ਐਕਟਿਵਾ ਸਵਾਰ ਨੌਜਵਾਨ ਤੋਂ ਖੋਹੇ 2 ਲੱਖ 70 ਹਜ਼ਾਰ, ਲੁਟੇਰੇ ਫ਼ਰਾਰ
ਸਮਰਾਲਾ ਵਿਚ ਮੋਟਰਸਾਈਕਲ ਸਵਾਰ ਤਿੰਨ ਲੁਟੇਰਿਆਂ ਨੇ ਸਨਿਚਰਵਾਰ ਨੂੰ ਦੇਰ ਰਾਤ ਐਕਟਿਵਾ 'ਤੇ ਅਪਣੇ ਘਰ ਵਾਪਸ ਆ ਰਹੇ ਇਕ ਮਨੀ ਐਕਸਚੇਂਜ਼ਰ ਦਾ ਕੰਮ ਕਰਦੇ ...
ਸਮਰਾਲਾ, 9 ਅਗੱਸਤ (ਜਤਿੰਦਰ ਰਾਜੂ): ਸਮਰਾਲਾ ਵਿਚ ਮੋਟਰਸਾਈਕਲ ਸਵਾਰ ਤਿੰਨ ਲੁਟੇਰਿਆਂ ਨੇ ਸਨਿਚਰਵਾਰ ਨੂੰ ਦੇਰ ਰਾਤ ਐਕਟਿਵਾ 'ਤੇ ਅਪਣੇ ਘਰ ਵਾਪਸ ਆ ਰਹੇ ਇਕ ਮਨੀ ਐਕਸਚੇਂਜ਼ਰ ਦਾ ਕੰਮ ਕਰਦੇ ਵਿਅਕਤੀ ਨੂੰ ਰਾਹ ਵਿਚ ਘੇਰ ਕੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਉਸ ਦੀ ਐਕਟਿਵਾ ਜਿਸ ਵਿਚ ਕਰੀਬ 2 ਲੱਖ 70 ਹਜ਼ਾਰ ਰੁਪਏ ਦੀ ਨਕਦੀ ਸੀ ਖੋਹ ਕੇ ਫ਼ਰਾਰ ਹੋ ਗਏ। ਲੁੱਟ ਦੀ ਇਸ ਘਟਨਾ ਸਬੰਧੀ ਸੂਚਨਾ ਸਥਾਨਕ ਪੁਲਿਸ ਨੂੰ ਦਿਤੀ ਗਈ। ਇਸ ਘਟਨਾ ਤੋਂ ਬਾਅਦ ਲੋਕਾਂ ਅੰਦਰ ਡਰ ਭੈਅ ਦਾ ਮਾਹੌਲ ਬਣਿਆ ਹੋਇਆ ਹੈ। ਲੁੱਟ ਦਾ ਸ਼ਿਕਾਰ ਹੋਏ ਨਰੇਸ਼ ਕੁਮਾਰ ਨੂੰ ਜ਼ਖ਼ਮੀ ਹਾਲਤ ਵਿਚ ਸਥਾਨਕ ਸਿਵਲ ਹਸਪਤਾਲ ਲਿਜਾਇਆ ਗਿਆ।
ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਨਰੇਸ਼ ਕੁਮਾਰ ਅਤੇ ਉਸ ਦਾ ਪੁੱਤਰ ਜੋਕਿ ਵੈਸਟਨ ਯੂਨੀਅਨ ਅਤੇ ਮਨੀ ਐਕਸਚੇਂਜ਼ ਦਾ ਕੰਮ ਕਰਦੇ ਹਨ, ਜਿਨ੍ਹਾਂ ਦਾ ਦਫ਼ਤਰ ਮੇਨ ਬਾਜ਼ਾਰ ਵਿਚ ਹੈ, ਅਪਣਾ ਦਫ਼ਤਰ ਬੰਦ ਕਰ ਕੇ ਘਰ ਜਾ ਰਹੇ ਸਨ। ਇਸ ਦੌਰਾਨ ਨਰੇਸ਼ ਕੁਮਾਰ ਅਪਣੀ ਐਕਟਿਵਾ, ਜਿਸ ਦੀ ਡਿੱਗੀ ਵਿਚ ਕਰੀਬ 2 ਲੱਖ 70 ਹਜ਼ਾਰ ਰੁਪਏ ਦੀ ਨਕਦੀ ਰੱਖੀ ਹੋਈ ਸੀ ਤੇ ਸਵਾਰ ਹੋਕੇ ਜਿਵੇਂ ਹੀ ਅਪਣੇ ਘਰ ਦੇ ਨੇੜੇ ਪੁੱਜਾ ਤਾਂ ਮੋਟਰਸਾਈਕਲ ਸਵਾਰ ਤਿੰਨ ਲੁਟੇਰਿਆਂ ਨੇ ਉਸ ਨੂੰ ਘੇਰ ਲਿਆ। ਇਨ੍ਹਾਂ ਲੁਟੇਰਿਆਂ ਨੇ ਨਰੇਸ਼ ਕੁਮਾਰ 'ਤੇ ਦਾਤ ਨਾਲ ਹਮਲਾ ਵੀ ਕੀਤਾ ਅਤੇ ਉਸ ਦੀ ਐਕਟਿਵਾ ਲੈ ਕੇ ਫ਼ਰਾਰ ਹੋ ਗਏ, ਜਿਸ ਵਿਚ ਇਹ ਨਕਦੀ ਰੱਖੀ ਹੋਈ ਸੀ।
ਜ਼ਖਮੀ ਰੂਪ 'ਚ ਨਰੇਸ਼ ਕੁਮਾਰ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਕਿ ਉਸ ਦੀ ਹਾਲਤ ਠੀਕ ਹੈ। ਘਟਨਾ ਦਾ ਪਤਾ ਲਗਦੇ ਹੀ ਡੀ.ਐਸ.ਪੀ. ਸਮਰਾਲਾ ਜਸਵਿੰਦਰ ਸਿੰਘ ਚਾਹਲ ਅਤੇ ਥਾਣਾ ਮੁਖੀ ਇੰਸਪੈਕਟਰ ਸਿੰਕਦਰ ਸਿੰਘ ਮੌਕੇ 'ਤੇ ਪੁੱਜੇ ਅਤੇ ਆਸ-ਪਾਸ ਦੇ ਘਰਾਂ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ਼ ਦੇ ਆਧਾਰ 'ਤੇ ਲੁਟੇਰਿਆਂ ਨੂੰ ਕਾਬੂ ਕਰਨ ਲਈ ਪੂਰੇ ਇਲਾਕੇ ਵਿਚ ਨਾਕਾਬੰਦੀ ਕਰ ਦਿਤੀ ਗਈ। ਸਮਰਾਲਾ ਇਲਾਕੇ ਦੇ ਲੋਕਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਲੁਟੇਰਿਆਂ ਤੇ ਹੋਰ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਈ ਜਾਵੇ।