ਬਿਜਲੀ ਮੰਤਰੀ ਨੇ ਇੰਜੀ. ਰਵਿੰਦਰ ਸਿੰਘ ਸੈਣੀ ਨੂੰ ਪੀ.ਐਸ.ਈ.ਆਰ.ਸੀ. ਦੇ ਮੈਂਬਰ ਵਜੋਂ ਚੁਕਾਈ ਸਹੁੰ

ਏਜੰਸੀ

ਖ਼ਬਰਾਂ, ਪੰਜਾਬ

ਹਰਭਜਨ ਸਿੰਘ ਈ.ਟੀ.ਓ. ਨੇ ਕਿਹਾ ਕਿ ਇਸ ਨਿਯੁਕਤੀ ਨਾਲ, ਪੀ.ਐਸ.ਈ.ਆਰ.ਸੀ. ਕੋਲ ਹੁਣ ਤਿੰਨ ਮੈਂਬਰਾਂ ਹੋਣਗੇ

Power Minister administers oath to Eng. Ravinder Singh Saini as member of PSERC

Power Minister administers oath to Eng. Ravinder Singh Saini as member of PSERC: ਬਿਜਲੀ ਮੰਤਰੀ ਪੰਜਾਬ ਹਰਭਜਨ ਸਿੰਘ ਈ.ਟੀ.ਓ. ਨੇ ਅੱਜ ਪੰਜਾਬ ਭਵਨ ਵਿਖੇ ਕਰਵਾਏ ਗਏ ਇੱਕ ਸ਼ਾਨਦਾਰ ਸਮਾਰੋਹ ਦੌਰਾਨ ਪੰਜਾਬ ਸਰਕਾਰ ਵੱਲੋਂ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ (ਪੀ.ਐਸ.ਈ.ਆਰ.ਸੀ.) ਦੇ ਮੈਂਬਰ ਵਜੋਂ ਨਿਯੁਕਤ ਕੀਤੇ ਗਏ ਇੰਜੀ. ਰਵਿੰਦਰ ਸਿੰਘ ਸੈਣੀ ਨੂੰ ਅਹੁਦੇ ਦੀ ਸਹੁੰ ਚੁਕਾਈ।

ਸਹੁੰ ਚੁੱਕ ਸਮਾਗਮ ਉਪਰੰਤ ਮੀਡੀਆ ਨਾਲ ਗੱਲਬਾਤ ਕਰਦਿਆਂ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਕਿਹਾ ਕਿ ਇੰਜੀਨੀਅਰ ਸੈਣੀ ਕੋਲ ਪੰਜਾਬ ਦੇ ਬਿਜਲੀ ਖੇਤਰ ਦਾ ਵਿਆਪਕ ਤਜਰਬਾ ਅਤੇ ਡੂੰਘੀ ਸਮਝ ਹੈ, ਜੋ ਪੀ.ਐਸ.ਈ.ਆਰ.ਸੀ. ਦੇ ਕੰਮਕਾਜ ਨੂੰ ਹੋਰ ਬਿਹਤਰ ਬਣਾਉਣ ਵਿੱਚ ਮਦਦ ਕਰੇਗੀ। ਉਨ੍ਹਾਂ ਆਸ ਪ੍ਰਗਟਾਈ ਕਿ ਇਸ ਨਿਯੁਕਤੀ ਨਾਲ, ਕਮਿਸ਼ਨ ਆਪਣੀ ਪੂਰੀ ਸਮਰੱਥਾ ਨਾਲ ਨਿਰਪੱਖ ਨਿਯਮਾਂ ਨੂੰ ਯਕੀਨੀ ਬਣਾਉਣ, ਪਾਰਦਰਸ਼ਤਾ ਨੂੰ ਉਤਸ਼ਾਹਿਤ ਕਰਨ ਅਤੇ ਖਪਤਕਾਰਾਂ, ਉਪਯੋਗਤਾਵਾਂ ਤੇ ਭਾਈਵਾਲਾਂ ਦੇ ਹਿੱਤਾਂ ਦੀ ਰੱਖਿਆ ਕਰਨ ਲਈ ਬਿਹਤਰ ਢੰਗ ਨਾਲ ਕੰਮ ਕਰੇਗਾ। ਮੰਤਰੀ ਨੇ ਕਿਹਾ ਕਿ ਬਿਜਲੀ ਖੇਤਰ ਵਿੱਚ ਸੈਣੀ ਨੇ ਵਡਮੁੱਲਾ ਯੋਗਦਾਨ ਪਾਇਆ ਹੈ ਅਤੇ ਕਮਿਸ਼ਨ ਵਿੱਚ ਉਨ੍ਹਾਂ ਦੀ ਨਿਯੁਕਤੀ ਨਿਸ਼ਚਤ ਤੌਰ 'ਤੇ ਇਸਦੀ ਰੈਗੂਲੇਟਰੀ ਕੁਸ਼ਲਤਾ ਵਿੱਚ ਵਾਧਾ ਕਰੇਗੀ।

ਬਿਜਲੀ ਮੰਤਰੀ ਨੇ ਅੱਗੇ ਕਿਹਾ ਕਿ ਇਹ ਨਿਯੁਕਤੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਗਤੀਸ਼ੀਲ ਅਗਵਾਈ ਹੇਠ, ਬਿਜਲੀ ਖੇਤਰ ਸਬੰਧੀ ਅਦਾਰਿਆਂ ਨੂੰ ਸਸ਼ਕਤ ਬਣਾਉਣ ਅਤੇ ਕੁਸ਼ਲ ਪ੍ਰਸ਼ਾਸਨ ਯਕੀਨੀ ਬਣਾਉਣ ਪ੍ਰਤੀ ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਸੈਣੀ ਦੀ ਵਿਆਪਕ ਤਕਨੀਕੀ ਸੂਝ ਅਤੇ ਵਿਹਾਰਕ ਤਜਰਬੇ ਦੇ ਨਾਲ, ਪੀ.ਐਸ.ਈ.ਆਰ.ਸੀ. ਪੰਜਾਬ ਦੇ ਲੋਕਾਂ ਨੂੰ ਭਰੋਸੇਯੋਗ ਅਤੇ ਕਿਫਾਇਤੀ ਬਿਜਲੀ ਪ੍ਰਦਾਨ ਕਰਨ ਸਬੰਧੀ ਸਰਕਾਰ ਦੇ ਦ੍ਰਿਸ਼ਟੀਕੋਣ ਮੁਤਾਬਕ ਸਮੇਂ ਸਿਰ, ਖਪਤਕਾਰ-ਪੱਖੀ ਫੈਸਲੇ ਲੈਣ ਦੇ ਯੋਗ ਹੋਵੇਗਾ।

ਹਰਭਜਨ ਸਿੰਘ ਈ.ਟੀ.ਓ. ਨੇ ਕਿਹਾ ਕਿ ਇਸ ਨਿਯੁਕਤੀ ਨਾਲ, ਪੀ.ਐਸ.ਈ.ਆਰ.ਸੀ. ਕੋਲ ਹੁਣ ਤਿੰਨ ਮੈਂਬਰਾਂ ਹੋਣਗੇ ਜਿਹਨਾਂ ਵਿੱਚ ਚੇਅਰਪਰਸਨ ਵਿਸ਼ਵਜੀਤ ਖੰਨਾ (ਸੇਵਾਮੁਕਤ ਆਈ.ਏ.ਐਸ.), ਮੈਂਬਰ ਪਰਮਜੀਤ ਸਿੰਘ ਅਤੇ ਮੈਂਬਰ ਇੰਜੀਨੀਅਰ ਰਵਿੰਦਰ ਸਿੰਘ ਸੈਣੀ ਸ਼ਾਮਲ ਹਨ। ਦੂਜੇ ਮੈਂਬਰ ਦਾ ਅਹੁਦਾ ਕੁਝ ਸਮੇਂ ਤੋਂ ਖਾਲੀ ਪਿਆ ਸੀ ਅਤੇ ਸੈਣੀ ਦੀ ਨਿਯੁਕਤੀ ਹੋਣ ਨਾਲ ਰੈਗੂਲੇਟਰੀ ਪ੍ਰਕਿਰਿਆਵਾਂ ਅਤੇ ਲੰਬਿਤ ਮਾਮਲਿਆਂ ਵਿੱਚ ਤੇਜ਼ੀ ਆਉਣ ਦੀ ਉਮੀਦ ਹੈ।

ਇੰਜੀ. ਸੈਣੀ ਨੂੰ ਫਰਵਰੀ 2023 ਵਿੱਚ ਡਾਇਰੈਕਟਰ/ਵਪਾਰਕ, ​​ਪੀ.ਐਸ.ਪੀ.ਸੀ.ਐਲ. ਨਿਯੁਕਤ ਕੀਤਾ ਗਿਆ ਸੀ ਅਤੇ ਫ਼ਰਵਰੀ 2025 ਵਿੱਚ ਉਨ੍ਹਾਂ ਨੇ ਆਪਣਾ ਅਹੁਦਾ ਛੱਡ ਦਿੱਤਾ ਸੀ।

ਇਸ ਮੌਕੇ ਊਰਜਾ ਵਿਭਾਗ ਦੇ ਪ੍ਰਮੁੱਖ ਸਕੱਤਰ ਅਜੋਏ ਕੁਮਾਰ ਸਿਨਹਾ ਆਈ.ਏ.ਐਸ, ਡਾਇਰੈਕਟਰ ਜਨਰੇਸ਼ਨ ਇੰਜੀ. ਹਰਜੀਤ ਸਿੰਘ, ਡਾਇਰੈਕਟਰ ਕਮਰਸ਼ੀਅਲ ਇੰਜੀ. ਹੀਰਾ ਲਾਲ ਗੋਇਲ, ਡਾਇਰੈਕਟਰ ਟੈਕਨੀਕਲ ਪੀ.ਐਸ.ਟੀ.ਸੀ.ਐਲ. ਇੰਜੀ. ਸੰਜੀਵ ਸੂਦ, ਡਾਇਰੈਕਟਰ ਵਿੱਤ ਐਸ.ਕੇ. ਬੇਰੀ, ਡਾਇਰੈਕਟਰ ਵਿੱਤ ਪੀ.ਐਸ.ਟੀ.ਸੀ.ਐਲ. ਵਿਨੋਦ ਕੁਮਾਰ ਬਾਂਸਲ ਅਤੇ  ਡਾਇਰੈਕਟਰ ਐਡਮਿਨ ਜਸਵੀਰ ਸਿੰਘ ਸੁਰਸਿੰਘ ਮੌਜੂਦ ਸਨ।