ਰੁੱਖਾਂ ਤੇ ਦਰੱਖ਼ਤਾਂ ਨੂੰ ਬਚਾਉਣ ਲਈ ਪੰਜਾਬ ਸਰਕਾਰ ਡੰਗਰਾਂ ਨੂੰ ਖੁਲ੍ਹੇ ਛੱਡਣ ’ਤੇ ਫ਼ੌਰੀ ਤੌਰ ’ਤੇ ਰੋਕ ਲਗਾਵੇ : ਲੱਖੋਵਾਲ

ਏਜੰਸੀ

ਖ਼ਬਰਾਂ, ਪੰਜਾਬ

ਰੁੱਖਾਂ ਤੇ ਦਰੱਖ਼ਤਾਂ ਨੂੰ ਬਚਾਉਣ ਲਈ ਪੰਜਾਬ ਸਰਕਾਰ ਡੰਗਰਾਂ ਨੂੰ ਖੁਲ੍ਹੇ ਛੱਡਣ ’ਤੇ ਫ਼ੌਰੀ ਤੌਰ ’ਤੇ ਰੋਕ ਲਗਾਵੇ : ਲੱਖੋਵਾਲ

image

ਲੁਧਿਆਣਾ, 10 ਜੁਲਾਈ (ਆਰ ਪੀ ਸਿੰਘ) : ਭਾਰਤੀ ਕਿਸਾਨ ਯੂਨੀਅਨ ਦੀ ਮੀਟਿੰਗ ਅਵਤਾਰ ਸਿੰਘ ਮੇਹਲੋਂ ਮੀਤ ਪ੍ਰਧਾਨ ਪੰਜਾਬ ਦੀ ਪ੍ਰਧਾਨਗੀ ਹੇਠ ਯੂਨੀਅਨ ਦੇ ਮੁੱਖ ਦਫ਼ਤਰ ਵਿਖੇ ਹੋਈ। ਮੀਟਿੰਗ ਵਿਚ ਯੂਨੀਅਨ ਦੇ ਅਹੁਦੇਦਾਰ, ਅਗਜ਼ੈਕਟਿਵ ਮੈਂਬਰ ਤੇ ਸਾਰੇ ਜ਼ਿਲ੍ਹਾ ਪ੍ਰਧਾਨ ਸ਼ਾਮਲ ਹੋਏ ਮੀਟਿੰਗ ਵਿਚ ਕਿਸਾਨੀ ਮੁੱਦਿਆਂ ਤੇ ਵਿਚਾਰਾਂ ਕੀਤੀਆਂ ਗਈਆਂ। 
ਮੀਟਿੰਗ ਦੀ ਜਾਣਕਾਰੀ ਦਿੰਦੇ ਹੋਏ ਹਰਿੰਦਰ ਸਿੰਘ ਲੱਖੋਵਾਲ ਜਨਰਲ ਸਕੱਤਰ ਪੰਜਾਬ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹਰੇਕ ਸਾਲ ਲੱਖਾਂ ਦਰੱਖਤ ਕਾਗ਼ਜ਼ਾਂ ਵਿਚ ਲਗਾਏ ਜਾਂਦੇ ਹਨ ਪਰ ਉਸ ਦੀ ਦੇਖ-ਭਾਲ ਕੋਈ ਨਹੀਂ ਕਰਦਾ ਇਹ ਸਾਰੀ ਕਾਰਵਾਈ ਸਿਰਫ਼ ਫ਼ੋਟੋ ਕਰਵਾਉਣ ਤਕ ਹੀ ਸੀਮਤ ਹੋ ਕੇ ਰਹਿ ਜਾਂਦੀ ਹੈ। ਐਤਕੀਂ ਵੀ ਪੰਜਾਬ ਸਰਕਾਰ ਨੇ 60 ਲੱਖ ਰੁੱਖ ਤੇ ਦਰੱਖਤ ਲਗਾਉਣ ਦਾ ਟੀਚਾ ਮਿਥਿਆ ਹੈ ਪਰ ਇਨ੍ਹਾਂ ਦਰੱਖਤਾਂ ਨੂੰ ਘੁਮ ਰਹੇ ਆਵਾਰਾ ਤੇ ਪਾਲਤੂ ਡੰਗਰਾਂ ਤੋਂ ਕਿਵਂੇ ਬਚਾਇਆ ਜਾ ਸਕਦਾ ਹੈ। ਕਾਨੂੰਨ ਮੁਤਾਬਕ ਕੋਈ ਵੀ ਪਾਲਤੂ ਪਸ਼ੂ, ਡੰਗਰ ਨੂੂੰ ਤੁਸੀ ਬਿਨਾਂ ਰੱਸੀ, ਸੰਗਲ, ਚੈਨ ਤੋਂ ਬਾਹਰ ਵੀ ਨਹੀਂ ਕੱਢ ਸਕਦੇ ਪਰ ਵੇਖਣ ਵਿਚ ਆਇਆ ਹੈ ਕਿ ਝੁੰਡਾਂ ਦੇ ਝੁੰਡ ਪਾਲਤੂ ਅਤੇ ਆਵਾਰਾ ਪਸ਼ੂ ਪਿੰਡਾਂ ਅਤੇ ਸ਼ਹਿਰਾਂ ਦੀਆਂ ਸੜਕਾਂ, ਪਾਰਕਾਂ, ਗਲੀਆਂ, ਮੁਹੱਲਿਆਂ ਵਿਚ ਆਮ ਹੀ ਫਿਰਦੇ ਹਨ ਸਰਕਾਰ ਨੂੰ ਸਖ਼ਤੀ ਨਾਲ ਪ੍ਰਸ਼ਾਸਨ ਨੂੰ ਹਦਾਇਤ ਕਰਨੀ ਚਾਹੀਦੀ ਹੈ ਕਿ ਪਾਲਤੂ ਡੰਗਰਾਂ ਨੂੰ ਬਿਨਾ ਰੱਸੀ ’ਤੇ ਘੁੰਮਾਉਣ ਵਾਲਿਆਂ ’ਤੇ ਕਾਰਵਾਈ ਕਰਨੀ ਚਾਹੀਦੀ ਹੈ।
ਲੱਖੋਵਾਲ ਨੇ ਦਸਿਆ ਕਿ ਅਸੀਂ ਪਿਛਲੀ ਸਰਕਾਰ ਨੂੰ ਵੀ ਕਈ ਵਾਰੀ ਇਨ੍ਹਾਂ ਆਵਾਰਾ ਡੰਗਰਾਂ ਦੀ ਸੰਭਾਲ ਲਈ ਮੰਗ ਪੱਤਰ ਦਿਤੇ ਹਨ ਪਰ ਪਿਛਲੀਆਂ ਅਕਾਲੀ ਅਤੇ ਕਾਂਗਰਸੀ ਸਰਕਾਰਾਂ ਵੇਲੇ ਅਸੀਂ ਇਹ ਅਵਾਰਾ ਡੰਗਰ ਡੀ.ਸੀ, ਐਸ.ਡੀ.ਐਮ ਦੇ ਦਫ਼ਤਰਾਂ ਅਤੇ ਸੀ.ਐਮ ਦੀ ਸਰਕਾਰੀ ਰਿਹਾਇਸ਼ ਨੇੜੇ ਵੀ ਛੱਡੇ ਹਨ ਪਰ ਕਿਸੇ ਸਰਕਾਰ ਨੇ ਵੀ ਇਸ ਸਮਸਿਆ ਦਾ ਕੋਈ ਹੱਲ ਨਹੀਂ ਕੀਤਾ ਜਦਕਿ ਸਾਡੇ ਤੋਂ ਗਊ ਸੈੱਸ ਹਰ ਇਕ ਵਸਤੂ ਉਪਰ ਲਿਆ ਜਾਂਦਾ ਹੈ ਪਰ ਆਵਾਰਾ ਡੰਗਰ ਜਿਉਂ ਦੇ ਤਿਉਂ ਸੜਕਾਂ ਉਪਰ ਘੁਮ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਇਨ੍ਹਾਂ ਨੂੰ ਸੰਭਾਲ ਨਹੀਂ ਸਕਦੀ ਤਾਂ ਗਊ ਸੈੱਸ ਸਾਨੂੰ ਦੇਵੇ ਅਸੀਂ ਇਨ੍ਹਾਂ ਅਵਾਰਾ ਪਸ਼ੂਆਂ ਤੇ ਡੰਗਰਾਂ ਦਾ ਪ੍ਰਬੰਧ ਕਰਾਂਗੇ। ਲੱਖੋਵਾਲ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਉਹ ਲੁਧਿਆਣੇ ਇੰਡਸਟਰੀ ਹੱਬ ਬਣਾਉਣ ਦੇ ਨਾਂ ਹੇਠ ਮੱਤੇਵਾੜੇ ਦੇ ਜੰਗਲ ਨੂੰ ਉਜਾੜਨ ਜਾ ਰਹੀ ਹੈ ਜਿਸ ਦਾ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਡਟਵਾਂ ਵਿਰੋਧ ਕਰੇਗੀ ਤੇ ਇਸ ਜੰਗਲ ਨੂੰ ਬਚਾਉਣ ਲਈ ਮੂਹਰੇ ਹੋ ਕੇ ਸੰਘਰਸ਼ ਲੜੇਗੀ। ਉਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕੇ ਸਰਕਾਰ ਆਪਣੇ ਵਾਅਦੇ ਮੁਤਾਬਕ ਮੂੰਗੀ, ਮੱਕੀ, ਬਾਸਮਤੀ ਦੀ ਫ਼ਸਲ ਐਮ.ਐਸ.ਪੀ ਉਪਰ ਖਰੀਦਣ ਦਾ ਪ੍ਰਬੰਧ ਕਰੇ ਤੇ ਘਾਟੇ ਵਿਚ ਖਰੀਦੀ ਮੂੰਗੀ ਦੀ ਫ਼ਸਲ ਦਾ ਕਿਸਾਨਾਂ ਨੂੰ ਮੁਆਵਜ਼ਾ ਦਿਤਾ ਜਾਵੇ। 
ਇਸ ਮੌਕੇ ਪ੍ਰਸ਼ੋਤਮ ਸਿੰਘ ਗਿੱਲ, ਹਰਮਿੰਦਰ ਸਿੰਘ ਖਹਿਰਾ, ਨਿਰਮਲ ਸਿੰਘ ਝੰਡੂਕੇ, ਸੂਰਤ ਸਿੰਘ ਕਾਦਰਵਾਲਾ, ਜਸਵੰਤ ਸਿੰਘ ਬੀਜਾ, ਮੋਹਨ ਸਿੰਘ ਜੀਂਦੜਾ, ਪ੍ਰੀਤਮ ਸਿੰਘ ਬਾਘਾਪੁਰਾਣਾ, ਸੂਰਤ ਸਿੰਘ ਬ੍ਰਹਮਕੇ, ਅਮਰੀਕ ਸਿੰਘ ਮਮਦੋਟ, ਪਰਮਿੰਦਰ ਸਿੰਘ ਪਾਲਮਾਜਰਾ, ਪਰਮਜੀਤ ਸਿੰਘ ਮਾਣਕਪੁਰ, ਰਘਵੀਰ ਸਿੰਘ ਕੂੰਮ ਕਲਾਂ ਵਿੱਤ ਸਕੱਤਰ ਲੁਧਿਆਣਾ, ਸ਼ਿੰਦਰ ਸਿੰਘ ਸੇਲਬਰਾਹ ਜਿਲਾ ਬਠਿੰਡਾ, ਮੇਜਰ ਸਿੰਘ ਬਠਿੰਡਾ, ਗੁਰਮੀਤ ਸਿੰਘ ਲੰਬੀ ਢਾਬ, ਪ੍ਰੀਤਮ ਸਿੰਘ ਹੁਸ਼ਿਆਰਪੁਰ ਆਦਿ ਹਾਜ਼ਰ ਸਨ।
Ldh_R P Singh_10_03