ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਪ੍ਰਧਾਨਗੀ ਹੇਠ ਇਕੱਤਰਤਾ ਇਕ ਸਤੰਬਰ ਨੂੰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਆਗਾਮੀ ਵਰੇ ਆ ਰਹੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸ਼ਰਧਾ ਭਾਵਨਾ ਨਾਲ ਮਨਾਉਣ ਲਈ ਸਮੂਹ ਸਿੱਖ ਜਥੇਬੰਦੀਆਂ...............

Jathedar Avtar Singh Makkar With SGPC Members

ਲੁਧਿਆਣਾ : ਆਗਾਮੀ ਵਰੇ ਆ ਰਹੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸ਼ਰਧਾ ਭਾਵਨਾ ਨਾਲ ਮਨਾਉਣ ਲਈ ਸਮੂਹ ਸਿੱਖ ਜਥੇਬੰਦੀਆਂ, ਸੰਪਰਦਾਵਾਂ, ਸਿੰਘ ਸਭਾਵਾਂ, ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ 'ਤੇ ਇਸਤਰੀ ਸਤਿਸੰਗ ਸਭਾਵਾਂ ਦਾ ਪੂਰਨ ਸਹਿਯੋਗ ਲਿਆ ਜਾਵੇਗਾ ਤਾਂ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੂੰ ਸਮੁੱਚੀ ਲੋਕਾਈ ਤਕ ਵਧ ਤੋਂ ਵਧ ਪਹੁੰਚਾਇਆ ਜਾ ਸਕੇ। ਅੱਜ ਅਪਣੇ ਗ੍ਰਹਿ ਵਿਖੇ ਲੁਧਿਆਣਾ ਸ਼ਹਿਰ ਨਾਲ ਸਬੰਧਤ ਸ਼੍ਰੋਮਣੀ ਕਮੇਟੀ ਮੈਬਰਾਂ ਦੀ ਵਿਸ਼ੇਸ਼ ਤੌਰ 'ਤੇ ਸੱਦੀ ਗਈ ਮੀਟਿੰਗ ਉਪਰੰਤ ਗੱਲਬਾਤ ਕਰਦਿਆਂ ਜਥੇਦਾਰ ਅਵਤਾਰ ਸਿੰਘ ਮੱਕੜ

ਨੇ ਕਿਹਾ ਕਿ ਇਸ ਉਦੇਸ਼ ਦੀ ਪ੍ਰਾਪਤੀ ਨੂੰ ਮੁੱਖ ਰਖਦਿਆਂ ਲੁਧਿਆਣਾ ਸ਼ਹਿਰ ਨਾਲ ਸਬੰਧਤ ਸਮੂਹ ਜਥੇਬੰਦੀਆਂ, ਸਿੰਘ ਸਭਾਵਾਂ, ਇਸਤਰੀ ਸਤਿਸੰਗ ਸਭਾਵਾਂ, ਸਿੱਖ ਐਜੂਕੇਸ਼ਨਲ ਅਦਾਰਿਆਂ ਤੇ ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਦੇ ਪ੍ਰਮੁੱਖ ਆਗੂਆਂ ਦੀ ਵਿਸ਼ੇਸ਼ ਇਕੱਤਰਤਾ 1 ਸਤੰਬਰ 2018 ਨੂੰ ਜੀ.ਐਨ.ਈ. ਕਾਲਜ ਦੇ ਆਡੀਟੋਰੀਅਮ ਵਿਚ ਰੱਖੀ ਗਈ ਹੈ। ਇਸ ਦੌਰਾਨ ਭਾਈ ਗੁਰਚਰਨ ਸਿੰਘ ਗਰੇਵਾਲ ਮੈਂਬਰ ਸ਼੍ਰੋਮਣੀ ਕਮੇਟੀ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਨਿਰਦੇਸ਼ਾਂ ਹੇਠ

ਪੰਜਾਬ ਦੇ ਸ਼ਹਿਰੀ ਹਲਕਿਆਂ ਅੰਦਰ ਗੁਰਮਤਿ ਲਹਿਰ ਦੀ ਮੁਹਿੰਮ ਨੂੰ ਤੇਜ਼ ਕਰਨ ਦੇ ਮਨੋਰਥ ਨਾਲ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਤ ਸ਼੍ਰੋਮਣੀ ਕਮੇਟੀ ਵਲੋਂ ਵੱਖ-ਵੱਖ ਅਸਥਾਨਾਂ 'ਤੇ ਗੁਰਮਤਿ ਸਮਾਗਮ ਅਤੇ ਸੈਮੀਨਾਰ ਕਰਵਾਉਣ ਸਬੰਧੀ ਵੱਡੇ ਪੱਧਰ 'ਤੇ ਪ੍ਰੋਗਰਾਮ ਉਲੀਕੇ ਗਏ ਹਨ। ਇਸ ਸਮੇਂ ਪ੍ਰਿਤਪਾਲ ਸਿੰਘ ਮੈਂਬਰ ਧਰਮ ਪ੍ਰਚਾਰ ਕਮੇਟੀ, ਕੰਵਲਇੰਦਰ ਸਿੰਘ ਠੇਕੇਦਾਰ, ਰਜਿੰਦਰ ਕੌਰ, ਜਗਬੀਰ ਸਿੰਘ ਸੌਖੀ, ਪਰਮਜੀਤ ਸਿੰਘ ਸਰੋਆ, ਗੁਰਸੇਵਕ ਸਿੰਘ ਆਦਿ ਹਾਜ਼ਰ ਸਨ।