ਸੋਲਰ ਪਾਵਰ ਪਲਾਂਟਾਂ ਜ਼ਰੀਏ ਵਾਤਾਵਰਨ ਸੰਭਾਲ ਵਿਚ ਮੋਹਾਲੀ ਜ਼ਿਲ੍ਹੇ ਦਾ ਅਹਿਮ ਯੋਗਦਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੂਬਾ ਸਰਕਾਰ ਵਲੋਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਿਹਤਮੰਦ ਤੇ ਪ੍ਰਦੂਸ਼ਣ ਮੁਕਤ ਵਾਤਾਵਰਨ ਦੇਣ ਦੇ ਉਦੇਸ਼ ਨਾਲ ਅਤੇ ਗ਼ੈਰ ਰਵਾਇਤੀ (ਸੋਲਰ ਐਨਰਜੀ) ਊਰਜਾ ਸਰੋਤਾਂ............

Officer giving information about the solar panels

ਐਸ.ਏ.ਐਸ. ਨਗਰ : ਸੂਬਾ ਸਰਕਾਰ ਵਲੋਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਿਹਤਮੰਦ ਤੇ ਪ੍ਰਦੂਸ਼ਣ ਮੁਕਤ ਵਾਤਾਵਰਨ ਦੇਣ ਦੇ ਉਦੇਸ਼ ਨਾਲ ਅਤੇ ਗ਼ੈਰ ਰਵਾਇਤੀ (ਸੋਲਰ ਐਨਰਜੀ) ਊਰਜਾ ਸਰੋਤਾਂ ਨੂੰ ਉਤਸ਼ਾਹ ਦੇਣ ਲਈ ਅਤੇ ਰਵਾਇਤੀ ਊਰਜਾ ਦੇ ਸਰੋਤਾਂ ਜਿਵੇਂ ਤੇਲ, ਕੋਲਾ, ਲੱਕੜ ਆਦਿ ਦੀ ਬੱਚਤ ਕਰਨ ਲਈ ਪੰਜਾਬ ਐਨਰਜੀ ਡਿਵੈਲਪਮੈਂਟ ਏਜੰਸੀ (ਪੇਡਾ) ਵਲੋਂ ਐਮ.ਐਨ.ਆਰ.ਈ. ਭਾਰਤ ਸਰਕਾਰ ਦੀ ਨੈੱਟ ਮੀਟਰਿੰਗ ਸਕੀਮ ਅਧੀਨ ਗਰਿੱਡ ਕਨੈਕਟਿਡ ਰੂਫ਼ ਟਾਪ ਸੋਲਰ ਪਾਵਰ ਪਲਾਂਟ ਲਗਵਾਏ ਜਾ ਰਹੇ ਹਨ।

ਹੁਣ ਤਕ ਜ਼ਿਲ੍ਹਾ ਐਸ.ਏ.ਐਸ. ਨਗਰ ਮੋਹਾਲੀ ਵਿਚ ਕੁਲ 14,135 ਕਿਲੋਵਾਟ ਸਮਰੱਥਾ ਦੇ ਸੋਲਰ ਪਾਵਰ ਪਲਾਂਟ ਲਗਵਾਏ ਜਾ ਚੁਕੇ ਹਨ। ਇਸ ਨਾਲ ਰੋਜ਼ਾਨਾ ਔਸਤਨ 56,544 ਯੂਨਿਟਸ ਬਿਜਲੀ ਤਿਆਰ ਹੋ ਰਹੀ ਹੈ, ਜਿਸ ਦੀ ਕੁਲ ਲਾਗਤ 4,24,080 ਰੁਪਏ ਬਣਦੀ ਹੈ। ਸੋਲਰ ਪਾਵਰ ਲਗਵਾਉਣ ਵਾਲੇ ਲਾਭਪਾਤਰੀ ਨੂੰ ਸਬਸਿਡੀ ਵੀ ਦਿਤੀ ਜਾਂਦੀ ਹੈ। ਇਹ ਸਬਸਿਡੀ ਸਿਰਫ਼ ਘਰੇਲੂ ਅਤੇ ਨਾਨ-ਪ੍ਰਾਫ਼ਿਟ ਸੰਸਥਾਵਾਂ ਵਲੋਂ ਲਗਾਏ ਗਏ ਇਕ ਕਿਲੋਵਾਟ ਤੋਂ 500 ਕਿਲੋਵਾਟ ਤਕ ਸਮਰੱਥਾ ਦੇ ਸੋਲਰ ਪਾਵਰ ਪਲਾਂਟਾਂ 'ਤੇ ਦਿਤੀ ਜਾਂਦੀ ਹੈ।

ਕੋਈ ਵੀ ਵਿਅਕਤੀ ਲਗਾ ਸਕਦਾ ਹੈ ਸੋਲਰ ਪਾਵਰ ਪਲਾਂਟ : ਪੇਡਾ ਦੇ ਸੀਨੀਅਰ ਜ਼ਿਲ੍ਹਾ ਮੈਨੇਜਰ ਸੁਰੇਸ਼ ਗੋਇਲ ਨੇ ਦਸਿਆ ਕਿ ਇਸ ਸਕੀਮ ਅਧੀਨ ਕੋਈ ਵੀ ਲਾਭਪਾਤਰੀ ਅਪਣੀ ਛੱਤ 'ਤੇ ਅਪਣੇ ਬਿਜਲੀ ਦੇ ਬਿਲ ਵਿਚ ਦਰਸਾਏ ਗਏ ਸੈਂਕਸ਼ਨਲ ਲੋਡ ਦਾ 80 ਪ੍ਰਤੀਸ਼ਤ ਸਮਰੱਥਾ ਦੇ ਬਰਾਬਰ ਸੋਲਰ ਪਾਵਰ ਪਲਾਂਟ ਲਗਵਾ ਸਕਦਾ ਹੈ। ਇਸ ਸਕੀਮ ਅਧੀਨ ਕੋਈ ਵੀ ਲਾਭਪਾਤਰੀ 1 ਕਿਲੋਵਾਟ ਤੋਂ ਲੈ ਕੇ 10 ਮੈਗਾਵਾਟ ਤਕ ਸਮਰੱਥਾ ਦਾ ਸੋਲਰ ਪਾਵਰ ਪਲਾਂਟ ਲਗਵਾ ਸਕਦਾ ਹੈ।

1 ਕਿਲੋਵਾਟ ਤੋਂ ਲੈ ਕੇ 10 ਕਿਲੋਵਾਟ ਤਕ ਦੇ ਸੋਲਰ ਪਲਾਂਟ ਤੇ 17325 ਰੁਪਏ ਪ੍ਰਤੀ ਕਿਲੋਵਾਟ ਸਬਸਿਡੀ ਦਿਤੀ ਜਾਂਦੀ ਹੈ। ਇਸੇ ਤਰ੍ਹਾਂ 10 ਤੋਂ ਜ਼ਿਆਦਾ ਅਤੇ 20 ਕਿਲੋਵਾਟ ਤਕ (16800 ਰੁਪਏ  ਪ੍ਰਤੀ ਕਿਲੋਵਾਟ), 20 ਤੋਂ ਜ਼ਿਆਦਾ ਤੇ 50 ਕਿਲੋਵਾਟ ਤਕ (16005 ਰੁਪਏ  ਪ੍ਰਤੀ ਕਿਲੋਵਾਟ), 50 ਤੋਂ ਜ਼ਿਆਦਾ ਤੇ 100 ਕਿਲੋਵਾਟ ਤਕ (14394.90 ਰੁਪਏ ਪ੍ਰਤੀ ਕਿਲੋਵਾਟ), 100 ਤੋਂ ਜ਼ਿਆਦਾ ਤੇ 500 ਕਿਲੋਵਾਟ ਤਕ 13797.30 ਰੁਪਏ  ਪ੍ਰਤੀ ਕਿਲੋਵਾਟ ਸਬਸਿਡੀ ਦਿਤੀ ਜਾਂਦੀ ਹੈ।