ਇੰਗਲੈਂਡ ਤੋਂ ਆਏ ਨੌਜਵਾਨਾਂ ਵਲੋਂ ਇਤਿਹਾਸਕ ਸਥਾਨਾਂ ਦਾ ਦੌਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਪਣੀਆਂ ਜੜਾਂ ਨਾਲ ਜੁੜੋ ਪ੍ਰੋਗਰਾਮ ਤਹਿਤ ਇੰਗਲੈਡ ਤੋਂ ਆਏ 14 ਪ੍ਰਵਾਸੀ ਪੰਜਾਬੀ ਨੌਜਵਾਨਾਂ ਦਾ ਪਹਿਲਾਂ ਗਰੁੱਪ ਅੱਜ ਪਟਿਆਲਾ ਵਿਖੇ ਪੁੱਜਾ.............

Young people from England during visiting historic places

ਪਟਿਆਲਾ : ਅਪਣੀਆਂ ਜੜਾਂ ਨਾਲ ਜੁੜੋ ਪ੍ਰੋਗਰਾਮ ਤਹਿਤ ਇੰਗਲੈਡ ਤੋਂ ਆਏ 14 ਪ੍ਰਵਾਸੀ ਪੰਜਾਬੀ ਨੌਜਵਾਨਾਂ ਦਾ ਪਹਿਲਾਂ ਗਰੁੱਪ ਅੱਜ ਪਟਿਆਲਾ ਵਿਖੇ ਪੁੱਜਾ ਅਤੇ ਇਸ ਮੌਕੇ ਉਨ੍ਹਾਂ ਗੁਰਦੁਆਰਾ ਸ਼੍ਰੀ ਦੁਖਨਿਵਾਰਨ ਸਾਹਿਬ ਵਿਖੇ ਮੱਥਾ ਟੇਕਿਆ ਇਸ ਉਪਰੰਤ ਉਨ੍ਹਾਂ ਐਨ.ਆਈ.ਐਸ. ਪਟਿਆਲਾ ਵਿਖੇ ਸਪੋਰਟਸ ਮਿਊਜ਼ੀਅਮ ਵਿੱਚ ਭਾਰਤੀ ਖਿਡਾਰੀਆਂ ਦੀ ਪ੍ਰਾਪਤੀਆਂ ਨੂੰ ਬੜੀ ਗਹੁ ਨਾਲ ਦੇਖਿਆ ਅਤੇ ਦੁਪਹਿਰ ਸਮੇਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਸਭਿਆਚਾਰਕ ਪ੍ਰੋਗਰਾਮ ਦਾ ਅਨੰਦ ਮਾਣਿਆ ਤੇ ਸ਼ਾਮ ਵੇਲੇ ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ਼ ਲਾਅ ਵਿਖੇ ਗਏ।

ਇਸ ਪ੍ਰੋਗਰਾਮ ਬਾਰੇ ਗੱਲ ਕਰਦਿਆ 14 ਨੌਜਵਾਨਾਂ ਨਾਲ ਇੰਗਲੈਡ ਤੋਂ ਆਏ ਪ੍ਰੋਗਰਾਮ ਦੇ ਕੋਆਰਡੀਨੇਟਰ ਸ. ਵਰਿੰਦਰ ਸਿੰਘ ਖਹਿਰਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਨੌਜਵਾਨ ਲੜਕੇ ਅਤੇ ਲੜਕੀਆਂ ਜਿਨ੍ਹਾਂ ਦੇ ਮਾਤਾ-ਪਿਤਾ, ਦਾਦਾ-ਦਾਦੀ ਜਾ ਵੱਡੇ-ਵਡੇਰੇ ਵਿਦੇਸ਼ਾਂ ਵਿੱਚ ਰਹਿੰਦੇ ਹਨ ਜਾ ਵੱਸ ਗਏ ਹਨ ਲਈ ਆਪਣੀਆਂ ਜੜਾਂ ਨਾਲ ਜੁੜੋ ਪ੍ਰੋਗਰਾਮ ਆਰੰਭ ਕੀਤਾ ਗਿਆ ਹੈ। ਇਸ ਪ੍ਰੋਗਰਾਮ ਤਹਿਤ ਪੰਜਾਬੀ ਮੂਲ ਦੇ ਨੌਜਵਾਨ ਲੜਕੇ ਅਤੇ ਲੜਕੀਆਂ ਦਾ ਪਹਿਲਾਂ ਗਰੁੱਪ 10 ਦਿਨਾਂ ਪੰਜਾਬ ਦੌਰੇ 'ਤੇ ਆਇਆ ਹੈ। 

ਉਨ੍ਹਾਂ ਦੱਸਿਆ ਇਸ ਪ੍ਰੋਗਰਾਮ ਦਾ ਮੁੱਖ ਮਕਸਦ ਪੰਜਾਬੀ ਮੂਲ ਦੇ ਨੌਜਵਾਨ ਲੜਕੇ ਅਤੇ ਲੜਕੀਆਂ ਨੂੰ ਆਪਣੇ ਵਿਰਸੇ ਨੂੰ ਜਾਣਨ ਲਈ ਆਪਣੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਆਉਣ ਦਾ ਮੌਕਾ ਦੇਣਾ ਹੈ। ਇਸ ਮੌਕੇ ਐਨ.ਆਰ.ਆਈ. ਨੌਜਵਾਨਾਂ ਨੇ ਬੜੀ ਸ਼ਰਧਾ ਭਾਵਨਾ ਨਾਲ ਗੁਰਦੁਆਰਾ ਸ਼੍ਰੀ ਦੁਖਨਿਵਾਰਨ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਗੁਰਦੁਆਰਾ ਸਾਹਿਬ ਦੇ ਹੈਡ ਗ੍ਰੰਥ ਗਿਆਨੀ ਪ੍ਰਨਾਮ ਸਿੰਘ ਨੇ ਸਿਰੋਪਾਉ ਪਾਕੇ ਨੌਜਵਾਨਾਂ ਨੂੰ ਗੁਰਦੁਆਰਾ ਸਾਹਿਬ ਦੇ ਇਤਿਹਾਸ ਤੋਂ ਜਾਣੂ ਕਰਵਾਇਆ। 
ਇਸ ਮੌਕੇ ਟੂਰਿਸਟ ਗਾਈਡ ਪਟਿਆਲਾ ਸ਼੍ਰੀ ਸਰਬਜੀਤ ਸਿੰਘ ਨੇ ਪਟਿਆਲਾ ਦੇ ਇਤਿਹਾਸ ਤੋਂ ਨੌਜਵਾਨਾ ਨੂੰ ਜਾਣੂ ਕਰਵਾਇਆ।

ਇਸ ਉਪਰੰਤ ਨੌਜਵਾਨਾਂ ਵੱਲੋਂ ਐਨ.ਆਈ.ਐਸ. ਪਟਿਆਲਾ ਦਾ ਦੌਰਾ ਕੀਤਾ ਗਿਆ ਅਤੇ ਉਨ੍ਹਾਂ ਖਿਡਾਰੀਆਂ ਦੇ ਬਣੇ ਮਿਊਜ਼ੀਅਮ ਨੂੰ ਬੜੀ ਗਹੁ ਨਾਲ ਦੇਖਿਆ ਇਸ ਮੌਕੇ ਐਨ.ਆਈ.ਐਸ. ਦੇ ਕੋਚ ਵੀ.ਕੇ. ਵਰਮਾ ਨੇ ਨੌਜਵਾਨਾਂ ਨੂੰ ਐਨ.ਆਈ.ਐਸ. ਦੇ ਇਤਿਹਾਸ ਤੋਂ ਜਾਣੂ ਕਰਵਾਇਆ। ਇਸ ਮੌਕੇ ਪਟਿਆਲਾ ਦੌਰੇ ਬਾਰੇ ਗੱਲ ਕਰਦਿਆ ਨੌਜਵਾਨਾਂ ਨੇ ਕਿਹਾ ਕਿ ਗੁਰਦੁਆਰਾ ਸ਼੍ਰੀ ਦੁਖਨਿਵਾਰਨ ਸਾਹਿਬ ਵਿਖੇ ਨਤਮਸਤਕ ਹੋਕੇ ਉਨ੍ਹਾਂ ਬੜੇ ਸਕੂਨ ਦਾ ਅਨੁਭਵ ਕੀਤਾ ਹੈ। ਉਨ੍ਹਾਂ ਕਿਹਾ ਕਿ ਐਨ.ਆਈ.ਐਸ. ਵਿਖੇ ਮਿਊਜ਼ੀਅਮ ਵਿੱਚ ਭਾਰਤੀ ਖਿਡਾਰੀਆਂ ਦੀਆ ਪ੍ਰਾਪਤੀਆਂ ਦੇਖਕੇ ਉਨ੍ਹਾਂ ਨੂੰ ਭਾਰਤੀ ਮੂਲ ਦੇ ਹੋਣ 'ਤੇ ਮਾਣ ਮਹਿਸੂਸ ਹੋਇਆ ਹੈ।

ਪੰਜਾਬੀ ਯੂਨੀਵਰਸਿਟੀ ਵਿਖੇ ਕਰਵਾਏ ਗਏ ਸਭਿਆਚਾਰਕ ਪ੍ਰੋਗਰਾਮ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਤੋਂ ਸਾਨੂੰ ਸਾਡੇ ਅਮੀਰ ਸਭਿਆਚਾਰ ਦੀ ਮਹਿਕ ਮਹਿਸੂਸ ਹੋਈ ਹੈ। ਨੌਜਵਾਨਾਂ ਨੇ ਗੱਲ ਕਰਦਿਆ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਇਹ ਉਪਰਾਲਾ ਸ਼ਲਾਘਾਯੋਗ ਹੈ ਕਿਉਂÎਕਿ ਜੇਕਰ ਅਸੀ ਇਕੱਲੇ-ਇਕੱਲੇ ਪੰਜਾਬ ਆਈਏ ਤਾਂ ਅਸੀਂ ਪੰਜਾਬ ਦੇ ਸਾਰੇ ਇਤਿਹਾਸਕ ਸਥਾਨਾਂ ਨੂੰ ਇਸ ਤਰਾਂ ਨਹੀਂ ਸੀ ਦੇਖ ਸਕਦੇ। ਉਨ੍ਹਾਂ ਕਿਹਾ ਕਿ ਸਾਨੂੰ ਹਰ ਇਤਿਹਾਸਕ ਸਥਾਨ ਦੇ ਇਤਿਹਾਸ ਤੋਂ ਜਾਣੂ ਕਰਵਾਇਆ ਜਾ ਰਿਹਾ ਹੈ ਜੋ ਕਿ ਇੱਕ ਚੰਗਾ ਉਪਰਾਲਾ ਹੈ।