ਨਾਜਾਇਜ਼ ਕਾਬਜ਼ਕਾਰਾਂ ਹੇਠੋਂ ਜੰਗਲਾਤ ਦੀ ਜ਼ਮੀਨ ਛੁਡਾਉਣ ਵਾਲਾ ਰੇਂਜ ਅਫ਼ਸਰ ਸਨਮਾਨਤ
ਬੀਤੇ ਦਿਨੀਂ ਪਟਿਆਲਾ ਵਿਖੇ ਹੋਏ ਸੂਬਾ ਪਧਰੀ ਵਣ ਮਹਾਂਉਤਸਵ ਦੌਰਾਨ ਵਿਭਾਗੀ ਮੰਤਰੀ ਸਾਧੂ ਸਿੰਘ ਧਰਮਸੋਤ ਵਲੋਂ ਵਣ ਰੇਂਜ ਅਫ਼ਸਰ ਮੁਕੇਰੀਆਂ ਮੋਹਣ ਸਿੰਘ................
ਮੁਕੇਰੀਆਂ : ਬੀਤੇ ਦਿਨੀਂ ਪਟਿਆਲਾ ਵਿਖੇ ਹੋਏ ਸੂਬਾ ਪਧਰੀ ਵਣ ਮਹਾਂਉਤਸਵ ਦੌਰਾਨ ਵਿਭਾਗੀ ਮੰਤਰੀ ਸਾਧੂ ਸਿੰਘ ਧਰਮਸੋਤ ਵਲੋਂ ਵਣ ਰੇਂਜ ਅਫ਼ਸਰ ਮੁਕੇਰੀਆਂ ਮੋਹਣ ਸਿੰਘ ਨੂੰ ਵਧੀਆ ਕਾਰਗੁਜ਼ਾਰੀ ਬਦਲੇ ਸਨਮਾਨਤ ਕੀਤਾ ਗਿਆ ਹੈ। ਵਣ ਰੇਂਜ ਅਫ਼ਸਰ ਦੇ ਨਾਲ ਵਣ ਗਾਰਡ ਰਾਜੇਸ਼ ਕੁਮਾਰ ਨੂੰ ਵੀ ਸਨਮਾਨਿਆ ਗਿਆ ਹੈ।
ਇਸ ਸਬੰਧੀ ਵਣ ਰੇਂਜ ਅਫ਼ਸਰ ਮੋਹਣ ਸਿੰਘ ਨੇ ਦਸਿਆ ਕਿ ਵਿਭਾਗੀ ਹਦਾਇਤਾਂ 'ਤੇ ਉਨ੍ਹਾਂ ਵਲੋਂ ਅਪਣੀ ਰੇਂਜ ਵਿੱਚਲੀ ਵਿਭਾਗੀ ਜ਼ਮੀਨ ਤੋਂ ਲੋਕਾਂ ਦੇ ਨਾਜਾਇਜ਼ ਕਬਜ਼ੇ ਹਟਾਏ ਗਏ ਸਨ। ਵਿਭਾਗ ਦੀ ਕਰੀਬ 425 ਏਕੜ ਦੇ ਵਗਦੇ ਰਕਬੇ ਨੂੰ ਉਨ੍ਹਾਂ ਪ੍ਰਸ਼ਾਸਨਿਕ ਤੇ ਪੁਲਿਸ ਅਧਿਕਾਰੀਆਂ ਦੀ ਮਦਦ ਨਾਲ ਛੁਡਾਇਆ ਸੀ।
ਉਨ੍ਹਾਂ ਇਸ ਜ਼ਮੀਨ 'ਤੇ ਤਾਰ ਵਲ੍ਹ ਲਈ ਹੈ ਅਤੇ ਕਰੀਬ 1.60 ਲੱਖ ਪੌਦਾ ਬਰਸਾਤੀ ਮੌਸਮ ਅੰਦਰ ਲਗਾਇਆ ਜਾਣਾ ਹੈ। ਇਸ ਮੌਸਮ ਵਿਚ ਉਕਤ ਜ਼ਮੀਨ 'ਤੇ 1.16 ਲੱਖ ਬੂਟੇ ਲਗਾਏ ਜਾ ਚੁੱਕੇ ਹਨ ਅਤੇ ਰਹਿੰਦੇ ਬੂਟੇ ਲਗਾਉਣ ਦਾ ਕੰਮ ਹਾਲੇ ਚੱਲ ਰਿਹਾ ਹੈ। ਉਕਤ ਕੰਮ ਲਈ ਵਿਭਾਗੀ ਮੰਤਰੀ ਸਾਧੂ ਸਿੰਘ ਧਰਮਸੋਤ ਅਤੇ ਪ੍ਰਧਾਨ ਮੁੱਖ ਵਣ ਪਾਲ ਜਤਿੰਦਰ ਸ਼ਰਮਾ ਵਲੋਂ ਪ੍ਰਸੰਸਾ ਪੱਤਰ ਦੇ ਕੇ ਸਨਮਾਨਤ ਕੀਤਾ ਗਿਆ ਹੈ, ਜਿਹੜਾ ਕਿ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ।
ਉਨ੍ਹਾਂ ਦਸਿਆ ਕਿ ਵਿਭਾਗੀ ਜ਼ਮੀਨ 'ਤੇ ਕਾਬਜ਼ਕਾਰਾਂ ਵਲੋਂ ਖੇਤੀ ਕੀਤੀ ਜਾ ਰਹੀ ਸੀ ਅਤੇ ਜ਼ਮੀਨ ਵਿਚਲੀ ਲੱਕੜ ਵੀ ਕੱਟੀ ਗਈ ਸੀ ਜਿਸ ਕਾਰਨ ਜੰਗਲ ਹੇਠ ਰਕਬਾ ਘਟਦਾ ਜਾ ਰਿਹਾ ਸੀ। ਉਨ੍ਹਾਂ ਇਸ ਕੰਮ ਵਿਚ ਵਿਭਾਗੀ ਡੀਐਫਓ ਅਟੱਲ ਮਹਾਜ਼ਨ ਤੇ ਵਣ ਗਾਰਡ ਰਾਜੇਸ਼ ਕੁਮਾਰ, ਅਜੇ ਕੁਮਾਰ, ਰਕੇਸ਼ ਕੁਮਾਰ, ਰਾਜੇਸ਼ ਕੁਮਾਰ ਹਾਜੀਪੁਰ, ਸੰਦੀਪ ਸਿੰਘ, ਸ਼ੁਭਮਣਦੀਪ ਸਿੰਘ, ਜੀਵਨ ਜੌਤੀ, ਕੁਮਾਰੀ ਸੋਫ਼ੀਆ, ਬੇਲਦਾਰ ਸਰਵਣ ਸਿੰਘ ਤੇ ਸੁਖਦੇਵ ਸਿੰਘ ਵਲੋਂ ਦਿਤੇ ਸਹਿਯੋਗ ਦੀ ਸ਼ਲਾਘਾ ਕੀਤੀ।