ਜੇ ਕੰਮ ਨਹੀਂ ਕਰਨਾ ਤਾਂ ਨੁਕਤਾਚੀਨੀ ਝਲਣੀ ਸਿੱਖੋ 'ਰਾਜਾ ਸਾਹਿਬ' : ਮਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮਜੀਠੀਆ ਅਤੇ ਬਾਦਲ ਪ੍ਰਵਾਰ ਦੀ ਸੁਰੱਖਿਆ ਛਤਰੀ ਬਾਰੇ ਵੀ ਲੋਕਾਂ ਨੂੰ ਸਪੱਸ਼ਟ ਕਰਨ ਮੁੱਖ ਮੰਤਰੀ

Bhagwant Mann

ਚੰਡੀਗੜ੍ਹ, 9 ਅਗੱਸਤ (ਨੀਲ ਭਲਿੰਦਰ) : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ 'ਇਕ ਤਾਨਾਸ਼ਾਹੀ ਰਾਜਾ' ਕਰਾਰ ਦਿੰਦਿਆਂ ਕਿਹਾ ਕਿ ਹਿਟਲਰ ਦੀ ਤਰ੍ਹਾਂ ਅਮਰਿੰਦਰ ਸਿੰਘ ਕੋਲੋਂ ਵੀ ਅਪਣੀ ਨੁਕਤਾਚੀਨੀ ਝੱਲੀ ਨਹੀਂ ਜਾਂਦੀ। ਇਹੋ ਕਾਰਨ ਹੈ ਕਿ ਜੋ ਵੀ ਅਮਰਿੰਦਰ ਸਰਕਾਰ ਦੀ ਭ੍ਰਿਸ਼ਟ, ਨਿਕੰਮੀ ਅਤੇ ਮਾਫ਼ੀਆ ਪ੍ਰਸਤ ਕਾਰਜਸ਼ੈਲੀ ਦੀ ਆਲੋਚਨਾ ਕਰਦਾ ਹੈ, 'ਰਾਜਾਸ਼ਾਹੀ' ਸਰਕਾਰ ਉਸ ਵਿਰੁਧ ਹਰ ਹੱਦ ਤਕ ਜਾਂਦੀ ਹੈ, ਭਾਵੇਂ ਉਹ ਉਨ੍ਹਾਂ ਦੀ ਅਪਣੀ ਪਾਰਟੀ ਦੇ ਸੀਨੀਅਰ ਲੀਡਰ ਹੀ ਕਿਉਂ ਨਾ ਹੋਣ।

ਐਤਵਾਰ ਨੂੰ ਪਾਰਟੀ ਹੈੱਡਕੁਆਰਟਰ ਤੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਕਿਹਾ ਕਿ ਕਾਂਗਰਸੀ ਰਾਜ ਸਭਾ ਮੈਬਰਾਂ ਅਤੇ ਪੰਜਾਬ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ, ਸ਼ਮਸ਼ੇਰ ਸਿੰਘ ਦੂਲੋਂ ਅਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਵਿਚਕਾਰ ਬੇਸ਼ੱਕ ਕੁਰਸੀ ਨੂੰ ਲੈ ਕੇ ਅੰਦਰੂਨੀ ਜੰਗ ਛਿੜੀ ਹੋਈ ਹੈ। ਇਸ ਨੂੰ ਕਾਂਗਰਸ ਦਾ ਅੰਦਰੂਨੀ ਮਾਮਲਾ ਕਹਿ ਸਕਦੇ ਹਾਂ, ਪਰ ਬਾਜਵਾ ਅਤੇ ਦੂਲੋਂ ਮੁੱਖ ਮੰਤਰੀ ਦੀ ਨਾਕਾਬਲ, ਭ੍ਰਿਸ਼ਟ ਅਤੇ ਰਾਜਾਸ਼ਾਹੀ ਕਾਰਜਸ਼ੈਲੀ ਬਾਰੇ ਜੋ ਦੋਸ਼ ਲਗਾ ਰਹੇ ਹਨ ਆਮ ਆਦਮੀ ਪਾਰਟੀ ਸ਼ੁਰੂ ਤੋਂ ਹੀ ਇਹ ਗੱਲਾਂ ਜ਼ਿੰਮੇਵਾਰੀ ਨਾਲ ਕਹਿੰਦੀ ਆ ਰਹੀ ਹੈ।

ਭਗਵੰਤ ਮਾਨ ਨੇ ਕਿਹਾ, ''ਰਾਜਾ ਸਾਹਿਬ ਨੂੰ ਵੀ ਪਤਾ ਲੱਗ ਚੁਕਾ ਹੈ ਕਿ ਬਾਦਲਾਂ ਵਾਂਗ ਲੋਕਾਂ ਦੇ ਪੂਰੀ ਤਰ੍ਹਾਂ ਨਕੋਂ-ਬੁਲੋਂ ਉਤਰ ਚੁਕੇ ਹਨ। ਇਸ ਲਈ ਜਾਂਦੇ-ਜਾਂਦੇ ਜੋ ਲੁੱਟ-ਖਸੁੱਟ, ਐਸ਼ੋ-ਆਰਾਮ ਅਤੇ ਤਾਨਾਸ਼ਾਹੀ  ਹੁੰਦੀ ਹੈ, ਕਰ ਲਈ ਜਾਵੇ।'' ਭਗਵੰਤ ਮਾਨ ਨੇ ਨਾਲ ਹੀ ਤੰਜ ਕੱਸਿਆ ਕਿ ਜੇ ਮੁੱਖ ਮੰਤਰੀ ਨੇ ਕੰਮ ਹੀ ਨਹੀਂ ਕਰਨਾ ਤਾਂ ਉਹ ਅਪਣੀ ਨੁਕਤਾਚੀਨੀ ਝੱਲਣਾ ਸਿੱਖਣ।

ਭਗਵੰਤ ਮਾਨ ਨੇ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਕੋਲੋਂ ਕੇਂਦਰ ਸਰਕਾਰ ਵਲੋਂ ਸੁਰੱਖਿਆ ਦਿਤੀ ਹੋਣ ਦੇ ਬਹਾਨੇ ਨਾਲ ਜਿਵੇਂ ਪੰਜਾਬ ਪੁਲਿਸ ਦੀ ਸੁਰੱਖਿਆ ਛਤਰੀ ਖੋਹ ਲਈ ਗਈ ਹੈ, ਇਹ ਪੈਮਾਨਾ ਬਾਦਲ ਪਰਵਾਰ ਅਤੇ ਬਿਕਰਮ ਸਿੰਘ ਮਜੀਠੀਆ ਵਰਗੇ ਹੋਰ ਆਗੂਆਂ 'ਤੇ ਕਿਉਂ ਨਹੀਂ ਲਾਗੂ ਹੋ ਸਕਦਾ ਜਿਨ੍ਹਾਂ ਕੋਲ ਵੱਡੀ ਗਿਣਤੀ 'ਚ ਕੇਂਦਰੀ ਸੁਰੱਖਿਆ ਏਜੰਸੀਆਂ ਅਤੇ ਪੰਜਾਬ ਪੁਲਿਸ ਦੀ ਸੁਰੱਖਿਆ ਛਤਰੀ ਹੈ।  ਭਗਵੰਤ ਮਾਨ ਨੇ ਮੁੱਖ ਮੰਤਰੀ ਕੋਲੋਂ ਮੰਗ ਕੀਤੀ ਕਿ ਉਹ ਮਜੀਠੀਆ ਅਤੇ ਬਾਦਲ ਪਰਵਾਰ ਦੀ ਸੁਰੱਖਿਆ ਛਤਰੀ ਬਾਰੇ ਪੰਜਾਬ ਦੇ ਲੋਕਾਂ ਨੂੰ ਸਪੱਸ਼ਟੀਕਰਨ ਦੇਣ।