ਕਾਂਗਰਸ ਪੰਜਾਬ ਵਿਧਾਨ ਸਭਾ ਚੋਣਾਂ ਆਪਸੀ ਲੜਾਈ ਕਾਰਨ ਹਾਰੀ : ਮਨੀਸ਼ ਤਿਵਾੜੀ

ਏਜੰਸੀ

ਖ਼ਬਰਾਂ, ਪੰਜਾਬ

ਕਾਂਗਰਸ ਪੰਜਾਬ ਵਿਧਾਨ ਸਭਾ ਚੋਣਾਂ ਆਪਸੀ ਲੜਾਈ ਕਾਰਨ ਹਾਰੀ : ਮਨੀਸ਼ ਤਿਵਾੜੀ

image

ਸ੍ਰੀ ਆਨੰਦਪੁਰ ਸਾਹਿਬ, 10 ਜੁਲਾਈ (ਸੁਖਵਿੰਦਰਪਾਲ ਸਿੰਘ ਸੁੱਖੂ): ਹਲਕਾ  ਸ੍ਰੀ ਆਨੰਦਪੁਰ ਸਾਹਿਬ ਤੋਂ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਮਨੀਸ਼ ਤਿਵਾੜੀ ਨੇ ਮੰਨਿਆ ਹੈ ਕਿ ਕਾਂਗਰਸ ਪਾਰਟੀ ਵਿਧਾਨ ਸਭਾ ਦੀਆਂ ਚੋਣਾਂ ਆਪਸੀ ਲੜਾਈ ਕਾਰਨ ਹਾਰੀ ਹੈ ਜਦੋਂ ਕਿ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਸਮਰਥਨ ਨਹੀਂ ਦਿਤਾ ਬਲਕਿ ਕਾਂਗਰਸ ਪਾਰਟੀ ਵਿਰੁਧ ਅਪਣਾ ਗੁੱਸਾ ਕਢਿਆ ਹੈ। 
ਅੱਜ ਸ੍ਰੀ ਆਨੰਦਪੁਰ ਸਾਹਿਬ ਵਿਖੇ ਪੱਤਰਕਾਰ ਸੰਮੇਲਨ ਦੌਰਾਨ ਉਨ੍ਹਾਂ ਕਿਹਾ ਕਿ ਇਸ ਵਿਚ ਕੋਈ ਸ਼ੱਕ ਨਹੀਂ ਕਿ ਕਾਂਗਰਸ ਪਾਰਟੀ ਦਾ ਸਮਰਥਨ ਪੰਜਾਬ ਦੇ ਲੋਕ ਕਰਦੇ ਹਨ ਤੇ ਬਹੁਤੀਆਂ ਚੋਣਾਂ ਵਿਚ ਪੰਜਾਬ ਕਾਂਗਰਸ ਨੂੰ ਪੰਜਾਬ ਦੇ ਲੋਕਾਂ ਨੇ ਜਿੱਤ ਦਿਵਾਈ ਹੈ ਪਰ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਦੀ ਵੱਡੀ ਹਾਰ ਨੇ ਇਹ ਸਿੱਧ ਕਰ ਦਿਤਾ ਹੈ ਕਿ ਲੋਕ ਕਾਂਗਰਸ ਦੀ ਆਪਸੀ ਖਿੱਚੋਤਾਣ ਨਹੀਂ ਚਾਹੁੰਦੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਵਖਰੀ ਕਮੇਟੀ ਦੀ ਮੰਗ ਬਾਰੇ ਪੁਛਣ ’ਤੇ ਮਨੀਸ਼ ਤਿਵਾੜੀ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਹੈਰਾਨੀ ਹੈ ਕਿ ਮੁੱਖ ਮੰਤਰੀ ਨੇ ਅਜਿਹਾ ਬਿਆਨ ਕਿਉਂ ਦਿਤਾ ਕਿਉਂਕਿ ਚੰਡੀਗੜ੍ਹ ਤੇ ਕੇਵਲ ਤੇ ਕੇਵਲ ਪੰਜਾਬ ਦਾ ਹੱਕ ਹੈ । ਉਨ੍ਹਾਂ ਕਿਹਾ ਅੱਜ ਵੀ ਚੰਡੀਗੜ੍ਹ ਵਿਚ 80 ਫ਼ੀ ਸਦੀ ਲੋਕ ਪੰਜਾਬੀ ਹਨ ਤੇ ਚੰਡੀਗੜ੍ਹ ਪੰਜਾਬ ਦਾ ਹੈ। ਮੱਤੇਵਾੜਾ ਜੰਗਲ ਨੂੰ ਖ਼ਤਮ ਕਰਨ ਬਾਰੇ ਪੁਛਣ ’ਤੇ ਤਿਵਾੜੀ ਨੇ ਕਿਹਾ ਕਿ ਪੰਜਾਬ ਨੂੰ ਇੰਡਸਟਰੀ ਦੀ ਬਹੁਤ ਲੋੜ ਹੈ ਪਰ ਜੰਗਲ ਖ਼ਤਮ ਕਰ ਕੇ ਇੰਡਸਟਰੀ ਨਹੀਂ ਲਗਣੀ ਚਾਹੀਦੀ ਸਗੋਂ ਵਾਤਾਵਰਣ ਅਤੇ ਉਦਯੋਗ ਨੂੰ ਬਰਾਬਰ ਰੱਖ ਕੇ ਤਰੱਕੀ ਦੇ ਰਾਹ ’ਤੇ ਤੁਰਨਾ ਚਾਹੀਦਾ ਹੈ। ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਜਿਸ ਤਰ੍ਹਾਂ  ਕਤਲੋਗਾਰਤ ਦੀਆਂ ਘਟਨਾਵਾਂ ਪੰਜਾਬ ਵਿਚ ਹੋਈਆਂ ਹਨ ਉਸ ’ਤੇ ਚਿੰਤਾ ਜ਼ਾਹਰ ਕਰਦਿਆਂ ਤਿਵਾੜੀ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਚੁਕੰਨੇ ਹੋਣ ਦੀ ਜ਼ਰੂਰਤ ਹੈ। 
ਰਾਹੁਲ ਗਾਂਧੀ ਦੀ ਅਗਵਾਈ ਵਿਚ ਕੇਂਦਰੀ ਲੀਡਰਸ਼ਿਪ ਬਾਰੇ ਪੁਛਣ ’ਤੇ ਤਿਵਾੜੀ ਨੇ ਕਿਹਾ ਕਿ ਜੋ ਸੰਗਠਨ ਚੋਣਾਂ ਚਲ ਰਹੀਆਂ ਹਨ ਉਸ ’ਤੇ ਹਰ ਇਕ ਨੂੰ ਹੱਕ ਹੈ ਕਿ ਉਹ ਚੋਣਾਂ ਵਿਚ ਅਪਣੀ ਭੂਮਿਕਾ ਨਿਭਾਵੇ । ਇਸ ਮੌਕੇ ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਡਾ. ਅੱਛਰ ਸ਼ਰਮਾ, ਐਡਵੋਕੇਟ ਮੋਹਨ ਲਾਲ ਸੈਣੀ ,ਪ੍ਰਤਾਪ ਸਿੰਘ ਸੈਣੀ, ਗੁਰਬੀਰ ਸਿੰਘ ਗੱਜਪੁਰ ਬੇਲਾ, ਵਿਕਰਮ ਸ਼ਰਮਾ ਡਿੱਕੀ, ਬਲਵੀਰ ਸਿੰਘ ਭੀਰੀ ਆਦਿ ਆਗੂ ਹਾਜ਼ਰ ਸਨ।
ਫ਼ੋਟੋ: ਪੱਤਰਕਾਰ ਸੰਮੇਲਨ ਦੌਰਾਨ ਕਾਂਗਰਸ ਦੇ ਐਮ ਪੀ ਮਨੀਸ਼ ਤਿਵਾੜੀ, ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਡਾ. ਅੱਛਰ ਸ਼ਰਮਾ ਅਤੇ ਹੋਰ।