ਚੰਡੀਗੜ੍ਹ ਤੋਂ ਬਾਅਦ ਪਠਾਨਕੋਟ 'ਚ 12 ਸਾਲਾ ਬੱਚੇ ਦੀ ਦਰੱਖ਼ਤ ਡਿੱਗਣ ਨਾਲ ਗਈ ਜਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੱਤਵੀਂ ਜਮਾਤ ਦਾ ਵਿਦਿਆਰਥੀ ਸੀ ਮ੍ਰਿਤਕ ਬੱਚਾ

photo

 

ਪਠਾਨਕੋਟ : ਚੰਡੀਗੜ੍ਹ ਦੇ ਕਾਰਮਲ ਕਾਨਵੈਂਟ ਸਕੂਲ 'ਚ ਵਿਦਿਆਰਥਣ ਦੀ ਮੌਤ ਨੂੰ ਲੋਕ ਅਜੇ ਭੁੱਲੇ ਨਹੀਂ ਸਨ ਕਿ ਕਸਬਾ ਬਮਿਆਲ 'ਚ ਵੀ 12 ਸਾਲਾ ਬੱਚੇ 'ਤੇ ਦਰਖੱਤ ਡਿੱਗਣ ਦੀ ਘਟਨਾ ਸਾਹਮਣੇ ਆਈ ਹੈ। ਦਰਅਸਲ 12 ਸਾਲਾ ਮੁਨੀਸ਼ ਆਪਣੀ ਮਾਸੀ ਕੋਲ ਆਇਆ ਹੋਇਆ ਸੀ ਤੇ ਘਰ ਦੇ ਵਿਹੜੇ 'ਚ ਖੇਡ ਰਿਹਾ ਸੀ।

 

ਇਸ ਦੌਰਾਨ ਇਕ ਪੁਰਾਣਾ ਦਰੱਖ਼ਤ ਉਸ 'ਤੇ ਡਿੱਗ ਪਿਆ।  ਦਰੱਖ਼ਤ ਡਿੱਗਣ ਦਾ ਪਤਾ ਲੱਗਦਿਆਂ ਹੀ ਪਰਿਵਾਰਕ ਮੈਂਬਰ ਵਿਹੜੇ 'ਚ ਆ ਗਏ ਤੇ ਮੁਨੀਸ਼ ਨੂੰ ਦਰੱਖ਼ਤ ਹੇਠਾਂ ਦੇਖ ਕੇ ਉਨ੍ਹਾਂ ਦੇ ਪੈਰਾਂ ਥੱਲਿਓਂ ਜਿਵੇਂ ਜ਼ਮੀਨ ਖਿਸਕ ਗਈ। ਜ਼ਖਮੀ ਹਾਲਤ 'ਚ ਉਸ ਨੂੰ ਡਾਕਟਰ ਕੋਲ ਲਿਜਾਇਆ ਗਿਆ ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਮ੍ਰਿਤਕ ਬੱਚਾ ਸਰਕਾਰੀ ਹਾਈ ਸਕੂਲ ਬਮਿਆਲ ਵਿੱਚ ਸੱਤਵੀਂ ਜਮਾਤ ਵਿੱਚ ਪੜ੍ਹਦਾ ਸੀ।

 

ਇਹ ਹਾਦਸਾ ਸ਼ਨਿੱਚਰਵਾਰ ਦੇਰ ਸ਼ਾਮ ਵਾਪਰਿਆ। ਹਾਦਸੇ ਦਾ ਪਤਾ ਲੱਗਦਿਆਂ ਹੀ ਹਲਕਾ ਵਿਧਾਇਕ ਤੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪੁੱਜੇ। ਇਸ ਘਟਨਾ 'ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਸਰਕਾਰ ਵੱਲੋਂ ਇਸ ਗ਼ਰੀਬ ਪਰਿਵਾਰ ਦੀ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ।