'ਮੇਰਾ ਪਿੰਡ ਮੇਰੀ ਸ਼ਾਨ' ਮੁਹਿੰਮ ਤਹਿਤ ਲੋਕ ਜਿੱਤ ਸਕਦੇ ਹਨ ਇਨਾਮ: ਡੀਸੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਆਰੰਭ ਕੀਤੀ 'ਮੇਰਾ ਪਿੰਡ, ਮੇਰੀ ਸ਼ਾਨ' ਮੁਹਿੰਮ ਨਾਲ ਜੁੜ ਕੇ ਪੰਜਾਬ ਦੇ ਲੋਕ..............

DC Dilraj Singh

ਮੋਗਾ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਆਰੰਭ ਕੀਤੀ 'ਮੇਰਾ ਪਿੰਡ, ਮੇਰੀ ਸ਼ਾਨ' ਮੁਹਿੰਮ ਨਾਲ ਜੁੜ ਕੇ ਪੰਜਾਬ ਦੇ ਲੋਕ ਜਿੱਥੇ ਆਪਣੇ ਪਿੰਡਾਂ ਨੂੰ ਸਾਫ਼-ਸੁਥਰਾ ਬਣਾ ਸਕਦੇ ਹਨ, ਉਥੇ ਸਰਕਾਰ ਵੱਲੋਂ ਜ਼ਿਲ੍ਹਾ ਪੱਧਰ 'ਤੇ ਯੂਥ ਕਲੱਬਾਂ ਅਤੇ ਵਿਅਕਤੀਗਤ ਸ਼੍ਰੇਣੀ ਵਿਚ ਇਨਾਮ ਵੀ ਦਿਤੇ ਜਾਣਗੇ। ਡੀਸੀ ਮੋਗਾ ਦਿਲਰਾਜ ਸਿੰਘ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਇਸ ਮੁਹਿੰਮ ਦਾ ਉਦੇਸ਼ ਲੋਕਾਂ ਦੀ ਆਪਣੇ ਪਿੰਡ ਦੀ ਸਾਫ਼-ਸਫਾਈ ਵਿਚ ਸ਼ਮੂਲੀਅਤ ਵਧਾਉਣਾ ਅਤੇ ਇਸ ਨੂੰ ਲੋਕ ਲਹਿਰ ਵਿਚ ਤਬਦੀਲ ਕਰਨਾ ਹੈ।

ਉਨ੍ਹਾਂ ਦਸਿਆ ਕਿ ਇਸ ਮੁਹਿੰਮ ਨਾਲ ਜੁੜਨ ਲਈ ਮੋਬਾਇਲ ਤੇ 'ਸਵੱਛ ਪੰਜਾਬ' ਮੋਬਾਇਲ ਐਪ ਡਾਊੁਨਲੋਡ ਕੀਤੀ ਜਾ ਸਕਦੀ ਹੈ। ਉਨ੍ਹਾਂ ਦਸਿਆ ਕਿ ਇਸ ਮੁਹਿੰਮ ਤਹਿਤ ਵੱਖ-ਵੱਖ ਮੁਕਾਬਲੇ ਹੋਣਗੇ, ਜਿੰਨ੍ਹਾਂ ਵਿੱਚ ਕੋਈ ਵੀ ਵਿਅਕਤੀ, ਐਨ.ਜੀ.ਓ., ਯੂਥ ਕਲੱਬ, ਮਹਿਲਾ ਮੰਡਲ, ਨਿਗਰਾਨ ਕਮੇਟੀ ਜਾਂ ਕੋਈ ਹੋਰ ਹਿੱਸਾ ਲੈ ਸਕਦਾ ਹੈ। ਉਨ੍ਹਾਂ ਦਸਿਆ ਕਿ ਇਸ ਮੁਹਿੰਮ ਤਹਿਤ ਕਰਵਾਏ ਜਾ ਰਹੇ ਆਨਲਾਈਨ ਸਰਵੇਖਣ ਅਧੀਨ ਪਿੰਡਾਂ ਦੀ ਕਰਵਾਈ ਜਾ ਰਹੀ ਸਾਫ਼-ਸਫ਼ਾਈ ਪੱਖੋਂ ਜ਼ਿਲ੍ਹੇ ਨੇ ਤੀਸਰਾ ਰੈਂਕ ਹਾਸਲ ਕੀਤਾ ਹੈ, ਜਦ ਕਿ ਪਹਿਲਾਂ 16ਵੇਂ ਸਥਾਨ 'ਤੇ ਸੀ।

ਦਿਲਰਾਜ ਸਿੰਘ ਨੇ ਦਸਿਆ ਕਿ ਇਸ ਮੁਹਿੰਮ ਤਹਿਤ ਜ਼ਿਲ੍ਹੇ ਦੇ ਸਭ ਤੋਂ ਸਾਫ਼ ਸੁਥਰੇ ਪਿੰਡ ਲਈ 2 ਲੱਖ ਰੁਪਏ, ਸਾਫ਼ ਸੁਥਰੀ ਆਂਗਣਬਾੜੀ ਲਈ 50 ਹਜ਼ਾਰ ਰੁਪਏ, ਸਵੱਛ ਪੇਂਡੂ ਸੀਨੀਅਰ ਸੈਕੰਡਰੀ ਸਕੂਲ ਲਈ 1 ਲੱਖ ਰੁਪਏ, ਪ੍ਰਾਇਮਰੀ ਅਤੇ ਮਿਡਲ ਸਕੂਲ ਲਈ 50 ਹਜ਼ਾਰ ਰੁਪਏ ਅਤੇ ਸਾਫ਼-ਸੁਥਰੇ ਦਿਹਾਤੀ ਸਿਹਤ ਕੇਂਦਰ ਲਈ 1 ਲੱਖ ਰੁਪਏ ਦਾ ਇਨਾਮ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ।ਇਸੇ ਤਰਾਂ ਵਿਅਕਤੀਗਤ ਸ਼੍ਰੇਣੀ ਵਿਚ ਸਭ ਤੋਂ ਵਧੀਆਂ ਕੰਮ ਕਰਨ ਵਾਲ ਨੂੰ 5000 ਰੁਪਏ ਦੇ ਇਨਾਮ ਦਿਤੇ ਜਾਣਗੇ। ਇਸ ਤੋਂ ਬਿਨ੍ਹਾਂ ਜਲ ਸਪਲਾਈ ਵਿਭਾਗ ਦੇ ਕਰਮਚਾਰੀਆਂ ਲਈ ਵੀ ਕੁੱਝ ਹੋਰ ਇਨਾਮ ਹਨ।

ਇਸ ਤੋਂ ਬਿਨ੍ਹਾਂ ਐਨ.ਜੀ.ਓ., ਯੁਵਾ ਗਰੁੱਪ, ਸੋਸਾਇਟੀਆਂ, ਮਹਿਲਾ ਮੰਡਲਾਂ ਲਈ ਵੀ ਹਰੇਕ ਬਲਾਕ ਅਤੇ ਜ਼ਿਲ੍ਹੇ ਵਿੱਚੋਂ ਇੱਕ-ਇੱਕ ਇਨਾਮ ਦਿਤਾ ਜਾਣਾ ਹੈ ਅਤੇ ਇਹ ਇਨਾਮ 2 ਅਕਤੂਬਰ ਨੂੰ ਦਿਤੇ ਜਾਣਗੇ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਇਸ ਮੁਹਿੰਮ ਵਿਚ ਵੱਧ ਚੜ੍ਹ ਕੇ ਭਾਗ ਲੈਣ ਦਾ ਸੱਦਾ ਦਿੰਦਿਆਂ ਕਿਹਾ ਕਿ ਇਸ ਨਾਲ ਜੁੜ ਕੇ ਅਸੀਂ ਆਪਣੇ ਪਿੰਡਾਂ ਨੂੰ ਸਾਫ਼-ਸੁਥਰਾ ਰੱਖ ਸਕਦੇ ਹਾਂ। ਉਨ੍ਹਾਂ ਸਮੂਹ ਵਿਭਾਗਾਂ ਨੂੰ ਵੀ ਇਸ ਸਕੀਮ ਨੂੰ ਅਸਰਦਾਰ ਢੰਗ ਨਾਲ ਪਿੰਡਾਂ ਵਿਚ ਲਾਗੂ ਕਰਨ ਦੀ ਹਦਾਇਤ ਕੀਤੀ।