ਦੋ ਦਿਨ ਦੇ ਪੁਲਿਸ ਰਿਮਾਂਡ 'ਤੇ ਸਾਬਕਾ ਉਪ ਮੁੱਖ ਮੰਤਰੀ ਓਪੀ ਸੋਨੀ, ਬੁਖ਼ਾਰ ਦੇ ਚੱਲਦਿਆਂ ਹਸਪਤਾਲ 'ਚ ਭਰਤੀ
ਓਪੀ ਸੋਨੀ ਦੀ ਗ੍ਰਿਫ਼ਤਾਰੀ ਨੂੰ ਸਿਆਸੀ ਰੰਜਿਸ਼ ਕਰਾਰ ਦਿੰਦਿਆਂ ਕਾਂਗਰਸੀਆਂ ਨੇ ਬਾਅਦ ਦੁਪਹਿਰ ਅੰਮ੍ਰਿਤਸਰ ਦੇ ਕਚਹਿਰੀ ਚੌਕ ਦਾ ਘਿਰਾਓ ਵੀ ਕੀਤਾ
ਅੰਮ੍ਰਿਤਸਰ : ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਅੱਜ ਵਿਜੀਲੈਂਸ ਅਦਾਲਤ ਵਿਚ ਪੇਸ਼ ਹੋਏ ਜਿਸ ਤੋਂ ਬਅਦ ਉਹਨਾਂ ਦਾ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਹੋਇਆ। ਸਖ਼ਤ ਸੁਰੱਖਿਆ ਪ੍ਰਬੰਧਾਂ ਦਰਮਿਆਨ ਪੁਲਿਸ ਨੇ ਸਾਬਕਾ ਉਪ ਮੁੱਖ ਮੰਤਰੀ ਓਪੀ ਸੋਨੀ ਨੂੰ ਅੰਮ੍ਰਿਤਸਰ ਦੀ ਅਦਾਲਤ ਵਿਚ ਪੇਸ਼ ਕੀਤਾ ਜਿੱਥੇ ਅਦਾਲਤ ਨੇ 2 ਦਿਨ ਦਾ ਪੁਲਿਸ ਰਿਮਾਂਡ ਦੇ ਦਿੱਤਾ।
ਬੁਖ਼ਾਰ ਹੋਣ ਦੇ ਚੱਲਦਿਆਂ ਹਸਪਤਾਲ ਵਿਚ ਕਰਵਾਇਆ ਭਰਤੀ
ਸਾਬਕਾ ਉਪ ਮੁੱਖ ਮੰਤਰੀ ਨੂੰ ਅੱਜ ਹਲਕੇ ਬੁਖ਼ਾਰ ਦੀ ਸ਼ਿਕਾਇਤ ਵੀ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਅੰਮ੍ਰਿਤਸਰ ਦੇ ਫੋਰਟਿਸ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਜਿਸ ਤੋਂ ਬਾਅਦ ਉਹਨਾਂ ਦਾ ਹਾਲ ਜਾਣਨ ਲਈ ਕਈ ਕਾਂਗਰਸ ਵਿਧਾਇਕ ਵੀ ਹਸਪਤਾਲ ਪਹੁੰਚੇ ਜਿਹਨਾਂ ਵਿਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਪ੍ਰਤਾਪ ਬਾਜਵਾ ਸਮੇਤ ਹੋਰ ਆਗੂ ਸ਼ਾਮਲ ਸਨ।
ਅੰਮ੍ਰਿਤਸਰ ਦੇ ਕਚਹਿਰੀ ਚੌਕ ਦਾ ਘਿਰਾਓ
ਓਪੀ ਸੋਨੀ ਦੀ ਗ੍ਰਿਫ਼ਤਾਰੀ ਨੂੰ ਸਿਆਸੀ ਰੰਜਿਸ਼ ਕਰਾਰ ਦਿੰਦਿਆਂ ਕਾਂਗਰਸੀਆਂ ਨੇ ਬਾਅਦ ਦੁਪਹਿਰ ਅੰਮ੍ਰਿਤਸਰ ਦੇ ਕਚਹਿਰੀ ਚੌਕ ਦਾ ਘਿਰਾਓ ਕਰਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਇਸ ਮੌਕੇ ਵੱਡੀ ਗਿਣਤੀ ਵਿਚ ਕਾਂਗਰਸੀ ਆਗੂ ਤੇ ਵਰਕਰ ਇਕੱਠੇ ਹੋਏ ਸਨ। ਪੰਜਾਬ ਪ੍ਰਦੇਸ਼ ਕਾਂਗਰਸ ਇਕਾਈ ਦੇ ਪ੍ਰਧਾਨ ਰਾਜਾ ਵੜਿੰਗ, ਸਾਬਕਾ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਤੇ ਹੋਰ ਕਾਂਗਰਸੀ ਆਗੂਆਂ ਨੇ ਓਮ ਪ੍ਰਕਾਸ਼ ਸੋਨੀ ਦੀ ਗ੍ਰਿਫ਼ਤਾਰੀ ਦੇ ਰੋਸ ਵਜੋਂ ਅੰਮ੍ਰਿਤਸਰ ਜ਼ਿਲ੍ਹਾ ਅਦਾਲਤ ਦੇ ਬਾਹਰ ਨਾਅਰੇਬਾਜ਼ੀ ਕੀਤੀ।
ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਸੌਰਭ ਮਦਾਨ ਮਿੱਠੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਦਲੇ ਦੀ ਭਾਵਨਾ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਨੇ ਓਪੀ ਸੋਨੀ ਦੀ ਹਮਾਇਤ ਕਰਦੇ ਹੋਏ ਕਿਹਾ ਕਿ ਓਪੀ ਸੋਨੀ ਨੇ ਪਹਿਲਾਂ ਸ਼ਹਿਰ ਦੇ ਮੇਅਰ ਵਜੋਂ ਸ਼ੁਰੂਆਤ ਕੀਤੀ, ਫਿਰ ਵਿਧਾਇਕ ਤੇ ਫਿਰ ਪੰਜਾਬ ਦੇ ਉਪ ਮੁੱਖ ਮੰਤਰੀ! ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।