚ ਹੀ ਬਿਲਾਵਲ ਸਿੰਘ ਦੇ ਸਿਰ ਤੋਂ ਪਿਓ ਦਾ ਸਾਇਆ ਉੱਠ ਗਿਆ ਸੀ। ਘਰ ਦੀ ਸਾਰੀ ਜ਼ਿੰਮੇਵਾਰੀ ਉਸ ਦੇ ਦਾਦਾ ਕਰਨੈਲ ਸਿੰਘ ਲੋਹਾਰੀਆ ਅਤੇ ਮਾਤਾ ਨਵਦੀਪ ਕੌਰ ਦੇ ਮੋਢਿਆਂ 'ਤੇ ਪੈ ਗਈ ਸੀ। ਉਨ੍ਹਾਂ ਨੇ ਬੜੀ ਮਿਹਨਤ ਨਾਲ ਆਪਣੇ ਬੇਟੇ ਨੂੰ ਪੜ੍ਹਾ ਲਿਖਾ ਕੇ ਇਸ ਮੁਕਾਮ ਤੱਕ ਪਹੁੰਚਾਇਆ।
ਬਿਲਵਾਲ ਸਿੰਘ ਨੇ ਮੁੱਢਲੀ ਪੜ੍ਹਾਈ ਹਰਕਿਸ਼ਨ ਪਬਲਿਕ ਸਕੂਲ 'ਚ ਕੀਤੀ ਸੀ। ਇਸ ਤੋਂ ਉਪਰੰਤ ਉਸ ਨੇ NDA ਪੂਣੇ ਤੋਂ 3 ਸਾਲ ਦੀ ਟ੍ਰੇਨਿੰਗ ਕਰਕੇ ਟੈਸਟ ਕਲੀਅਰ ਕੀਤਾ ਅਤੇ IMA ਦੇਹਰਾਦੂਨ ਤੋਂ ਇਕ ਸਾਲ ਦੀ ਟ੍ਰੇਨਿੰਗ ਕਰ ਕੇ ਲੈਫ਼ਟੀਨੈਂਟ ਦਾ ਰੈਂਕ ਹਾਸਲ ਕੀਤਾ। ਬਿਲਵਾਲ ਦੇ ਪਰਿਵਾਰ ਨੇ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਇਸ ਦੇ ਬੈਂਚ ਵਿਚ ਪੰਜਾਬ ਦੇ 20 ਹੋਰ ਬੱਚੇ ਹਨ ਜੋ ਫੌਜੀ ਅਫਸਰ ਬਣੇ ਹਨ।
ਉਸ ਦੀ ਮਾਤਾ ਨਵਦੀਪ ਕੌਰ ਨੇ ਦੱਸਿਆ ਕਿ ਉਸ ਦਾ ਬੱਚਾ ਹੋਰਨਾਂ ਲਈ ਮਿਸਾਲ ਬਣਿਆ ਹੈ ਕਿਉਂਕਿ ਕਿ ਬਿਲਵਾਲ ਦੇ ਸਿਰ ਤੇ ਪਿਤਾ ਦਾ ਸਾਇਆ ਨਾ ਹੋਣ ਦੇ ਬਾਵਜੂਦ ਵੀ ਉਸਨੇ ਮਿਹਨਤ ਨਾਲ ਇਹ ਮੁਕਾਮ ਹਾਸਲ ਕੀਤਾ। ਬਿਲਾਵਲ ਸਿੰਘ ਦੇ ਮਾਤਾ ਨਵਦੀਪ ਕੌਰ ਨੇ ਦੱਸਿਆ ਕਿ ਬਚਪਨ ਤੋਂ ਹੀ ਉਹ ਪੜ੍ਹਾਈ 'ਚ ਹੁਸ਼ਿਆਰ ਸੀ। ਪੁੱਤ ਦੀ ਕਾਮਯਾਬੀ ਦੀ ਖੁਸ਼ੀ ਉਨ੍ਹਾਂ ਦੇ ਚਿਹਰੇ 'ਤੇ ਸਾਫ਼ ਵੇਖੀ ਜਾ ਸਕਦੀ ਹੈ।
ਬਿਲਾਵਲ ਸਿੰਘ ਨੇ ਦੱਸਿਆ ਕਿ ਭਾਰਤੀ ਫ਼ੌਜ 'ਚ ਸੇਵਾ ਕਰਨ ਦਾ ਜਜ਼ਬਾ ਉਸ ਨੂੰ ਆਪਣੇ ਨਾਨਾ ਜੀ ਕੋਲੋਂ ਮਿਲਿਆ। ਜੋ ਖ਼ੁਦ ਫ਼ੌਜ 'ਚ ਰਿਟਾਇਰ ਹੋਏ ਹਨ। ਬਿਲਾਵਲ ਸਿੰਘ ਨੇ ਨੌਜਵਾਨਾਂ ਨੂੰ ਵਿਦੇਸ਼ ਜਾਣ ਦੀ ਬਜਾਏ ਆਪਣੇ ਦੇਸ਼ 'ਚ ਹੀ ਰਹਿ ਕੇ ਮਿਹਨਤ ਕਰਨ ਦੀ ਸਲਾਹ ਦਿੱਤੀ।