ਸ੍ਰੀਲੰਕਾ 'ਚ ਪ੍ਰਦਰਸ਼ਨਕਾਰੀਆਂ ਨੇ ਰਾਸ਼ਟਰਪਤੀ ਦੀ ਰਿਹਾਇਸ਼ 'ਤੇ ਕੀਤਾ ਕਬਜ਼ਾ

ਏਜੰਸੀ

ਖ਼ਬਰਾਂ, ਪੰਜਾਬ

ਸ੍ਰੀਲੰਕਾ 'ਚ ਪ੍ਰਦਰਸ਼ਨਕਾਰੀਆਂ ਨੇ ਰਾਸ਼ਟਰਪਤੀ ਦੀ ਰਿਹਾਇਸ਼ 'ਤੇ ਕੀਤਾ ਕਬਜ਼ਾ

image


ਅਸਤੀਫ਼ੇ ਦੀ ਮੰਗ ਵਿਚਕਾਰ ਰਿਹਾਇਸ਼ ਛੱਡ ਕੇ ਭੱਜੇ ਰਾਸ਼ਟਰਪਤੀ ਰਾਜਪਕਸ਼ੇ  

ਕੋਲੰਬੋ, 9 ਜੁਲਾਈ : ਸ੍ਰੀਲੰਕਾ ਵਿਚ ਵੱਡੀ ਗਿਣਤੀ 'ਚ ਪ੍ਰਦਰਸ਼ਨਕਾਰੀਆਂ ਨੇ ਰਾਸ਼ਟਰਪਤੀ ਗੋਟਬਾਯਾ ਰਾਜਪਕਸ਼ੇ ਦੇ ਅਸਤੀਫ਼ੇ ਦੀ ਮੰਗ ਕਰਦੇ ਹੋਏ ਸਨਿਚਰਵਾਰ ਨੂੰ  ਮੱਧ ਕੋਲੰਬੋ ਦੇ ਭਾਰੀ ਸੁਰੱਖਿਆ ਵਾਲੇ ਫੋਰਟ ਖੇਤਰ ਵਿਚ ਬੈਰੀਕੇਡਾਂ ਨੂੰ  ਹਟਾ ਕੇ ਉਨ੍ਹਾਂ (ਰਾਸ਼ਟਰਪਤੀ) ਦੇ ਸਰਕਾਰੀ ਨਿਵਾਸ ਉੱਤੇ ਕਬਜ਼ਾ ਕਰ ਲਿਆ | ਸੁਰੱਖਿਆ ਕਰਮੀਆਂ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਝੜਪਾਂ 'ਚ ਦੋ ਪੁਲਿਸ ਕਰਮਚਾਰੀਆਂ ਸਮੇਤ ਘੱਟੋ-ਘੱਟ 30 ਲੋਕ ਜ਼ਖ਼ਮੀ ਹੋ ਗਏ | ਕੁੱਝ ਪ੍ਰਦਰਸ਼ਨਕਾਰੀਆਂ ਨੇ ਸ੍ਰੀਲੰਕਾ ਦੇ ਝੰਡੇ ਅਤੇ ਹੈਲਮੇਟ ਫੜੇ ਹੋਏ ਸਨ | ਫੋਰਟ ਇਲਾਕੇ 'ਚ ਵੱਡੀ ਗਿਣਤੀ ਵਿਚ ਪ੍ਰਦਰਸ਼ਨਕਾਰੀ ਰਾਸ਼ਟਰਪਤੀ ਰਾਜਪਕਸ਼ੇ ਦੇ
ਅਸਤੀਫ਼ੇ ਦੀ ਮੰਗ ਨੂੰ  ਲੈ ਕੇ ਇਕੱਠੇ ਹੋਏ ਸਨ | ਦੇਸ਼ 'ਚ ਗੰਭੀਰ ਆਰਥਕ ਸੰਕਟ ਨੂੰ  ਲੈ ਕੇ ਪ੍ਰਦਰਸਨਕਾਰੀ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਹਨ | ਰਾਜਪਕਸ਼ੇ 'ਤੇ ਮਾਰਚ ਤੋਂ ਅਸਤੀਫ਼ਾ ਦੇਣ ਦਾ ਦਬਾਅ ਵਧ ਰਿਹਾ ਹੈ | ਅਪ੍ਰੈਲ ਵਿਚ ਪ੍ਰਦਰਸ਼ਨਕਾਰੀਆਂ ਨੇ ਉਨ੍ਹਾਂ ਦੇ ਦਫ਼ਤਰ ਦੇ ਪ੍ਰਵੇਸ ਦੁਆਰ 'ਤੇ ਕਬਜ਼ਾ ਕਰਨ ਤੋਂ ਬਾਅਦ ਤੋਂ ਹੀ ਉਹ ਰਾਸ਼ਟਰਪਤੀ ਨਿਵਾਸ ਨੂੰ  ਅਪਣੀ ਰਿਹਾਇਸ ਅਤੇ ਦਫਤਰ ਵਜੋਂ ਵਰਤ ਰਹੇ ਸਨ |
ਸੂਤਰਾਂ ਮੁਤਾਬਕ ਰਾਸ਼ਟਰਪਤੀ ਨੂੰ  ਸਨਿਚਰਵਾਰ ਦੇ ਵਿਰੋਧ ਪ੍ਰਦਰਸ਼ਨ ਦੇ ਮੱਦੇਨਜ਼ਰ ਸ਼ੁਕਰਵਾਰ ਨੂੰ  ਉਨ੍ਹਾਂ ਦੀ ਰਿਹਾਇਸ ਤੋਂ ਬਾਹਰ ਕਢਿਆ ਗਿਆ | ਸੂਤਰਾਂ ਨੇ ਦਸਿਆ ਕਿ ਰਾਸ਼ਟਰਪਤੀ ਨੂੰ  ਕਿੱਥੇ ਲਿਜਾਇਆ ਗਿਆ ਹੈ, ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ | ਪ੍ਰਦਰਸ਼ਨਕਾਰੀਆਂ ਨੇ ਰਾਸ਼ਟਰਪਤੀ ਦਫ਼ਤਰ ਅਤੇ ਸਰਕਾਰੀ ਰਿਹਾਇਸ਼ ਦੋਵਾਂ 'ਤੇ ਕਬਜ਼ਾ ਕਰ ਲਿਆ ਹੈ |
ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ  ਖਿੰਡਾਉਣ ਲਈ ਅੱਥਰੂ ਗੈਸ ਅਤੇ ਪਾਣੀ ਦੀਆਂ ਬੁਛਾੜਾਂ ਛੱਡੀਆਂ ਅਤੇ ਗੋਲੀਆਂ ਚਲਾਈਆਂ ਪਰ ਪ੍ਰਦਰਸ਼ਨਕਾਰੀ ਫਿਰ ਵੀ ਬੈਰੀਕੇਡਾਂ ਨੂੰ  ਤੋੜ ਕੇ ਰਾਸ਼ਟਰਪਤੀ ਨਿਵਾਸ ਦੇ ਅੰਦਰ ਦਾਖ਼ਲ ਹੋ ਗਏ | ਉਨ੍ਹਾਂ ਦੇ ਅਪਣੇ ਸੰਸਦ ਮੈਂਬਰਾਂ ਦੇ ਇਕ ਸਮੂਹ ਨੇ ਉਨ੍ਹਾਂ ਨੂੰ  ਪੱਤਰ ਲਿਖ ਕੇ ਅਹੁਦਾ ਛੱਡਣ ਅਤੇ ਨਵਾਂ ਪ੍ਰਧਾਨ ਮੰਤਰੀ ਅਤੇ ਸਰਬ ਪਾਰਟੀ ਸਰਕਾਰ ਬਣਾਉਣ ਦੀ ਅਪੀਲ ਕੀਤੀ ਹੈ | ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇਕ ਵੀਡੀਉ ਅਨੁਸਾਰ, ਇਕ ਵੀਆਈਪੀ ਕਾਫਲਾ ਕੋਲੰਬੋ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪਹੁੰਚਿਆ ਹੈ, ਜਿਥੇ ਸ੍ਰੀਲੰਕਾ ਏਅਰਲਾਈਨਜ਼ ਦਾ ਇਕ ਜਹਾਜ ਖੜ੍ਹਾ ਸੀ | ਦੂਜੇ ਪਾਸੇ, ਸ਼੍ਰੀਲੰਕਾ ਵਿਚ ਚੋਟੀ ਦੇ ਵਕੀਲਾਂ ਦੀ ਯੂਨੀਅਨ, ਮਨੁੱਖੀ ਅਧਿਕਾਰ ਸਮੂਹਾਂ ਅਤੇ ਰਾਜਨੀਤਿਕ ਪਾਰਟੀਆਂ ਦੇ ਵਧਦੇ ਦਬਾਅ ਤੋਂ ਬਾਅਦ ਪੁਲਿਸ ਨੇ ਸਨਿਚਰਵਾਰ ਨੂੰ  ਸਰਕਾਰ ਵਿਰੋਧੀ ਪ੍ਰਦਰਸ਼ਨਾਂ ਤੋਂ ਪਹਿਲਾਂ ਕਰਫ਼ਿਊ ਹਟਾ ਦਿਤਾ | ਇਹ ਕਰਫ਼ਿਊ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਨੂੰ  ਰੋਕਣ ਲਈ ਕੋਲੰਬੋ ਸਮੇਤ ਦੇਸ਼ ਦੇ ਪੱਛਮੀ ਸੂਬੇ ਦੀਆਂ ਸੱਤ ਡਿਵੀਜ਼ਨਾਂ ਵਿਚ ਲਗਾਇਆ ਗਿਆ ਸੀ |